ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਪਿੰਡ ਚਨੌਲੀ ਦੇ ਇਕ ਵਿਅਕਤੀ ਨਾਲ ਉਸ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਟਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਹ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਦਿੱਤੀ ਸ਼ਿਕਾਇਤ ਦੀ ਇੰਚਾਰਜ ਸਪੈਸ਼ਨ ਬ੍ਰਾਂਚ ਰੂਪਨਗਰ ਵੱਲੋਂ ਸਮੁੱਚੀ ਤਫ਼ਤੀਸ਼ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਰਾਬ ਦਾ ਕਾਰੋਬਾਰ ਕਰਦੇ ਪਿੰਡ ਚਨੌਲੀ ਦੇ ਮਿਹਰਬਾਨ ਸਿੰਘ ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਮੇਰੇ ਸਹੁਰੇ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹਨ ਅਤੇ ਦੋਸ਼ੀ ਰਜਵੰਤ ਕੌਰ ਉਰਫ਼ ਤਮੰਨਾ ਸ਼ਰਮਾ ਅਤੇ ਉਸ ਦੇ ਪਤੀ ਰਾਕੇਸ਼ ਕੁਮਾਰ ਉਰਫ਼ ਬੰਟੀ ਨਿਵਾਸੀ ਜ਼ੀਰਾ ਦਾ ਮੇਰੇ ਸਹੁਰੇ ਘਰ ਕਾਫ਼ੀ ਆਉਣਾ-ਜਾਣਾ ਸੀ, ਜਿਸ ਕਰਕੇ ਮੇਰੀ ਉਨ੍ਹਾਂ ਨਾਲ ਜਾਣ-ਪਛਾਣ ਅਤੇ ਵਾਕਵੀ ਹੋ ਗਈ।
ਇਹ ਵੀ ਪੜ੍ਹੋ: ਮਾਨ ਸਰਕਾਰ ਦੇ 100 ਦਿਨ ਪੂਰੇ, ਜਾਣੋ ਹੁਣ ਤੱਕ CM ਭਗਵੰਤ ਮਾਨ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ
ਜੁਲਾਈ 2021 ’ਚ ਸਹੁਰੇ ਘਰ ਵਿਖੇ ਉਕਤ ਟਰੈਵਲ ਏਜੰਟਾਂ ਨੇ ਮੈਨੂੰ ਆਖਿਆ ਕਿ ਅਸੀਂ ਵਿਦੇਸ਼ਾਂ ’ਚ ਬੰਦੇ ਭੇਜਣ ਦਾ ਕੰਮ ਕਰਦੇ ਹਾਂ ਅਤੇ ਕਾਫ਼ੀ ਜਣਿਆਂ ਨੂੰ ਭੇਜ ਵੀ ਚੁੱਕੇ ਹਨ। ਜੇਕਰ ਤੁਸੀਂ ਵੀ ਕਿਸੇ ਨੂੰ ਪੀ. ਆਰ. ਬੇਸ ’ਤੇ ਭੇਜਣਾ ਚਾਹੁੰਦੇ ਹੋ ਤਾਂ ਅਸੀਂ ਭੇਜ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਮੇਰੇ ਮੁੰਡੇ ਵਿਕਰਮਜੀਤ ਸਿੰਘ ਨੂੰ ਪੀ. ਆਰ. ਬੇਸ ’ਤੇ ਕੈਨੇਡਾ ਭੇਜਣ ਸਬੰਧੀ ਭਰੋਸਾ ਦੁਆਇਆ ਜਿਸ ’ਤੇ ਮੈਂ ਹਾਂ ਕਰ ਦਿੱਤੀ।
ਉਨ੍ਹਾਂ ਇਸ ਲਈ 25 ਲੱਖ ਦੀ ਮੰਗ ਕੀਤੀ ਜਦਕਿ 20 ਲੱਖ ਰੁਪਏ ’ਚ ਸਾਡੀ ਗੱਲਬਾਤ ਤੈਅ ਹੋ ਗਈ। ਇਸ ਤੋਂ ਬਾਅਦ ਉਕਤ ਟਰੈਵਲ ਏਜੰਟ ਪਤੀ-ਪਤਨੀ ਕਈ ਵਾਰ ਉਸ ਦੇ ਪਿੰਡ ਚਨੌਲੀ ਵਿਖੇ ਆਏ ਅਤੇ ਫਾਈਲ ਤਿਆਰ ਕਰਨ ਦੇ ਨਾਂ ’ਤੇ ਉਸ ਦੇ ਮੁੰਡੇ ਦੀਆਂ ਪਾਸਪੋਰਟ ਫੋਟੋਆਂ, ਪਾਸਪੋਰਟ ਦੀ ਫੋਟੋ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਸਮੇਤ ਕਈ ਹੋਰ ਦਸਤਾਵੇਜ਼ ਲੈ ਗਏ ਜਦਕਿ ਕਈ ਦਸਤਾਵੇਜ਼ ਸਕੈਨ ਕਰਕੇ ਵੀ ਉਨ੍ਹਾਂ ਦੇ ਵੱਟਸਐਪ ’ਤੇ ਭੇਜੇ ਗਏ। ਇਸ ਦੌਰਾਨ ਉਨ੍ਹਾਂ ਐਡਵਾਂਸ ਵਜੋਂ 6 ਲੱਖ ਰੁਪਏ ਦੀ ਮੰਗ ਕੀਤੀ। ਮੈਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕੁਝ ਰਕਮ ਉਧਾਰ ਲੈ ਕੇ 28 ਅਕਤੂਬਰ 2021 ਨੂੰ ਆਪਣੇ ਪੰਜਾਬ ਐਂਡ ਸਿੰਧ ਬੈਂਕ ਦੇ ਖ਼ਾਤੇ ’ਚੋਂ 6 ਲੱਖ ਰੁਪਏ ਦੀ ਰਾਸ਼ੀ ਏਜੰਟ ਰਜਵੰਤ ਕੌਰ ਦੇ ਖ਼ਾਤੇ ’ਚ ਟਰਾਂਸਫਰ ਕਰ ਦਿੱਤੀ। ਜਦੋਂ ਮੈਂ ਅਗਲੇ ਦਿਨ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਉਸ ਤੋਂ ਬਾਅਦ ਮੈਂ ਜ਼ੀਰਾ ਵਿਖੇ ਉਸ ਦੇ ਘਰ ਗਿਆ, ਜਿੱਥੇ ਤਾਲਾ ਲੱਗਿਆ ਹੋਇਆ ਸੀ। ਫਿਰ ਮੈਂ ਆਲੇ-ਦੁਆਲੇ ਵੀ ਉਕਤ ਵਿਅਕਤੀਆਂ ਬਾਰੇ ਪਤਾ ਕੀਤਾ ਅਤੇ ਜਿਸ ਸਬੰਧੀ ਕੁਝ ਵੀ ਪਤਾ ਨਾ ਚੱਲਣ ’ਤੇ ਮੈਂ ਸਮਝ ਗਿਆ ਕਿ ਮੇਰੇ ਨਾਲ ਠੱਗੀ ਹੋਈ ਹੈ।
ਦੋਸ਼ੀਆਂ ਖਿਲਾਫ਼ ਪਹਿਲਾਂ ਵੀ 3 ਥਾਣਿਆਂ ’ਚ ਦਰਜ ਹਨ ਧੋਖਾਦੇਹੀ ਦੇ ਮੁਕੱਦਮੇ
ਇੰਚਾਰਜ ਸਪੈਸ਼ਲ ਬ੍ਰਾਂਚ ਰੂਪਨਗਰ ਨੇ ਕੀਤੀ ਆਪਣੀ ਜਾਂਚ ਰਿਪੋਰਟ ’ਚ ਦੱਸਿਆ ਕਿ ਦੋਸ਼ੀ ਟਰੈਵਲ ਏਜੰਟ ਰਜਵੰਤ ਕੌਰ ਉਰਫ਼ ਤਮੰਨਾ ਸ਼ਰਮਾ ਅਤੇ ਉਸ ਦਾ ਪਤੀ ਰਕੇਸ਼ ਕੁਮਾਰ ਉਰਫ਼ ਬੰਟੀ ਜੋ ਨਮਨ ਇਨਕਲੇਵ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਖ਼ਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਸਬੰਧੀ ਥਾਣਾ ਜ਼ੀਰਾ, ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਪਹਿਲਾਂ ਵੀ ਧੋਖਾਦੇਹੀ ਅਤੇ ਮਨੁੱਖੀ ਤਸਕਰੀ ਰੋਕੂ ਐਕਟ ਤਹਿਤ ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਉਨ੍ਹਾਂ ਰਿਪੋਰਟ ’ਚ ਦੱਸਿਆ ਕਿ ਦੋਸ਼ੀ ਏਜੰਟ ਰਜਵੰਤ ਕੌਰ ਉਰਫ਼ ਤਮੰਨਾ ਸ਼ਰਮਾ, ਥਾਣਾ ਸਦਰ ਹੁਸ਼ਿਆਰਪੁਰ ਵਿਖੇ ਧਾਰਾ 420 ਆਈ. ਪੀ. ਸੀ. ਅਤੇ 13 ਪੰਜਾਬ ਪ੍ਰੀਵੈਂਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ 2012 ਤਹਿਤ 8 ਜੁਲਾਈ 2021 ਨੂੰ ਦਰਜ ਹੋਏ ਮੁਕੱਦਮਾ ’ਚ ਇਸ ਸਮੇਂ ਜੇਲ ਹੁਸ਼ਿਆਰਪੁਰ ਵਿਖੇ ਬੰਦ ਹੈ ਜਦਕਿ ਉਸਦਾ ਘਰਵਾਲਾ ਰਾਕੇਸ਼ ਕੁਮਾਰ ਉਰਫ਼ ਬੰਟੀ ਇਨ੍ਹਾਂ ਮੁਕੱਦਮਿਆਂ ’ਚ ਲੋੜੀਂਦਾ ਹੋਣ ਕਰਕੇ ਘਰੋਂ ਫਰਾਰ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਕਤ ਦੋਵੇਂ ਜਣੇ ਲੋਕਾਂ ਨੂੰ ਵਿਦੇਸ਼ ਭੇਜਣ ’ਤੇ ਨਾਂ ’ਤੇ ਠੱਗ ਰਹੇ ਹਨ ਅਤੇ ਇਨ੍ਹਾਂ ਚਨੌਲੀ ਦੇ ਮਿਹਰਬਾਨ ਸਿੰਘ ਤੋਂ ਵੀ ਉਸ ਦੇ ਐੱਮ. ਐੱਸ. ਸੀ. ਦੀ ਪੜ੍ਹਾਈ ਕਰ ਚੁੱਕੇ ਮੁੰਡੇ ਵਿਰਕਮਜੀਤ ਸਿੰਘ ਉਰਫ਼ ਸਾਹਿਲ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਠੱਗੇ ਹਨ। ਸਥਾਨਕ ਪੁਲਸ ਨੇ ਉਕਤ ਜਾਂਚ ਦੇ ਆਧਾਰ ’ਤੇ ਉਪਰੋਕਤ ਧੋਖੇਬਾਜ਼ ਟਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਧਾਰਾ 420, 406 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ
NEXT STORY