ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕੈਨੇਡਾ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 61.50 ਲੱਖ ਰੁਪਏ ਦੀ ਠੱਗੀ ਮਾਰਨ ਦੀ ਦੋਸ਼ੀ ਕੁੜੀ ਦੀ ਜ਼ਮਾਨਤ ਅਰਜ਼ੀ ਦੂਜੀ ਵਾਰ ਰੱਦ ਕਰ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਸੈਕਟਰ-56 ਦੀ ਸੋਨੀਆ (27) ਖ਼ਿਲਾਫ਼ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਉਹ ਕੰਪਨੀ ’ਚ ਇਕਲੌਤੀ ਕਰਮਚਾਰੀ ਸੀ ਅਤੇ ਉਸ ਦਾ ਕੰਮ ਸਿਰਫ਼ ਕਾਲ ਸੁਣਨਾ ਸੀ।
ਪੈਸੇ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਦੂਜੇ ਪਾਸੇ ਸਰਕਾਰੀ ਪੱਖ ਨੇ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਮਾਮਲੇ ’ਚ ਸਾਹਮਣੇ ਆਏ ਤੱਥਾਂ ਨੂੰ ਜਾਂਚਣ ਤੇ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ। ਕੋਲਕਾਤਾ ਦੇ ਸਵਪਨ ਚੱਕਰਵਰਤੀ ਨੇ ਸੈਕਟਰ-36 ਥਾਣਾ ਪੁਲਸ ਨੂੰ ਦੱਸਿਆ ਸੀ ਕਿ 2022 ’ਚ ਫੇਸਬੁੱਕ ’ਤੇ ਕੈਨੇਡਾ ’ਚ ਨੌਕਰੀ ਦਿਵਾਉਣ ਸਬੰਧੀ ਇਸ਼ਤਿਹਾਰ ਦੇਖਿਆ ਅਤੇ ਦਿੱਤੇ ਨੰਬਰ ’ਤੇ ਜਾਣਕਾਰੀ ਲਈ ਮੈਸੇਜ ਭੇਜਿਆ। ਇਸ ਤੋਂ ਬਾਅਦ ਸੋਨੀਆ ਦੀ ਵਟਸਐਪ ਕਾਲ ਆਈ। ਉਸ ਨੇ ਦੱਸਿਆ ਕਿ ਸੈਕਟਰ-35 ’ਚ ਉਨ੍ਹਾਂ ਦਾ ਹੰਬਲ ਓਵਰਸੀਜ਼ ਕੰਸਲਟੈਂਟ ਦੇ ਨਾਂ ’ਤੇ ਦਫ਼ਤਰ ਹੈ। ਇਸ ਤੋਂ ਬਾਅਦ ਦੋਸ਼ੀ ਨੇ 61.50 ਲੱਖ ਰੁਪਏ ਲੈ ਲਏ ਪਰ ਨਾ ਤਾਂ ਨੌਕਰੀ ਲਗਵਾਈ ਤੇ ਨਾ ਹੀ ਰਕਮ ਵਾਪਸ ਕੀਤੀ।
ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਸਿੱਖਿਆ ਵਿਭਾਗ ਨੇ ਮੰਗ ਲਈ ਰਿਪੋਰਟ
NEXT STORY