ਮੋਹਾਲੀ (ਕੁਲਦੀਪ) : ਡਿਸਟ੍ਰਿਕਟ ਕੰਜ਼ਿਊਮਰ ਰਿਡਰੈਸਲ ਫੋਰਮ ਮੋਹਾਲੀ ਨੇ ਦੋ ਵੱਖ-ਵੱਖ ਕੇਸਾਂ ਦੀ ਸੁਣਵਾਈ ਕਰਦਿਆਂ ਵਿਦੇਸ਼ ਭੇਜਣ ਵਾਲੀ ਕੰਪਨੀ ਭਾਰਤੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਕੰਪਨੀ ਨੂੰ ਦੋਵੇਂ ਕੇਸਾਂ ਵਿਚ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ । ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਵਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਲਏ ਹੋਏ 3 ਲੱਖ 85 ਹਜ਼ਾਰ ਰੁਪਏ ਵੀ 9 ਫੀਸਦੀ ਵਿਆਜ ਸਮੇਤ ਵਾਪਿਸ ਕਰਨ ਦੇ ਹੁਕਮ ਸੁਣਾਏ ਹਨ। ਜ਼ਿਲਾ ਅੰਮ੍ਰਿਤਸਰ ਦੇ ਪਿੰਡ ਟਪਿਆਲਾ ਨਿਵਾਸੀ ਗੁਰਿੰਦਰਬੀਰ ਸਿੰਘ ਨੇ ਫੋਰਮ ਕੋਲ 10 ਮਈ, 2016 ਨੂੰ ਦਰਜ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਕਤ ਕੰਪਨੀ ਨੇ ਉਸ ਨੂੰ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਨੂੰ ਕੈਨੇਡਾ ਦਾ ਵੀਜ਼ਾ ਲਵਾਉਣ ਦਾ ਭਰੋਸਾ ਦੇ ਕੇ ਉਸ ਤੋਂ ਵੱਖ-ਵੱਖ ਕਿਸ਼ਤਾਂ ਵਿਚ 3 ਲੱਖ 85 ਹਜ਼ਾਰ ਰੁਪਏ ਲੈ ਲਏ ਸਨ। ਕੰਪਨੀ ਪੈਸੇ ਲੈਣ ਤੋਂ ਬਾਅਦ ਵੀ ਵੀਜ਼ਾ ਲਵਾਉਣ ਵਿਚ ਨਾਕਾਮਯਾਬ ਰਹੀ ਪਰ ਬਾਅਦ ਵਿਚ ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਹੀ ਪਿੰਡ ਕੋਹਾਲਾ ਨਿਵਾਸੀ ਗੁਰਿੰਦਰਜੀਤ ਸਿੰਘ ਵਲੋਂ ਵੀ ਉਕਤ ਕੰਪਨੀ ਖਿਲਾਫ ਫੋਰਮ ਕੋਲ ਕੇਸ ਦਰਜ ਕਰਵਾ ਕੇ ਦੱਸਿਆ ਗਿਆ ਕਿ ਕੰਪਨੀ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਲਵਾਉਣ ਦੇ ਨਾਂ 'ਤੇ 3 ਲੱਖ 85 ਹਜ਼ਾਰ ਲੈ ਕੇ ਵੀ ਉਸ ਨੂੰ ਵੀਜ਼ਾ ਦਿਵਾਉਣ ਵਿਚ ਨਾਕਾਮ ਰਹੀ ਤੇ ਪੈਸੇ ਵੀ ਵਾਪਿਸ ਨਹੀਂ ਕੀਤੇ ।
ਫੋਰਮ ਨੇ ਉਕਤ ਦੋਵੇਂ ਕੇਸਾਂ ਸਬੰਧੀ ਜਾਰੀ ਵੱਖ-ਵੱਖ ਹੁਕਮਾਂ ਵਿਚ ਕਿਹਾ ਕਿ ਫੋਰਮ ਵਲੋਂ ਉਕਤ ਇਮੀਗ੍ਰੇਸ਼ਨ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਪਰ ਕੰਪਨੀ ਵਲੋਂ ਕੋਈ ਵੀ ਵਿਅਕਤੀ ਫੋਰਮ ਕੋਲ ਪੇਸ਼ ਨਹੀਂ ਹੋਇਆ। ਇਸ ਉਪਰੰਤ ਫੋਰਮ ਨੇ ਇਕਤਰਫਾ ਕਾਰਵਾਈ ਕਰਦੇ ਹੋਏ ਕੰਪਨੀ ਨੂੰ ਦੋਵੇਂ ਕੇਸਾਂ ਵਿਚ 25-25 ਹਜ਼ਾਰ ਰੁਪਏ ਜ਼ੁਰਮਾਨਾ ਕਰ ਦਿੱਤਾ ਤੇ ਸ਼ਿਕਾਇਤ ਕਰਤਾਵਾਂ ਦੇ ਪੈਸੇ 9 ਫੀਸਦੀ ਵਿਆਜ ਸਮੇਤ ਵਾਪਸ ਕਰਨ ਤੇ 10-10 ਹਜ਼ਾਰ ਰੁਪਏ ਲਿਟੀਗੇਸ਼ਨ ਚਾਰਜਿਸ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ।
ਖੁਦਕੁਸ਼ੀ ਦੀ ਕਹਾਣੀ ਰਚਣ ਵਾਲੇ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ
NEXT STORY