ਗੁਰਾਇਆ (ਮੁਨੀਸ਼ ਬਾਵਾ) - ਸ਼ਹਿਰੀ ਜੀਵਨ ਪੱਧਰ ਨੂੰ ਹੋਰ ਉਚਾ ਚੁੱਕਣ ਅਤੇ ਗੁਰਾਇਆ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਮਕਸਦ ਤਹਿਤ ਗੁਰਾਇਆ ਸ਼ਹਿਰ ਵਿਚ ਪ੍ਰਤੀ ਦਿਨ 4 ਐਮ.ਐਲ.ਡੀ.ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੀਵੇਜ ਟਰੀਟਮੈਂਟ ਪਲਾਂਟ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਵਿਖੇ ਬਣਾਇਆ ਜਾਵੇਗਾ।
ਇਸ ਸਬੰਧੀ ਅਪਣੇ ਦਫਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਗੁਰਾਇਆ ਸ਼ਹਿਰ ਦੇ 17000 ਤੋਂ ਜ਼ਿਆਦਾ ਲੋਕਾਂ ਨੂੰ ਇਸ ਪ੍ਰੋਜੈਕਟ ਦਾ ਲਾਭ ਪਹੁੰਚੇਗਾ ਅਤੇ ਸਾਫ਼ ਕੀਤਾ ਗਿਆ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ।
ਸ੍ਰੀ ਥੋਰੀ ਨੇ ਦੱਸਿਆ ਕਿ ਪਿੰਡ ਬੋਪਾਰਾਏ ਵਿਖੇ ਇਕ ਏਕੜ ਜਮੀਨ ਦੀ ਪਹਿਚਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਪ੍ਰੋਜੈਕਟ ਲਈ ਜ਼ਮੀਨ ਨੂੰ ਪ੍ਰਾਪਤ ਕਰਨ ਸਬੰਧੀ ਕਾਰਵਾਈ ਆਖਰੀ ਪੜਾਅ 'ਤੇ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਐਕੁਆਇਰ ਕਰਨ ਤੋਂ ਬਾਅਦ ਪ੍ਰੋਜੈਕਟ ਲਈ ਟੈਂਡਰ ਮੰਗੇ ਜਾਣਗੇ ਅਤੇ ਇਹ ਇਕ ਸਾਲ ਦੇ ਰਿਕਾਰਡ ਸਮੇਂ ਵਿਚ ਬਣ ਕੇ ਤਿਆਰ ਹੋਵੇਗਾ।
ਸ੍ਰੀ ਥੋਰੀ ਨੇ ਉਪ ਮੰਡਲ ਮੈਜਿਸਟਰੇਟ ਡਾ.ਵਿਨੀਤ ਬਜਾਜ ਨੂੰ ਕਿਹਾ ਕਿ ਇਸ ਸਬੰਧੀ ਸਾਰੀਆਂ ਕਾਰਵਾਈਆਂ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਕੰਮ ਜਲਦੀ ਸ਼ੁਰੂ ਕਰਕੇ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਾਇਆ ਸ਼ਹਿਰ ਦੀ ਨੁਹਾਰ ਬਦਲਣ ਲਈ ਇਸ ਪ੍ਰੋਜੈਕਟ ਦੇ ਕੰਮ ਨੂੰ ਸ਼ੁਰੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣੀ ਚਾਹੀਦੀ।
ਸ੍ਰੀ ਥੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਵਿਕਾਸ ਪਖੋਂ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਫਿਲੌਰ ਡਾ.ਵਿਨੀਤ ਬਜਾਜ, ਨਾਇਬ ਤਹਿਸੀਲਦਰ ਤਪਨ ਭਨੌਟ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਐਗਜੀਕਿਊਟਿਵ ਇੰਜੀਨੀਅਰ ਸੰਨੀ ਗੋਗਨਾ , ਈ.ਓ. ਮਿਊਂਸੀਪਲ ਕੌਂਸਲ ਗੁਰਾਇਆ ਰਣਦੀਪ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਬਾਜਵਾ ਨੇ 'ਕੋਰੋਨਾ' ਨੂੰ ਦਿੱਤੀ ਮਾਤ, ਮਿਲੀ ਹਸਪਤਾਲ ਤੋਂ ਛੁੱਟੀ
NEXT STORY