ਲੁਧਿਆਣਾ(ਪੰਕਜ)–ਆਨਲਾਈਨ ਸ਼ਾਪਿੰਗ ਕਰਵਾਉਣ ਵਾਲੀ ਕੰਪਨੀ ਦਾ ਕਰਿੰਦਾ ਹੀ ਪਿਛਲੇ ਲੰਮੇ ਸਮੇਂ ਤੋਂ ਕੰਪਨੀ ਨੂੰ ਚੂਨਾ ਲਾ ਰਿਹਾ ਸੀ। ਵਾਰ-ਵਾਰ ਉਪਭੋਗਤਾ ਦਾ ਪਤਾ ਨਾ ਮਿਲਣ ਅਤੇ ਵਾਪਸ ਆਏ ਸ਼ਾਪਿੰਗ ਪਾਰਸਲ ਤੋਂ ਮੋਬਾਇਲ ਦੀ ਜਗ੍ਹਾ ਸਾਬਣ ਦੀ ਟਿੱਕੀ ਨਿਕਲਣ ਤੋਂ ਪ੍ਰੇਸ਼ਾਨ ਕੰਪਨੀ ਦੀ ਸ਼ਿਕਾਇਤ 'ਤੇ ਪੁਲਸ ਵੱਲੋਂ ਹਿਰਾਸਤ 'ਚ ਲਏ ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾਪੁਰੀ ਦੇ ਬਰੋਟਾ ਰੋਡ 'ਤੇ ਦੇਸ਼-ਵਿਦੇਸ਼ 'ਚ ਆਨਲਾਈਨ ਡਲਿਵਰੀ ਕਰਨ ਵਾਲੀ ਕੈਰੀਅਰ ਸਰਵਿਸ ਕੰਪਨੀ ਹੈ। ਮਹਿੰਗੇ ਇਲੈਕਟ੍ਰਾਨਿਕ ਗੁਡਜ਼ ਖਾਸ ਕਰ ਕੇ ਮੋਬਾਇਲ ਫੋਨਾਂ ਦੇ ਦੀਵਾਨੇ ਗਾਹਕਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਕੰਪਨੀ ਤੋਂ ਆਨ ਲਾਈਨ ਸ਼ਾਪਿੰਗ ਕੀਤੀ ਜਾ ਰਹੀ ਸੀ ਪਰ ਕੰਪਨੀ ਵੱਲੋਂ ਭੇਜੇ ਪਾਰਸਲ ਪਤਾ ਨਾ ਮਿਲਣ 'ਤੇ ਜਦ ਵਾਪਸ ਮੁੰਬਈ ਸਥਿਤ ਮੁੱਖ ਦਫਤਰ ਪਹੁੰਚਦੇ ਅਤੇ ਉਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਜਾਂਦਾ ਤਾਂ ਉਸ 'ਚ ਮੋਬਾਇਲ ਫੋਨ ਦੀ ਜਗ੍ਹਾ ਸਾਬਣ ਦੀ ਟਿੱਕੀ ਨਿਕਲਦੀ ਦੇਖ ਕੰਪਨੀ ਪ੍ਰਬੰਧਕ ਹੈਰਾਨ ਰਹਿ ਜਾਂਦੇ, ਇਹ ਸਿਲਸਿਲਾ ਕਈ ਮਹੀਨਿਆਂ ਤੱਕ ਚਲਦਾ ਰਿਹਾ। ਆਖਿਰਕਾਰ ਜਾਂਚ-ਪੜਤਾਲ ਕਰਨ 'ਤੇ ਕੰਪਨੀ ਪ੍ਰਬੰਧਕਾਂ ਨੂੰ ਪਤਾ ਲੱਗਾ ਕਿ ਵਾਪਸ ਆਉਣ ਵਾਲੇ ਸਾਰੇ ਪਾਰਸਲ ਸ਼ਿਮਲਾਪੁਰੀ ਇਲਾਕੇ ਨਾਲ ਸਬੰਧਤ ਹਨ, ਜਿਸ 'ਤੇ ਉਨ੍ਹਾਂ ਨੇ ਪਾਰਸਲ ਡਲਿਵਰੀ ਕਰਨ ਵਾਲੀ ਫਰਮ ਨਾਲ ਸੰਪਰਕ ਕਰ ਕੇ ਗੋਲਮਾਲ 'ਤੇ ਨਜ਼ਰ ਰੱਖਣ ਦੀ ਹਿਦਾਇਤ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਬਣ ਦੀ ਟਿੱਕੀ ਵਾਲੇ ਵਾਪਸ ਪਹੁੰਚੇ ਪਾਰਸਲ ਇਕ ਹੀ ਕਰਿੰਦੇ ਨੂੰ ਡਲਿਵਰੀ ਲਈ ਦਿੱਤੇ ਗਏ ਸਨ। ਸ਼ੱਕ ਪੈਣ 'ਤੇ ਕੰਪਨੀ ਨੇ ਜਦ ਉਕਤ ਕਰਿੰਦੇ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਤਾਂ ਉਸ ਨੇ ਸਾਰਾ ਭੇਤ ਖੋਲ੍ਹ ਦਿੱਤਾ। ਦੋਸ਼ੀ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਕਿ ਉਹ ਖੁਦ ਹੀ ਗਾਹਕ ਬਣ ਕੇ ਆਨਲਾਈਨ ਸ਼ਾਪਿੰਗ ਕਰ ਕੇ ਮੋਬਾਇਲ ਫੋਨ ਦਾ ਆਰਡਰ ਦਿੰਦਾ ਸੀ, ਪਾਰਸਲ ਆਉਣ 'ਤੇ ਉਸ ਨੂੰ ਡਲਿਵਰੀ ਲਈ ਭੇਜਿਆ ਜਾਂਦਾ ਸੀ। ਉਹ ਮੌਕਾ ਪਾ ਪਾਰਸਲ ਤੋਂ ਮੋਬਾਇਲ ਕੱਢ ਸਾਬਣ ਦੀ ਟਿੱਕੀ ਰੱਖ ਕੇ ਪਾਰਸਲ ਇਹ ਰਿਪੋਰਟ ਕਰ ਕੇ ਕੰਪਨੀ ਨੂੰ ਵਾਪਸ ਭੇਜ ਦਿੰਦਾ ਸੀ ਕਿ ਗਾਹਕ ਦਾ ਪਤਾ ਉਪਲੱਬਧ ਨਹੀਂ ਹੋਇਆ।
ਪੁਲਸ ਜਾਂਚ 'ਚ ਹੁਣ ਤੱਕ ਇਹ ਸਾਹਮਣੇ ਆਇਆ ਕਿ ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਭੱਟੀਆ ਇਲਾਕੇ 'ਚ ਰਹਿਣ ਵਾਲੇ ਇਸ ਦੋਸ਼ੀ ਨੇ ਇਕ ਦਰਜਨ ਦੇ ਕਰੀਬ ਮੋਬਾਇਲ ਫੋਨ ਦਾ ਗੋਲਮਾਲ ਕੀਤਾ ਹੈ ਅਤੇ ਅੱਗੇ ਇਨ੍ਹਾਂ ਨੂੰ ਮਾਤਾ ਰਾਣੀ ਚੌਕ ਸਥਿਤ ਇਕ ਦੁਕਾਨਦਾਰ ਨੂੰ ਸਸਤੇ ਮੁੱਲ 'ਤੇ ਵੇਚਿਆ ਸੀ। ਜਾਂਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜਲਦੀ ਹੀ ਦੋਸ਼ੀ ਤੋਂ ਮੋਬਾਇਲ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾਵੇਗਾ।
ਪੰਜਾਬ 'ਚ 10 ਸਾਲਾਂ ਦੌਰਾਨ 4000 ਕਿਸਾਨਾਂ ਤੇ 3000 ਮਜ਼ਦੂਰਾਂ ਨੇ ਕੀਤੀਆਂ ਖੁਦਕੁਸ਼ੀਆਂ
NEXT STORY