ਕੁਰਾਲੀ (ਬਠਲਾ) : ਪੰਜਾਬ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਦੀਆਂ ਬੱਸਾਂ ਵਲੋਂ ਕੁਰਾਲੀ ਤੋਂ ਰੂਪਨਗਰ ਤਕ ਦਾ ਵੱਖ-ਵੱਖ ਕਿਰਾਇਆ ਵਸੂਲਣ ਕਾਰਨ ਇਲਾਕੇ ਦੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਸਬੰਧੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਰੋਡਵੇਜ਼ ਦੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੇ ਹੁਸ਼ਿਆਰਪੁਰ ਡਿਪੂ ਦੀਆਂ ਪਨਬੱਸਾਂ ਵਲੋਂ ਜਾਰੀ ਕੰਪਿਊਟਰਾਈਜ਼ਡ ਟਿਕਟਾਂ ਦਿਖਾਉਂਦਿਆਂ ਸਥਾਨਕ ਵਾਰਡ ਨੰਬਰ-9 ਦੇ ਨਿਵਾਸੀ ਅਮਰ ਸਿੰਘ ਨੇ ਦੱਸਿਆ ਕਿ ਅੱਜ ਉਹ ਕਿਸੇ ਕੰਮ ਲਈ ਬੱਸ ਰਾਹੀਂ ਰੂਪਨਗਰ ਗਿਆ ਸੀ। ਉਸ ਨੂੰ ਕੁਰਾਲੀ ਦੇ ਬੱਸ ਅੱਡੇ ਤੋਂ ਹੁਸ਼ਿਆਪੁਰ ਡਿਪੂ ਦੀ ਪਨਬੱਸ ਮਿਲੀ, ਜਿਸ ਦੇ ਕੰਡਕਟਰ ਨੇ ਉਸ ਤੋਂ 20 ਰੁਪਏ ਕਿਰਾਇਆ ਵਸੂਲਿਆ ਤੇ ਟਿਕਟ ਵੀ ਦਿੱਤੀ। ਉਸਨੇ ਦੱਸਿਆ ਕਿ ਇਕ ਘੰਟੇ ਦੇ ਅੰਦਰ ਹੀ ਆਪਣਾ ਕੰਮ ਮੁਕਾ ਕੇ ਉਸਨੇ ਮੁੜ ਕੁਰਾਲੀ ਲਈ ਨਵਾਂਸ਼ਹਿਰ ਡਿਪੂ ਦੀ ਪਨਬੱਸ ਫੜ ਲਈ। ਉਸਨੇ ਦੱਸਿਆ ਕਿ ਵਾਪਸੀ ਵੇਲੇ ਨਵਾਂਸ਼ਹਿਰ ਡਿਪੂ ਦੀ ਬੱਸ ਦੇ ਕੰਡਕਟਰ ਨੇ ਉਸ ਕੋਲੋਂ 25 ਰੁਪਏ ਦੀ ਮੰਗ ਕੀਤੀ। ਅਮਰ ਸਿੰਘ ਨੇ ਦੱਸਿਆ ਕਿ ਉਸਨੇ ਹੁਸ਼ਿਆਰਪੁਰ ਡਿਪੂ ਦੀ ਕੰਪਿਊਟਰਾਈਜ਼ਡ ਟਿਕਟ ਵੀ ਦਿਖਾਈ, ਜਿਸ 'ਤੇ ਕੁਰਾਲੀ ਤੋਂ ਰੂਪਨਗਰ ਰੂਟ ਲਿਖ ਕੇ 20 ਰੁਪਏ ਕਿਰਾਇਆ ਵੀ ਲਿਖਿਆ ਹੋਇਆ ਸੀ ਪਰ ਇਸਦੇ ਬਾਵਜੂਦ ਬੱਸ ਦਾ ਕੰਡਕਟਰ ਮੰਨਣ ਲਈ ਤਿਆਰ ਨਹੀਂ ਸੀ, ਸਗੋਂ ਉਸਨੇ ਉਸ ਕੋਲੋਂ 25 ਰੁਪਏ ਵਸੂਲ ਕੀਤੇ ਤੇ ਇੰਨੀ ਹੀ ਰਕਮ ਦੀ ਟਿਕਟ ਜਾਰੀ ਕੀਤੀ।
ਅਮਰ ਸਿੰਘ ਨੇ ਦੱਸਿਆ ਕਿ ਇਕ ਹੀ ਸਟੇਸ਼ਨ ਦਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਲੋਂ ਵੱਖ-ਵੱਖ ਕਿਰਾਇਆ ਵਸੂਲਿਆ ਜਾਣਾ ਉਸਦੀ ਸਮਝ ਤੋਂ ਬਾਹਰ ਹੈ। ਅਮਰ ਸਿੰਘ ਨੇ ਇਸ ਸਬੰਧੀ ਟਰਾਂਸਪੋਰਟ ਮੰਤਰੀ, ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਸਮੇਤ ਹੋਰਨਾਂ ਵਿਭਾਗੀ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਤੇ ਕਾਰਵਾਈ ਦੀ ਮੰਗ ਕਰਦਿਆਂ ਕਿਰਾਏ ਵਿਚ ਇਕਸਾਰਤਾ ਲਿਆਉਣ ਦੀ ਮੰਗ ਕੀਤੀ ਹੈ।
ਐੱਸ. ਆਈ. ਟੀ. ਵਲੋਂ ਬਾਦਲ ਤੋਂ ਕੀਤੀ ਪੁੱਛਗਿੱਛ 'ਤੇ ਦੇਖੋ ਕੀ ਬੋਲੇ ਜਾਖੜ (ਵੀਡੀਓ)
NEXT STORY