ਜਲੰਧਰ, (ਬੁਲੰਦ)— ਰਾਮਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ 'ਚ ਹਿੱਸਾ ਲੈਣ ਜਲੰਧਰ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਗੈਂਗਸਟਰਾਂ ਦਾ ਰਾਜ ਹੈ ਤੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਖੁਦ ਪੁਲਸ ਦੇ ਡੀ. ਐੱਸ. ਪੀ. ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਜੋ ਬਲਵਿੰਦਰ ਸੇਖੋਂ ਵਰਗੇ ਪੁਲਸ ਅਧਿਕਾਰੀ ਸਰਕਾਰ ਦੇ ਮੰਤਰੀਆਂ ਖਿਲਾਫ ਭ੍ਰਿਸ਼ਟਾਚਾਰ ਦੀ ਰਿਪੋਰਟ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਜੋ ਅਧਿਕਾਰੀ ਦੋਸ਼ੀ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਵੇ, ਉਸ ਦੀ ਪ੍ਰਮੋਸ਼ਨ ਹੁੰਦੀ ਹੈ। ਜੇਲਾਂ 'ਚ ਗੈਂਗਸਟਰਾਂ ਦਾ ਕਾਰੋਬਾਰ ਵਧ ਰਿਹਾ ਹੈ, ਫਿਰੌਤੀ ਸਿਸਟਮ ਹਾਵੀ ਹੈ, ਜਿਸ ਲਈ ਅਸਿੱਧੇ ਤੌਰ 'ਤੇ ਜੇਲ ਮੰਤਰੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ।
ਮਜੀਠੀਆ ਨੇ ਕਿਹਾ ਕਿ ਅੱਜ ਕਾਂਗਰਸੀ ਵਿਧਾਇਕਾਂ ਨੂੰ ਲੋਕਾਂ ਤੋਂ ਬਚਣ ਲਈ ਭੱਜ ਕੇ ਜਾਨ ਬਚਾਉਣੀ ਪੈ ਰਹੀ ਹੈ। ਮੋਗਾ ਦੇ ਧਰਮਕੋਟ 'ਚ ਜੋ ਹੋਇਆ, ਉਹ ਸਭ ਨੇ ਦੇਖਿਆ। ਉਨ੍ਹਾਂ ਨੇ ਕਿਹਾ ਕਿ ਥਾਣੇ 'ਚ ਪੁਲਸ ਅਧਿਕਾਰੀ ਘੱਟ ਅਤੇ ਕਾਂਗਰਸੀ ਵਰਕਰ ਜ਼ਿਆਦਾ ਕੰਮ ਕਰਦੇ ਦਿਖਾਈ ਦਿੱਤੇ।
ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਪਿਛਲੇ 2 ਸਾਲਾਂ 'ਚ ਨਸ਼ਾ ਸਮੱਗਲਿੰਗ ਦੇ ਕੇਸ ਵਧੇ ਹਨ, ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਨਾ ਨੌਕਰੀਆਂ ਦਿੱਤੀਆਂ ਗਈਆਂ, ਨਾ ਮੋਬਾਇਲ ਦਿੱਤੇ ਗਏ ਅਤੇ ਨਾ ਹੀ ਕਰਮਚਾਰੀਆਂ ਨੂੰ ਤਨਖਾਹ ਅਤੇ ਭੱਤੇ ਦਿੱਤੇ ਜਾ ਰਹੇ ਹਨ। ਵਿੱਤ ਮੰਤਰੀ ਇਕ ਹੀ ਰਿਕਾਰਡ ਵਜਾਉਂਦੇ ਰਹੇ ਹਨ ਕਿ ਖਜ਼ਾਨਾ ਖਾਲੀ ਹੈ। ਇਸ ਤੋਂ ਸਾਫ ਹੈ ਕਿ ਸਰਕਾਰ ਦੀ ਨੀਅਤ ਖ਼ਰਾਬ ਹੈ। ਕੋਈ ਵੀ ਚੋਣਾਂ 'ਚ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ 'ਚ 3-3 ਡਿਪਟੀ ਸੀ. ਐੱਮ. ਬਣਨ, ਜਿਸ ਤੋਂ ਸਾਫ਼ ਹੈ ਕਿ ਚਾਹੇ ਜਿੰਨੇ ਮਰਜ਼ੀ ਡਿਪਟੀ ਸੀ. ਐੱਮ. ਬਣਾ ਲਓ, ਉਨ੍ਹਾਂ ਨੂੰ ਭੱਤੇ ਹੀ ਦਿੱਤੇ ਜਾਣਗੇ ਪਰ ਸਰਕਾਰ ਲੋਕਾਂ ਲਈ ਕੁਝ ਨਹੀਂ ਕਰੇਗੀ।
ਦਿੱਲੀ ਹਾਰਟ ਹਸਪਤਾਲ ਪੁੱਜੇ ਬਾਦਲ ਕਰਵਾਏ E.C.G. ਤੇ ਹੋਰ ਕਈ ਟੈਸਟ
NEXT STORY