ਹੁਸ਼ਿਆਰਪੁਰ, (ਘੁੰਮਣ)- ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ 40 ਦਿਨਾਂ ਵਿਚ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹ ਤੋਂ ਪੁੱਟ ਦਿਆਂਗੇ ਪਰ ਹੁਣ ਕਾਂਗਰਸ ਲੀਡਰ ਪੰਜਾਬ ਵਿਚ ਸ਼ਰਾਬ ਦੀਆਂ ਫੈਕਟਰੀਆਂ ਲਾਉਣ ਦੀ ਇਜਾਜ਼ਤ ਦੇ ਰਹੇ ਹਨ ਅਤੇ ਇਨ੍ਹਾਂ ਦੇ ਨੀਂਹ ਪੱਥਰ ਰੱਖ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਪਿੰਡ ਛਾਉਣੀ ਕਲਾਂ ਵਿਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ 'ਚ ਪਿੰਡ ਨਿਵਾਸੀਆਂ ਅਤੇ ਸੰਘਰਸ਼ ਕਮੇਟੀ ਨਾਲ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਪੰਜਾਬ ਨੂੰ ਉਦਯੋਗ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਪਰ ਅਜਿਹੇ ਉਦਯੋਗ ਨਹੀਂ ਚਾਹੀਦੇ, ਜਿਨ੍ਹਾਂ ਨਾਲ ਨੌਜਵਾਨ ਹੀ ਖਤਮ ਹੋ ਜਾਣ। ਸਰਕਾਰ ਅਜਿਹੇ ਉਦਯੋਗ ਲਾਵੇ ਜਿਨ੍ਹਾਂ ਨਾਲ ਵਾਤਾਵਰਣ ਨੂੰ ਕੋਈ ਖ਼ਤਰਾ ਨਾ ਹੋਵੇ ਅਤੇ ਨੌਜਵਾਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।
ਨਹੀਂ ਲੱਗਣ ਦਿੱਤੀ ਜਾਵੇਗੀ ਛਾਉਣੀ ਕਲਾਂ 'ਚ ਸ਼ਰਾਬ ਫੈਕਟਰੀ : ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਛਾਉਣੀ ਕਲਾਂ ਵਿਚ ਸ਼ਰਾਬ ਦੀ ਫੈਕਟਰੀ ਨਹੀਂ ਲੱਗਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਆਮ ਆਦਮੀ ਪਾਰਟੀ ਸੰਘਰਸ਼ ਕਮੇਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਉਨ੍ਹਾਂ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਕਿ 'ਆਪ' ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰ ਸਿੰਘ, ਪੰਚ ਬਿਮਲ ਕੌਰ, ਕੁਲਵਿੰਦਰ ਕੌਰ, ਰਾਜੀਵ ਸ਼ਰਮਾ, ਸੰਜੀਵ ਅਰੋੜਾ, ਹਰਭਜਨ ਸਿੰਘ, ਮਹਿੰਦਰ ਪਾਲ ਅਤੇ ਹੋਰ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਿਟੀ ਪ੍ਰਧਾਨ ਮਦਨ ਲਾਲ ਸੂਦ, ਪਵਨ ਸ਼ਰਮਾ, ਮਨੀਸ਼ ਠਾਕੁਰ, ਪਵਨ ਸੈਣੀ, ਰਾਜਵੀਰ ਕੌਰ, ਦੀਪਕ ਨਾਗੀ ਤੋਂ ਇਲਾਵਾ ਹਰਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ ਅਤੇ ਹੋਰ ਪਿੰਡ ਨਿਵਾਸੀ ਵੀ ਮੌਜੂਦ ਸਨ।
ਲੜਾਈ ਤੇ ਲੁੱਟ-ਖੋਹ ਦੇ ਮਾਮਲੇ 'ਚ 4 ਵਿਰੁੱਧ ਪਰਚਾ ਦਰਜ
NEXT STORY