ਅਜੀਤਵਾਲ (ਰੱਤੀ) : ਪਿਛਲੇ ਦਿਨੀਂ ਸੁੱਖਾ ਲੰਮੇ ਕਤਲ ਕਾਂਡ ਵਿਚ ਡਾਲੇ ਦੇ ਚਾਰ ਨੌਜਵਾਨਾਂ ਨੂੰ ਮੁਲਜ਼ਮ ਦੱਸ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਹੁਣ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਨੂੰ ਪਿੰਡੋਂ ਗ੍ਰਿਫ਼ਤਾਰ ਕਰ ਕੇ ਲੈ ਜਾਂਦੀ ਹੈ, ਬਦਸਲੂਕੀ ਕਰਦੀ ਹੈ। ਇਸੇ ਤਰ੍ਹਾਂ ਅੱਜ ਮਹਿਣਾ ਥਾਣੇ ਦੀ ਪੁਲਸ ਨੇ ਬਿਨਾਂ ਦੱਸੇ ਬੇਅੰਤ ਸਿੰਘ ਨਾਮ ਦੇ ਨੌਜਵਾਨ ਨੂੰ ਘਰੋਂ ਗ੍ਰਿਫ਼ਤਾਰ ਕਰ ਕੇ ਥਾਣੇ ਬੰਦ ਕਰ ਦਿੱਤਾ ਸੀ, ਜਿਸ ਦਾ ਨੌਜਵਾਨ ਭਾਰਤ ਸਭਾ ਨੇ ਥਾਣੇ ਪਹੁੰਚ ਕੇ ਵਿਰੋਧ ਕਰਕੇ ਨੌਜਵਾਨ ਨੂੰ ਰਿਹਾਅ ਕਰਵਾਇਆ।
ਇਸ ਮੌਕੇ ਵਫਦ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਸ਼ਾਮਲ ਸਨ। ਉਨ੍ਹਾਂ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਬੇਕਸੂਰ ਨੌਜਵਾਨਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ, ਥਾਣੇ ਲਿਜਾਣ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਸਤਨਾਮ ਸਿੰਘ ਡਾਲਾ ਅਤੇ ਜਪਨਾਮ ਸਿੰਘ ਡਾਲਾ ਨੇ ਕਿਹਾ ਕਿ ਕੋਈ ਵੀ ਗੈਂਗਵਾਰ, ਕਤਲ ਕਾਂਡ ਪੁਲਸ ਪ੍ਰਸ਼ਾਸਨ ਲਈ ਵਿਆਹ ਵਰਗਾ ਕੰਮ ਹੋ ਨਿਬੜਦਾ ਹੈ ਕਿਉਂਕਿ ਇਸ ਆੜ ਵਿਚ ਪੁਲਸ ਕਿਸੇ ਨੂੰ ਗ੍ਰਿਫ਼ਤਾਰ ਕਰਨ, ਕੁੱਟਮਾਰ ਕਰਨ, ਪਰਚੇ ਪਾਉਣਾ, ਪੈਸਾ ਬਣਾਉਣਾ ਆਪਣ ਅਧਿਕਾਰ ਹੀ ਸਮਝ ਬੈਠਦੀ ਹੈ।
ਉਨ੍ਹਾਂ ਕਿਹਾ ਕਿ ਗੈਂਗਵਾਰ ਨੂੰ ਪੈਦਾ ਸਿਆਸਤਦਾਨ ਕਰਦੇ ਹਨ। ਗੈਂਗਸਟਰਾਂ ਨੂੰ ਵਰਤ ਕੇ ਖ਼ਤਮ ਵੀ ਸਿਆਸਤਦਾਨ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਪਿੰਡ ਵਿਚੋਂ ਚਿੱਟਾ ਖ਼ਤਮ ਖਰਨ ਲਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰੇ ਨਾ ਕਿ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰੇ। ਜੇਕਰ ਪੁਲਸ ਨੇ ਦੁਬਾਰਾ ਅਜਿਹੀ ਕਾਰਵਾਈ ਕੀਤੀ ਤਾਂ ਨੌਜਵਾਨ ਭਾਰਤ ਸਭਾ ਸਖ਼ਤ ਵਿਰੋਧ ਕਰੇਗੀ।
ਇਕ ਹੋਰ ਕਿਸਾਨ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹਿਆ, ਬਿਮਾਰੀ ਕਾਰਣ ਮੋਰਚੇ ਤੋਂ ਘਰ ਪਰਤ ਕੇ ਤੋੜਿਆ ਦਮ
NEXT STORY