ਮੌੜ ਮੰਡੀ(ਪ੍ਰਵੀਨ)-ਬੀਤੇ ਦਿਨ ਮੌੜ ਖੁਰਦ ਵਿਖੇ ਇਕ ਵਿਅਕਤੀ ਦੇ ਗੋਲੀ ਮਾਰਨ ਦੇ ਦੋਸ਼ਾਂ ਤਹਿਤ ਵਣ ਵਿਭਾਗ ਦੇ ਦਰੋਗੇ ਅਤੇ ਬਲਾਕ ਅਫ਼ਸਰ ਸਮੇਤ ਪੰਜ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੌੜ ਤੋਂ ਮਿਲੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਮੌੜ ਖੁਰਦ ਬੀਤੇ ਦਿਨ ਕੋਟਲਾ ਬਰਾਂਚ ਨਹਿਰ 'ਤੇ ਆਪਣੇ ਸਾਥੀਆਂ ਨਾਲ ਅੱਗ ਸੇਕ ਰਿਹਾ ਸੀ ਤੇ ਨਹਿਰ ਦੇ ਦੂਸਰੇ ਪਾਸੇ ਵਣ ਵਿਭਾਗ ਦਾ ਮੁਲਾਜ਼ਮ ਪੰਜਾਬ ਸਿੰਘ ਵਾਸੀ ਸੰਦੋਹਾ ਕੁਲਵਿੰਦਰ ਸਿੰਘ ਵਾਸੀ ਮੌੜ ਖੁਰਦ ਨਾਲ ਗਾਲੀ-ਗਲੋਚ ਕਰ ਰਿਹਾ ਸੀ। ਇਸ ਦੌਰਾਨ ਦਲਜੀਤ ਸਿੰਘ ਨੇ ਉਨ੍ਹਾਂ ਕੋਲ ਜਾ ਕੇ ਝਗੜਾ ਖਤਮ ਕਰਵਾ ਦਿੱਤਾ। ਇਸ ਉਪਰੰਤ ਪੰਜਾਬ ਸਿੰਘ ਫਿਰ ਉਨ੍ਹਾਂ ਕੋਲ ਆ ਕੇ ਧਮਕੀਆਂ ਦੇਣ ਲੱਗ ਪਿਆ ਤੇ ਹੋਰ ਵਿਅਕਤੀਆਂ ਨੂੰ ਉਥੇ ਬੁਲਾ ਲਿਆ, ਜਿਨ੍ਹਾਂ 'ਚ ਜੰਗਲਾਤ ਵਿਭਾਗ ਦਾ ਬਲਾਕ ਅਫ਼ਸਰ ਸਵਰਨ ਸਿੰਘ, ਦਰੋਗਾ ਭੂਸ਼ਣ ਕੁਮਾਰ ਅਤੇ ਦੋ ਹੋਰ ਵਿਅਕਤੀ ਮੌਜੂਦ ਸਨ। ਇਸ ਦੌਰਾਨ ਪੰਜਾਬ ਸਿੰਘ ਦੇ ਕਹਿਣ 'ਤੇ ਸਵਰਨ ਸਿੰਘ ਨੇ ਦਲਜੀਤ ਸਿੰਘ 'ਤੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ, ਗੋਲੀ ਉਸ ਦੇ ਮੌਢੇ 'ਤੇ ਲੱਗੀ। ਰੌਲਾ ਪੈਣ 'ਤੇ ਉਥੇ ਲੋਕ ਇਕੱਠੇ ਹੋ ਗਏ, ਜਿਸ ਨੂੰ ਦੇਖ ਕੇ ਉਕਤ ਪੰਜੇ ਵਿਅਕਤੀ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮੌੜ ਦੀ ਪੁਲਸ ਨੇ ਦਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੰਜਾਬ ਸਿੰਘ, ਸਵਰਨ ਸਿੰਘ, ਭੂਸ਼ਣ ਕੁਮਾਰ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਧਾਰ ਲੀਕੇਜ ਮਾਮਲੇ 'ਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਅਮਰਿੰਦਰ ਵਰ੍ਹੇ ਕੇਂਦਰ 'ਤੇ
NEXT STORY