ਬਠਿੰਡਾ(ਵੈਬ ਡੈਸਕ)— ਪੰਜਾਬ ਵਿਚ ਇਕ ਵਾਰ ਅਨਾਜ ਭੰਡਾਰਨ ਦਾ ਸੰਕਟ ਪੈਦਾ ਹੋਣ ਦਾ ਡਰ ਹੈ, ਕਿਉਂਕਿ ਨਵੀਂ ਫ਼ਸਲ ਲਈ ਗੁਦਾਮਾਂ ਵਿਚ ਕੋਈ ਥਾਂ ਨਹੀਂ ਬਚੀ ਹੈ। ਪਰ ਨੱਕੋ-ਨੱਕ ਗੁਦਾਮ ਭਰੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਹਾਲੇ ਤੱਕ ਜ਼ਿਆਦਾ ਸੰਜੀਦਾ ਦਿਖਾਈ ਨਹੀਂ ਦੇ ਰਹੀ। ਪੰਜਾਬ ਦੇ ਕਿਸਾਨਾਂ ਲਈ ਇਹ ਖਤਰੇ ਦਾ ਘੁੱਗੂ ਵੀ ਹੈ ਕਿਉਂਕਿ ਦੂਜੇ ਸੂਬਿਆਂ ਵਿਚ ਕਣਕ ਦੀ ਮੰਗ ਪਹਿਲਾਂ ਵਾਂਗ ਨਹੀਂ ਰਹੀ। ਯੂ.ਪੀ. ਅਤੇ ਮੱਧ ਪ੍ਰਦੇਸ਼ ਵਿਚ ਹੁਣ ਕਣਕ ਦੀ ਪੈਦਾਵਾਰ ਵਧੀ ਹੈ। ਦੇਸ਼ ਭਰ ਵਿਚੋਂ ਇਸ ਸਮੇਂ ਇਕੱਲਾ ਪੰਜਾਬ ਅਜਿਹਾ ਸੂਬਾ ਹੈ, ਜਿਸ ਦੇ ਗੁਦਾਮਾਂ ਵਿਚ ਸਭ ਤੋਂ ਵੱਧ ਅਨਾਜ ਪਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਦੇ ਕਿਸਾਨਾਂ ਨੇ ਤਾਂ ਅਨਾਜ ਦੀ ਪੈਦਾਵਾਰ ਵਿਚ ਕੋਈ ਕਮੀ ਨਹੀਂ ਛੱਡੀ ਪਰ ਕੇਂਦਰ ਕੋਈ ਮੁੱਲ ਨਹੀਂ ਪਾ ਰਿਹਾ। ਕੇਂਦਰੀ ਖੁਰਾਕ ਨਿਗਮ ਅਨੁਸਾਰ ਉਤਰੀ ਸੂਬਿਆਂ ਵਿਚ ਇਸ ਸਮੇਂ 276.92 ਲੱਖ ਮੀਟਰਿਕ ਟਨ ਅਨਾਜ ਗੁਦਾਮਾਂ ਵਿਚ ਪਿਆ ਹੈ, ਜਿਸ ਵਿਚੋਂ ਇਕੱਲੇ ਪੰਜਾਬ ਵਿਚ 150.54 ਲੱਖ ਮੀਟਰਿਕ ਟਨ ਅਨਾਜ ਦਾ ਭੰਡਾਰ ਪਿਆ ਹੈ ਜੋ 54 ਫੀਸਦੀ ਬਣਦਾ ਹੈ। ਪੰਜਾਬ ਦੇ ਗੁਦਾਮਾਂ ਵਿਚ ਇਸ ਸਮੇਂ 62.12 ਲੱਖ ਮੀਟਰਿਕ ਟਨ ਚਾਵਲ ਅਤੇ 88.42 ਲੱਖ ਮੀਟਰਿਕ ਟਨ ਕਣਕ ਪਈ ਹੈ। ਦੇਸ਼ ਵਿਚੋਂ ਦੂਜੇ ਨੰਬਰ 'ਤੇ ਹਰਿਆਣਾ ਹੈ, ਜਿੱਥੋਂ ਦੇ ਗੁਦਾਮਾਂ ਵਿਚ 69.65 ਅਤੇ ਤੀਜੇ ਨੰਬਰ 'ਤੇ ਮੱਧ ਪ੍ਰਦੇਸ਼ ਵਿਚ 58.62 ਲੱਖ ਮੀਟਰਿਕ ਟਨ ਅਨਾਜ ਪਿਆ ਹੈ। ਪੰਜਾਬ ਦੇ ਗੁਦਾਮਾਂ ਵਿਚ 88.42 ਲੱਖ ਮੀਟਰਿਕ ਟਨ ਕਣਕ ਪਈ ਹੈ, ਜਦੋਂਕਿ ਹਰਿਆਣਾ ਵਿਚ 55.21 ਲੱਖ ਮੀਟਰਿਕ ਟਨ ਕਣਕ ਪਈ ਹੈ।
ਪੰਜਾਬ ਵਿਚ ਕਣਕ ਦੀ ਪੈਦਾਵਾਰ ਦੇ ਹਰ ਸਾਲ ਨਵੇਂ ਰਿਕਾਰਡ ਬਣ ਰਹੇ ਹਨ। ਕੇਂਦਰੀ ਪੂਲ ਲਈ ਸਾਲ 2018-19 ਵਿਚ 126.92 ਲੱਖ ਮੀਟਰਿਕ ਟਨ ਕਣਕ ਖਰੀਦੀ ਗਈ ਸੀ, ਜਦੋਂਕਿ ਸਾਲ 2017-18 ਵਿਚ 117.06 ਲੱਖ ਮੀਟਰਿਕ ਟਨ ਦੀ ਖਰੀਦ ਹੋਈ ਸੀ। ਚਾਰ ਸਾਲ ਪਹਿਲਾਂ ਪੰਜਾਬ ਵਿਚੋਂ 103.44 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੇਂਦਰੀ ਪੂਲ ਲਈ ਹੋਈ ਸੀ। ਵੇਰਵਿਆਂ ਮੁਤਾਬਕ ਹੁਣ ਦੂਜੇ ਸੂਬਿਆਂ ਵਿਚੋਂ ਕਣਕ ਦੀ ਖਰੀਦ ਲਗਾਤਾਰ ਵਧਣ ਲੱਗੀ ਹੈ, ਜਿਸ ਕਰਕੇ ਪੰਜਾਬ ਵਿਚੋਂ ਅਨਾਜ ਦੀ ਮੂਵਮੈਂਟ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਮਿਸਾਲ ਵਜੋਂ ਮੱਧ ਪ੍ਰਦੇਸ਼ ਵਿਚ ਸਾਲ 2016-17 ਵਿਚ 39.92 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਸੀ। ਜੋ ਕਿ ਪਿਛਲੇ ਸਾਲ ਵਧ ਕੇ 73.13 ਲੱਖ ਮੀਟਰਿਕ ਟਨ ਹੋ ਗਈ। ਉਤਰ ਪ੍ਰਦੇਸ਼ ਵਿਚ ਸਾਲ 2016-17 ਵਿਚ 7.97 ਲੱਖ ਮੀਟਰਿਕ ਟਨ ਕੇਂਦਰੀ ਪੂਲ ਲਈ ਕਣਕ ਦੀ ਖਰੀਦ ਹੋਈ ਸੀ ਜੋ ਲੰਘੇ ਸਾਲ ਵਧ ਕੇ 52.94 ਲੱਖ ਮੀਟਰਿਕ ਟਨ ਹੋ ਗਈ ਹੈ। ਲੰਘੇ ਸਾਲ ਕੇਂਦਰੀ ਪੂਲ ਲਈ ਦੇਸ਼ ਭਰ ਵਿਚ 357.95 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਸੀ। ਪੰਜਾਬ ਵਿਚ ਸਟੇਟ ਏਜੰਸੀਆਂ ਕੋਲ 69.40 ਲੱਖ ਮੀਟਰਿਕ ਟਨ ਕਣਕ ਪਈ ਹੈ। ਝੋਨੇ ਦੇ ਸੀਜ਼ਨ ਵਿਚ ਪੰਜਾਬ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਰੀਦ ਏਜੰਸੀਆਂ ਨੂੰ ਇਸ ਬਾਰੇ ਅਲਰਟ ਕਰ ਦਿੱਤਾ ਹੈ ਕਿਉਂਕਿ ਚੋਣਾਂ ਵਾਲਾ ਸਾਲ ਹੈ। ਕਿਸਾਨਾਂ ਦੀ ਥੋੜ੍ਹੀ ਬਹੁਤੀ ਖੱਜਲ-ਖੁਆਰੀ ਵੀ ਹਾਕਮ ਧਿਰ ਨੂੰ ਮਹਿੰਗੀ ਪੈ ਸਕਦੀ ਹੈ। ਪੰਜਾਬ ਵਿਚ ਇਸ ਸਮੇਂ ਰੋਜ਼ਾਨਾ 38 ਰੇਲਵੇ ਰੈਂਕਾਂ ਦੀ ਮੰਗ ਹੈ ਜਿਸ ਦੇ ਬਦਲੇ ਸਿਰਫ 17 ਤੋਂ 18 ਰੈਂਕ ਮਿਲ ਰਹੇ ਹਨ।
ਜ਼ਿਲਾ ਇਸਤਰੀ ਅਕਾਲੀ ਦਲ ਵਲੋਂ ਕੈਬਿਨਟ ਮੰਤਰੀ ਭਾਰਤ ਭੂਸ਼ਣ ਨੂੰ ਧਮਕੀ
NEXT STORY