ਲੁਧਿਆਣਾ(ਰਾਮ ਗੁਪਤਾ)-ਇਕ ਵਿਅਕਤੀ ਨੇ ਆਪਣੇ ਹੀ ਪਾਰਟਨਰਾਂ ਦੇ ਖਿਲਾਫ ਥਾਣਾ ਜਮਾਲਪੁਰ ਦੀ ਪੁਲਸ ਨੂੰ ਧਮਕੀਆਂ ਦੇਣ ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਦੇਹੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਿਸ 'ਤੇ ਪੁਲਸ ਨੇ ਬਾਪ-ਬੇਟੇ ਸਮੇਤ ਚਾਰ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ 33 ਫੁੱਟ ਰੋਡ ਦੀ ਘਈ ਮਾਰਕੀਟ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਉਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦੀ ਚੀਮਾ ਚੌਕ ਇੰਡਸਟਰੀ ਏਰੀਏ 'ਚ ਸੁਪਰੀਮ ਟੈਕਸਸ ਮਾਰਟ ਲਿਮਟਿਡ ਦੇ ਨਾਂ 'ਤੇ ਇਕ ਫਰਮ ਹੈ। ਜਦਕਿ ਉਸਦਾ ਸੰਜੈ ਮਹਿਰਾ ਪੁੱਤਰ ਅਸ਼ੋਕ ਮਹਿਰਾ ਤੇ ਉਸਦੇ ਬੇਟੇ ਜਸ਼ਨ ਮਹਿਰਾ ਨਾਲ ਧਾਗੇ ਦਾ ਬਿਜ਼ਨੈੱਸ ਚਲਦਾ ਹੈ। ਉਸ ਨੇ ਉਕਤ ਦੋਵਾਂ ਬਾਪ-ਬੇਟੇ ਪਾਸੋਂ 2 ਕਰੋੜ 11 ਲੱਖ ਰੁਪਏ ਕਥਿਤ ਰੂਪ ਨਾਲ ਲੈਣੇ ਸਨ। ਲਗਭਗ 6 ਮਹੀਨੇ ਪਹਿਲਾਂ ਜਦੋਂ ਉਹ ਰਾਧਾ ਸਵਾਮੀ ਰੋਡ 'ਤੇ ਉਨ੍ਹਾਂ ਪਾਸੋਂ ਆਪਣੇ ਪੈਸੇ ਲੈਣ ਲਈ ਗਿਆ ਤਾਂ ਉਨ੍ਹਾਂ ਨੇ ਪੈਸੇ ਦੇਣ ਦੀ ਜਗ੍ਹਾ 'ਤੇ ਆਪਣੇ ਦੋ ਹੋਰ ਅਣਪਛਾਤੇ ਸਾਥੀਆਂ ਦੇ ਨਾਲ ਮਿਲਕੇ ਕਥਿਤ ਤੌਰ 'ਤੇ ਧਮਕੀਆਂ ਦਿੰਦੇ ਹੋਏ ਜ਼ਬਰਦਸਤੀ ਦਫਤਰ ਤੋਂ ਬਾਹਰ ਕੱਢ ਦਿੱਤਾ। ਜਿਸ ਤਰ੍ਹਾਂ ਉਕਤ ਵਿਅਕਤੀਆਂ ਨੇ ਅਜਿਹਾ ਕਰ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜੋਗਿੰਦਰ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਦੌਰਾਨ ਉਸਦੇ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਦੋਵਾਂ ਬਾਪ-ਬੇਟੇ ਸਮੇਤ ਚਾਰ ਲੋਕਾਂ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਦੀ ਅੱਗੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਕੱਲ ਤੋਂ ਬੰਦ
NEXT STORY