ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਵਾਰਡ ਨੰਬਰ 9 ਦੇ ਵਾਸੀ ਪ੍ਰੇਮ ਚੰਦ ਦੇ ਘਰ ਲੀਕ ਹੋ ਰਹੇ ਸਿਲੰਡਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਸ ਵੱਲੋਂ ਆਪਣੀ ਧੀ ਤੇ ਪੁੱਤ ਦੇ ਵਿਆਹ ਲਈ ਖਰੀਦਿਆ ਗਿਆ ਸਾਰਾ ਸਾਮਾਨ ਸੜ ਗਿਆ।
ਜਾਣਕਾਰੀ ਅਨੁਸਾਰ ਬੀਤੇ ਦਿਨ ਸਬੰਧਤ ਪਰਿਵਾਰ ਵੱਲੋਂ ਰਸੋਈ ਗੈਸ ਸਿਲੰਡਰ ਏਜੰਸੀ ਵਾਲਿਆਂ ਤੋਂ ਲਿਆ ਗਿਆ ਸੀ। ਅੱਜ ਜਦੋਂ ਉਹ ਸਿਲੰਡਰ ਨੂੰ ਚੁੱਲ੍ਹੇ ਨਾਲ ਜੋੜਨ ਲੱਗੇ ਤਾਂ ਪਹਿਲਾਂ ਤੋਂ ਹੀ ਸਿਲੰਡਰ ਲੀਕ ਹੋਣ ਕਰਕੇ ਉਸ ਨੂੰ ਭਿਆਨਕ ਅੱਗ ਲੱਗ ਗਈ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਸੜ ਗਿਆ।
ਧੀ-ਪੁੱਤ ਦਾ ਰੱਖਿਆ ਸੀ ਵਿਆਹ
ਪ੍ਰੇਮ ਚੰਦ ਨੇ ਦੱਸਿਆ ਕਿ ਮੈਂ ਆਪਣੀ ਧੀ ਤੇ ਪੁੱਤ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਕਰਕੇ ਅਸੀਂ ਇਕ-ਇਕ ਕਰ ਕੇ ਦੋਵਾਂ ਦੇ ਵਿਆਹ ਲਈ ਸਾਮਾਨ ਵੀ ਜੋੜਿਆ ਹੋਇਆ ਸੀ, ਜਦਕਿ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਕੱਪੜੇ ਖਰੀਦ ਕੇ ਲਿਆਏ ਸੀ ਕਿ ਇਸ ਅੱਗ 'ਚ ਦੋ ਕੱਪੜਿਆਂ ਨਾਲ ਭਰੀਆਂ ਪੇਟੀਆਂ, ਛੇ ਮਹੀਨੇ ਪਹਿਲਾਂ ਖਰੀਦਿਆ ਫਰਿੱਜ ਤੇ ਹੋਰ ਸਾਰਾ ਸਾਮਾਨ ਸੁਆਹ ਹੋ ਗਿਆ। ਉਸ ਨੇ ਕਿਹਾ ਕਿ ਗਰੀਬ ਹੋਣ ਕਰਕੇ ਇਹ ਸਾਰਾ ਸਾਮਾਨ ਬਣਾਉਣ ਲਈ ਨਾ ਤਾਂ ਸਾਡੇ ਕੋਲ ਪੈਸਾ ਹੈ ਤੇ ਨਾ ਹੀ ਵਸੀਲੇ। ਜਦੋਂ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਾਲੇ ਆਏ ਸਨ ਤਾਂ ਉਨ੍ਹਾਂ ਤੱਥ ਕੱਢਿਆ ਕਿ ਸਿਲੰਡਰ ਦੇ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਸੀਲ ਬੰਦ ਸੀ ਸਿਲੰਡਰ
ਪ੍ਰੇਮ ਚੰਦ ਨੇ ਦੱਸਿਆ ਕਿ ਉਹ ਨਵਾਂ ਸੀਲ ਬੰਦ ਸਿਲੰਡਰ ਲੈ ਕੇ ਆਇਆ ਸੀ ਤੇ ਸੀਲ ਲੱਗੀ ਹੋਣ ਕਾਰਨ ਉਸ ਨੇ ਲੀਕੇਜ ਵੀ ਚੈੱਕ ਨਹੀਂ ਕੀਤੀ।
ਘਰ ਆ ਕੇ ਜਦੋਂ ਉਹ ਸਿਲੰਡਰ ਦੀ ਸੀਲ ਖੋਲ੍ਹ ਕੇ ਇਸ ਨੂੰ ਚੁੱਲ੍ਹੇ ਨਾਲ ਲਾਉਣ ਲੱਗਾ ਤਾਂ ਇਹ ਕਾਫੀ ਲੀਕ ਕਰ ਰਿਹਾ ਸੀ ਤੇ ਇਸ ਨੂੰ ਅੱਗ ਲੱਗ ਗਈ। ਪਰਿਵਾਰ ਵਾਲਿਆਂ ਤੇ ਇਲਾਕਾ ਨਿਵਾਸੀਆਂ ਨੇ ਜਿਥੇ ਪ੍ਰਸ਼ਾਸਨ ਤੋਂ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ, ਉਥੇ ਹੀ ਸਬੰਧਤ ਗੈਸ ਕੰਪਨੀ ਤੋਂ ਵੀ ਬਣਦਾ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ।
ਮਨਰੇਗਾ ਮਜ਼ਦੂਰਾਂ ਵੱਲੋਂ ਮਜ਼ਦੂਰੀ ਦੇ ਪੈਸੇ ਨਾ ਦੇਣ ਦਾ ਦੋਸ਼
NEXT STORY