ਪਟਿਆਲਾ (ਜੋਸਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਮੀ ਤਹਿਤ ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਅਤੇ ਪਟਿਆਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 'ਪਟਿਆਲਾ ਹੈਰੀਟੇਜ਼ ਫੈਸਟੀਵਲ-2020' ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਤਿਆਰੀਆਂ ਜ਼ੋਰਾਂ 'ਤੇ ਸ਼ੁਰੂ ਕਰ ਦਿੱਤੀਆਂ ਹਨ।
22 ਫਰਵਰੀ ਨੂੰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿਖੇ ਸ਼ੁਰੂ ਹੋਣ ਵਾਲੇ 'ਪਟਿਆਲਾ ਵਿਰਾਸਤੀ ਉਤਸਵ' ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿਲਾ ਅਧਿਕਾਰੀਆਂ ਦੀਆਂ ਗਠਿਤ ਕੀਤੀਆਂ ਗਈਆਂ ਕਮੇਟੀਆਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਇਸ ਉਤਸਵ ਲਈ ਨੋਡਲ ਅਫਸਰ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਜਿੱਥੇ ਇਸ ਉਤਸਵ ਦੌਰਾਨ ਪੁੱਜਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ, ਕਲਾਕਾਰਾਂ ਤੇ ਫ਼ਨਕਾਰਾਂ ਆਦਿ ਨਾਲ ਤਾਲਮੇਲ ਅਧਿਕਾਰੀ ਨਿਯੁਕਤ ਕੀਤੇ ਗਏ ਉਥੇ ਹੀ ਇਸ ਅਹਿਮ ਉਤਸਵ ਨਾਲ ਸਬੰਧਤ ਵੱਖ-ਵੱਖ ਕਾਰਜਾਂ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨਿਰਦੇਸ਼ ਦਿੱਤੇ ਕਿ ਹਰ ਅਧਿਕਾਰੀ ਤੇ ਕਰਮਚਾਰੀ ਸੌਂਪੇ ਕਾਰਜਾਂ ਨੂੰ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਵੇ, ਕਿਉਂਕਿ ਇਹ ਇੱਕ ਅਹਿਮ ਉਤਸਵ ਹੈ, ਜਿਸ ਦੌਰਾਨ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਸਮੇਤ ਹੋਰਨਾਂ ਥਾਵਾਂ ਤੋਂ ਵੀ ਅਹਿਮ ਸ਼ਖ਼ਸੀਅਤਾਂ ਸਮੇਤ ਦਰਸ਼ਕਾਂ ਨੇ ਸ਼ਿਰਕਤ ਕਰਨੀ ਹੈ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਤੇ ਸਿਖਿਆਰਥੀ ਵੀ ਇੱਥੇ ਪੁੱਜ ਕੇ ਇਸ ਪਟਿਆਲਾ ਹੈਰੀਟੇਜ਼ ਫੈਸਟੀਵਲ ਦਾ ਆਨੰਦ ਮਾਨਣਗੇ। ਉਨ੍ਹਾਂ ਦੱਸਿਆ ਕਿ ਇਸ ਉਤਸਵ ਦੇ ਸਾਰੇ ਸਮਾਗਮਾਂ 'ਚ ਆਮ ਲੋਕਾਂ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਤਾਲਮੇਲ ਅਧਿਕਾਰੀਆਂ ਤੇ ਵੱਖ-ਵੱਖ ਕਮੇਟੀਆਂ ਦੇ ਮੁਖੀਆਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਤੋਂ ਵਿਸਥਾਰ 'ਚ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਾਰਾ ਉਤਸਵ ਪਲਾਸਟਿਕ ਮੁਕਤ ਹੋਵੇਗਾ, ਇਸ ਲਈ ਤਿਆਰੀਆਂ ਇਸ ਤਰੀਕੇ ਕੀਤੀਆਂ ਜਾਣ ਤਾਂ ਕਿ ਇਸ ਦੌਰਾਨ ਪਲਾਸਟਿਕ ਦੀਆਂ ਬੋਤਲਾਂ ਆਦਿ ਨਾ ਵਰਤੀਆਂ ਜਾਣ।
ਇਸ ਮੌਕੇ ਕਰਨਲ ਨਵਜੀਤ ਸਿੰਘ ਸੰਧੂ, ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ, ਸਕੱਤਰ ਆਰ.ਟੀ.ਏ. ਸ੍ਰੀ ਅਰਵਿੰਦ ਕੁਮਾਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅਵਿਕੇਸ਼ ਕੁਮਾਰ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਸ. ਸੂਬਾ ਸਿੰਘ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ ਤੇ ਜਗਨੂਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਵਲੋਂ ਭੇਜੇ ਮਿੱਟੀ ਦੇ ਤੇਲ 'ਤੇ 'ਬੈਂਸ' ਦਾ ਵੱਡਾ ਖੁਲਾਸਾ (ਵੀਡੀਓ)
NEXT STORY