ਗੁਰਦਾਸਪੁਰ,(ਵਿਨੋਦ): ਇਕ ਲੜਕੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾਣ ਉਪਰੰਤ ਹਸਪਤਾਲ 'ਚ ਇਲਾਜ ਅਧੀਨ ਇਕ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਸ਼ਮਾ ਪੁੱਤਰੀ ਬਲਵਿੰਦਰ ਗਿੱਲ ਨਿਵਾਸੀ ਪਿੰਡ ਅਬਲਖੈਰ ਦੇ ਭਰਾ ਕੁਲਦੀਪ ਸਿੰਘ ਤੇ ਚਾਚਾ ਦੇ ਲੜਕੇ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪਿੰਡ 'ਚ ਹੀ ਅਮਨ ਨਾਮਕ ਵਿਅਕਤੀ ਦੇ ਗ੍ਰਾਮ ਸੇਵਕ ਕੇਂਦਰ 'ਚ ਕੰਮ ਕਰਦੀ ਸੀ। ਸ਼ਨੀਵਾਰ ਨੂੰ ਸ਼ਾਮ ਉਸ ਦਾ ਪ੍ਰਿੰਸ ਨੂੰ ਫੋਨ ਆਇਆ ਕਿ ਉਸ ਨੂੰ ਕੋਈ ਲੜਕਾ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਅਕਸਰ ਉਸ ਨੂੰ ਰਸਤੇ 'ਚ ਰੋਕਦਾ ਹੈ, ਜਿਸ ਤੋਂ ਉਹ ਕਾਫੀ ਪ੍ਰੇਸ਼ਾਨ ਹੈ। ਇਹ ਗੱਲ ਸੁਣ ਕੇ ਪ੍ਰਿੰਸ ਤੁਰੰਤ ਕੇਂਦਰ 'ਤੇ ਪਹੁੰਚਿਆ ਪਰ ਉਹ ਘਰ ਜਾ ਚੁੱਕੀ ਸੀ। ਇਸ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਐਤਵਾਰ ਨੂੰ ਕੋਈ ਜ਼ਹਿਰੀਲੀ ਦਵਾਈ ਖਾ ਲਈ। ਉਸ ਨੇ ਦਵਾਈ ਖਾਣ ਉਪਰੰਤ ਦੱਸਿਆ ਕਿ ਭਿੰਦਰਦੀਪ ਪਿੰਡ ਸੈਨਪੁਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤੇ ਉਸ ਨੂੰ ਬਿਨਾ ਕਾਰਨ ਬਲੈਕਮੇਲ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ। ਪਰਿਵਾਰਿਕ ਮੈਂਬਰਾਂ ਨੇ ਤੁਰੰਤ ਸ਼ਮਾ ਨੂੰ ਇਕ ਪ੍ਰਾਇਵੇਟ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਮੁੱਢਲੇ ਇਲਾਜ ਉਪਰੰਤ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਅੱਜ ਉਸ ਦੀ ਮੌਤ ਹੋ ਗਈ।
ਕੀ ਕਹਿੰਦੇ ਹਨ ਐੱਸ. ਐੱਚ. ਓ. ਦੀਨਾਨਗਰ
ਮਾਮਲੇ ਸਬੰਧੀ ਜਦ ਐੱਸ. ਐੱਚ. ਓ. ਦੀਨਾਨਗਰ ਬਲਦੇਵ ਰਾਜ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਮ੍ਰਿਤਕਾ ਦੇ ਪਿਤਾ ਬਲਵਿੰਦਰ ਗਿੱਲ ਪੁੱਤਰ ਹਦਾਇਤ ਮਸੀਹ ਦੇ ਬਿਆਨਾਂ 'ਤੇ ਫਿਲਹਾਲ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 16 ਨਵੰਬਰ ਤੋਂ ਬਾਅਦ ਨਹੀਂ ਹੋਈ ਰਜਿਸਟ੍ਰੇਸ਼ਨ
NEXT STORY