ਮੁੱਦਕੀ, (ਹੈਪੀ)— ਥਾਣਾ ਘੱਲ ਖੁਰਦ ਦੀ ਪੁਲਸ ਵੱਲੋਂ ਗੁਰਤੇਜ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਮੁੱਦਕੀ ਦੇ ਬਿਆਨਾਂ ਦੇ ਆਧਾਰ 'ਤੇ ਸੁਖਚੈਨ ਸਿੰਘ ਖੋਸਾ ਪੁੱਤਰ ਰੁਲੀਆ ਸਿੰਘ, ਨਿਰਮਲ ਸਿੰਘ ਤੇ ਸੋਹਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਮੁੱਦਕੀ ਅਤੇ 8-10 ਹੋਰ ਲੋਕਾਂ 'ਤੇ ਹੱਤਿਆ ਦੀ ਕੋਸ਼ਿਸ਼ ਦੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁਰਤੇਜ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਕਿਸੇ ਮਾਮਲੇ ਨੂੰ ਲੈ ਕੇ ਉਸਦਾ ਸੁਖਚੈਨ ਸਿੰਘ ਨਾਲ ਮਤਭੇਦ ਚੱਲ ਰਿਹਾ ਸੀ ਕਿ 10 ਸਤੰਬਰ ਦੀ ਸ਼ਾਮ ਨੂੰ ਉਸ ਨਾਲ ਸਮਝੌਤੇ ਲਈ ਉਹ ਜਾ ਰਿਹਾ ਸੀ ਤਾਂ ਰਸਤੇ 'ਚ ਉਕਤ ਦੋਸ਼ੀਆਂ ਨੇ ਉਸਨੂੰ ਘੇਰ ਲਿਆ। ਉਸਦੀ ਕਾਰ ਦੀ ਤੋੜ-ਭੰਨ ਕਰ ਦਿੱਤੀ ਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।
ਗੁਰਤੇਜ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਜਾਨ ਬਚਾਅ ਕੇ ਭੱਜ ਨਿਕਲਿਆ ਤੇ ਇਲਾਜ ਲਈ ਆਪਣੇ ਕਿਸੇ ਹੋਰ ਸਾਥੀ ਨਾਲ ਜਦ ਉਹ ਫ਼ਿਰੋਜ਼ਸ਼ਾਹ ਦੇ ਹਸਪਤਾਲ ਵੱਲ ਜਾ ਰਿਹਾ ਸੀ ਤਾਂ ਪਤਲੀ ਰੋਡ 'ਤੇ ਦੋ ਗੱਡੀਆਂ 'ਚ ਸਵਾਰ ਹੋ ਕੇ ਆਏ ਉਕਤ ਦੋਸ਼ੀਆਂ ਨੇ ਫਿਰ ਉਸਨੂੰ ਘੇਰ ਲਿਆ ਤੇ ਉਸ ਉੱਪਰ ਦੋ ਗੋਲੀਆਂ ਚਲਾਈਆਂ ਜਿਨ੍ਹਾਂ 'ਚੋਂ ਇਕ ਗੋਲੀ ਉਸਦੀ ਕਾਰ ਦੀ ਡਿੱਕੀ ਵਿਚ ਲੱਗੀ। ਇਥੋਂ ਵੀ ਉਹ ਬੜੀ ਮੁਸ਼ਕਲ ਨਾਲ ਜਾਨ ਬਚਾਅ ਕੇ ਨਿਕਲਿਆ। ਉਸਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਦਾਖਲ ਹੋਣਾ ਪਿਆ। ਪੁਲਸ ਨੇ ਕੱਲ ਦੇਰ ਸ਼ਾਮ ਸਮੇਂ ਗੁਰਤੇਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਗੌੜੀ ਮਹਿਲਾ ਕਾਬੂ
NEXT STORY