ਕੇਂਦਰ ਸਰਕਾਰ ਦੇਸ਼ ਵਿਚ ਜੀ. ਐੱਸ. ਟੀ. ਲਾਗੂ ਕਰਨ ਜਾ ਰਹੀ ਹੈ। ਇਸਨੂੰ ਬੜੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਇਸ ਵਿਚ ਦੇਰੀ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਜੀ.ਵੀ.ਐੱਲ. ਨਰਸਿਮ੍ਹਾ ਰਾਓ ਦੇਰੀ ਦੇ ਪਿੱਛੇ ਕਾਂਗਰਸ ਨੂੰ ਦੋਸ਼ੀ ਮੰਨਦੇ ਹਨ। 'ਨਵੋਦਿਆ ਟਾਈਮਜ਼'/'ਜਗ ਬਾਣੀ' ਦੇ ਦਫਤਰ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼ :-
ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਵਿਚ ਦੇਰੀ ਲਈ ਕੌਣ ਜ਼ਿੰਮੇਵਾਰ ਹੈ?
ਪਹਿਲੇ ਸਾਲ ਤੋਂ ਹੀ ਚਰਚਾ ਹੋਈ ਹੈ ਇਸ ਦੇ ਲਈ 2-3 ਵਾਰ ਸੰਸਦ ਸੈਸ਼ਨ ਵੀ ਮੁਲਤਵੀ ਹੋਇਆ। ਮੈਂ ਤਾਂ ਇਸ ਵਿਚ ਦੇਰੀ ਲਈ ਸਿੱਧਾ ਦੋਸ਼ ਕਾਂਗਰਸ ਨੂੰ ਦੇਵਾਂਗਾ। ਦੇਰੀ ਲਈ ਵਿਰੋਧੀ ਧਿਰ ਦਾ ਨਾਂਹ-ਪੱਖੀ ਰੁਖ਼ ਹੀ ਜ਼ਿੰਮੇਵਾਰ ਹੈ।
ਜੀ. ਐੱਸ.ਟੀ. ਨੂੰ ਲੈ ਕੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਜਿਸ ਦਾ ਵਿਰੋਧ ਕਰ ਰਹੀ ਸੀ, ਉਸੇ ਨੂੰ ਅੱਜ ਲਾਗੂ ਕਰ ਰਹੀ ਹੈ?
ਆਮ ਸਹਿਮਤੀ ਬਣਾਉਣ ਵਿਚ ਯੂ. ਪੀ. ਏ. ਅਸਫਲ ਰਹੀ ਹੈ। ਕਈ ਸੂਬਿਆਂ ਵਿਚ ਸਾਡੀ ਸਰਕਾਰ ਨਹੀਂ, ਬਾਵਜੂਦ ਇਸਦੇ ਅਸੀਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਕਰਨ ਵਿਚ ਸਫਲ ਰਹੇ। ਇਹ ਕੰਮ ਯੂ. ਪੀ. ਏ. ਨਹੀਂ ਕਰ ਸਕੀ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਸਹਿਮਤੀ ਬਣਾਈ ਹੈ।
ਟੈਕਸਟਾਈਲ 'ਤੇ ਜੀ. ਐੱਸ. ਟੀ. ਦਾ ਕੀ ਅਸਰ ਪਵੇਗਾ?
ਟੈਕਸਟਾਈਲ ਮਹੱਤਵਪੂਰਨ ਸੈਕਟਰ ਹੈ। ਰੇਟਾਂ ਵਿਚ ਭਿੰਨਤਾ ਹੈ ਪਰ ਅਜਿਹਾ ਨਹੀਂ ਕਿ ਗਲਤ ਹੋਇਆ ਹੈ। ਕੁਝ ਸਮਾਂ ਲੱਗੇਗਾ ਅਤੇ ਹਾਂ-ਪੱਖੀ ਨਤੀਜਾ ਆਉਣ ਲੱਗੇਗਾ। ਟੈਕਸਟਾਈਲ ਵਿਚ ਰੇਂਜ ਕਾਫੀ ਹਨ।
ਵੈਟ ਦੇ ਮੁਕਾਬਲੇ ਕੀ ਵਾਧੂ ਭਾਰ ਪਵੇਗਾ?
ਸਰਕਾਰ ਦੀ ਇਹ ਸੋਚ ਹੈ ਕਿ ਕਿਸੇ ਵੀ ਸੈਕਟਰ 'ਤੇ ਕੋਈ ਬੋਝ ਨਾ ਪਵੇ। ਖਪਤਕਾਰ ਅਤੇ ਉਦਯੋਗਾਂ ਨੂੰ ਫਾਇਦਾ ਪਹੁੰਚੇ, ਇਸੇ ਸੋਚ ਦੇ ਨਾਲ ਜੀ. ਐੱਸ. ਟੀ. ਨੂੰ ਲਾਗੂ ਕੀਤਾ ਜਾ ਰਿਹਾ ਹੈ।
ਜੀ. ਐੱਸ. ਟੀ. ਨੂੰ ਲੈ ਕੇ ਖਦਸ਼ੇ ਕਿਉਂ ਹਨ?
ਦੇਖੋ, ਆਜ਼ਾਦੀ ਦੇ ਮਗਰੋਂ ਬਹੁਤ ਵੱਡਾ ਰਿਫਾਰਮ ਹੈ। ਸਰਕਾਰ ਵਲੋਂ ਤਿਆਰੀ ਕੀਤੀ ਜਾ ਰਹੀ ਹੈ। ਕੁਝ ਸਮਾਂ ਲੱਗੇਗਾ ਅਤੇ ਸਾਰੀਆਂ ਚੀਜ਼ਾਂ ਆਮ ਵਰਗੀਆਂ ਹੋ ਜਾਣਗੀਆਂ।
ਸਮਾਂ ਕੀ ਹੈ, ਟਰਾਇਲ ਵੀ ਨਹੀਂ, ਪੂਰੀ ਤਿਆਰੀ ਵੀ ਨਹੀਂ, ਸਾਫਟਵੇਅਰ ਡਿਵੈੱਲਪ ਨਹੀਂ, ਸਪੱਸ਼ਟਤਾ ਵੀ ਨਹੀਂ?
ਪਰਫੈਕਸ਼ਨ ਵਿਚ ਸਮਾਂ ਲੱਗਦਾ ਹੈ, ਤਿਆਰੀ ਕੀਤੀ ਜਾ ਰਹੀ ਹੈ, ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਤਾਂ ਲੱਗਦਾ ਹੀ ਹੈ। ਕਈ ਵਾਰ ਹੁੰਦਾ ਹੈ ਕਿ ਅੰਤਿਮ ਸਮੇਂ ਤੱਕ ਮਹਿਸੂਸ ਹੁੰਦਾ ਹੈ ਕਿ ਤਿਆਰੀ ਅਧੂਰੀ ਹੈ ਪਰ ਮੈਦਾਨ ਵਿਚ ਉਤਾਰਨ 'ਤੇ ਕੰਮ ਸ਼ੁਰੂ ਹੋ ਜਾਂਦਾ ਹੈ।
ਜੀ. ਐੱਸ. ਟੀ. ਕੀ ਚੋਣ ਫਾਇਦੇ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ?
ਸਿਆਸੀ ਦ੍ਰਿਸ਼ਟੀਕੋਣ ਤੋਂ ਨਹੀਂ, ਪਰ ਪਰਫੈਕਸ਼ਨ ਵਿਚ ਸਮਾਂ ਚਾਹੀਦਾ ਹੈ। ਹਾਂ-ਪੱਖੀ ਅਸਰ ਹੋਵੇਗਾ। ਵਿੱਤੀ ਵਰ੍ਹੇ 'ਚ ਸਮੇਂ 'ਤੇ ਉਪਾਅ ਵੀ ਆਉਣਗੇ। ਇਸ ਦੇ ਲਈ ਥੋੜ੍ਹਾ ਸਮਾਂ ਹੋਰ ਚਾਹੀਦਾ ਹੈ। ਸਾਡੇ ਕੋਲ ਸਮਾਂ ਵੀ ਹੈ। ਹਾਂ, ਜੇਕਰ ਕਿਸੇ ਖੇਤਰ ਵਿਚ ਦਿੱਕਤ ਆਉਂਦੀ ਹੈ ਤਾਂ ਇਸ 'ਤੇ ਸਮੀਖਿਆ ਵੀ ਸੰਭਵ ਹੈ। ਇਸਦਾ ਹਾਂ-ਪੱਖੀ ਅਸਰ ਡੀ. ਜੀ. ਪੀ. 'ਤੇ ਵੀ ਪਵੇਗਾ।
ਹੋਟਲ ਇੰਡਸਟਰੀ 'ਤੇ ਵੀ ਅਸਰ ਪਿਆ, ਟੈਕਸ ਵਧਿਆ ਹੈ?
ਸਰਕਾਰ ਖੁਦ ਟੂਰਿਜ਼ਮ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਵਿਚ ਲੱਗੀ ਹੈ। ਜੇਕਰ ਟੂਰਿਜ਼ਮ ਇੰਡਸਟਰੀ 'ਤੇ ਨੈਗੇਟਿਵ ਅਸਰ ਪਵੇਗਾ ਤਾਂ ਸਰਕਾਰ ਇਕ ਵਾਰ ਮੁੜ ਤੋਂ ਵਿਚਾਰ ਕਰ ਸਕਦੀ ਹੈ।
ਆਇਲ-ਗੈਸ ਇੰਡਸਟਰੀ ਵੀ ਜੀ. ਐੱਸ. ਟੀ. ਤੋਂ ਪ੍ਰੇਸ਼ਾਨ ਹਨ?
ਨਹੀਂ, ਅਜਿਹਾ ਨਹੀਂ ਹੈ, ਕੇਂਦਰ ਸਰਕਾਰ ਕਿਸੇ ਤਰ੍ਹਾਂ ਦੇ ਮਾਲੀਆ ਦਾ ਨੁਕਸਾਨ ਨਹੀਂ ਉਠਾਵੇਗੀ।
ਜੀ. ਐੱਸ. ਟੀ. ਦੇ ਇਲਾਵਾ ਤਿੰਨ ਸਾਲਾਂ ਨੂੰ ਕਿਵੇਂ ਦੇਖਦੇ ਹੋ?
ਮੋਦੀ ਦੇ ਆਉਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਸਿਖਰ 'ਤੇ ਸੀ। ਲੱਖਾਂ-ਕਰੋੜਾਂ ਦੇ ਘਪਲੇ ਹੁੰਦੇ ਸਨ ਪਰ ਹੁਣ ਅਜਿਹਾ ਨਹੀ ਹੈ ਅਤੇ ਹਾਲਤ ਇਕਦਮ ਬਦਲ ਗਈ ਹੈ। ਤਿੰਨ ਸਾਲਾਂ ਵਿਚ ਵਿਰੋਧੀ ਧਿਰ ਇਕ ਦੋਸ਼ ਨਹੀਂ ਲਗਾ ਸਕੀ। ਚਾਹੇ ਸਪੈਕਟਰਮ ਨਿਲਾਮੀ ਹੋਵੇ, ਕੋਲਾ ਨਿਲਾਮੀ ਹੋਵੇ ਜਾਂ ਫਿਰ ਕੁਝ ਹੋਰ।
ਯੂ. ਪੀ. ਵਿਚ ਸਰਕਾਰ ਪ੍ਰਾਪਤੀਆਂ ਦੀ ਥਾਂ 'ਤੇ ਮੀਟ, ਦੰਗੇ ਅਤੇ ਰੋਮੀਓ 'ਚ ਫਸਦੀ ਨਜ਼ਰ ਆ ਰਹੀ ਹੈ?
ਜਨਤਾ ਤੇ ਸਰਕਾਰ ਦਾ ਵੇਬ ਲੈਂਥ ਮੈਚ ਕਰ ਰਿਹਾ ਹੈ। ਜ਼ਿਆਦਾਤਰ ਮੀਡੀਆ ਵਿਚ ਨੈਗੇਟਿਵ ਦਿਸਦਾ ਹੈ। ਜਦਕਿ ਜ਼ਮੀਨੀ ਸੱਚਾਈ ਕੁਝ ਹੋਰ ਹੈ। ਮੈਂ ਯੂ. ਪੀ. ਦੇ ਕਈ ਪਿੰਡਾਂ ਵਿਚ ਜਾ ਕੇ ਦੇਖਿਆ ਕਿ ਲੋਕ ਸਰਕਾਰ ਦੀ ਸਿਫਤ ਕਰ ਰਹੇ ਹਨ।
ਵਿਰੋਧੀ ਧਿਰ ਕਹਿੰਦੀ ਹੈ ਕਿ ਭਾਜਪਾ ਬ੍ਰਾਂਡਿੰਗ ਕਰ ਰਹੀ ਹੈ?
ਹਕੀਕਤ ਨੂੰ ਮਿਥਿਆ 'ਚ ਤਬਦੀਲ ਕਰਨ ਵਿਚ ਵਿਰੋਧੀ ਧਿਰਾਂ ਲੱਗੀਆਂ ਹਨ। ਇਸਦੇ ਲਈ ਵਿਰੋਧੀ ਧਿਰ ਮਰ ਰਹੀ ਹੈ, ਜਨਤਾ ਨਾਲ ਸੰਪਰਕ ਟੁੱਟ ਚੁੱਕਾ ਹੈ। ਜ਼ਮੀਨ ਨਾਲੋਂ ਟੁੱਟ ਕੇ ਸਿਆਸਤ ਨਹੀਂ ਹੁੰਦੀ।
ਕਿਸ ਮੰਤਰਾਲਾ 'ਚ ਜ਼ਿਆਦਾ ਕੰਮ ਦੀ ਲੋੜ ਹੈ?
ਹਰ ਪੱਧਰ 'ਤੇ ਸਰਕਾਰ ਕੰਮ ਕਰ ਰਹੀ ਹੈ, ਕਿਸੇ ਵਿਸ਼ੇਸ਼ ਸੈਕਟਰ ਬਾਰੇ ਨਹੀਂ ਕਿਹਾ ਜਾ ਸਕਦਾ। ਕੁਝ ਵਿਸ਼ੇ ਅਜਿਹੇ ਹੁੰਦੇ ਹਨ, ਜਿਨ੍ਹਾਂ ਬਾਰੇ ਸਿੱਧੇ ਤੌਰ 'ਤੇ ਅਨੁਭਵ ਨਹੀਂ ਹੋ ਰਿਹਾ ਪਰ ਬਹੁਤ ਸਾਰੇ ਰੁਕੇ ਹੋਏ ਪੁਰਾਣੇ ਪ੍ਰਾਜੈਕਟਾਂ 'ਤੇ ਕੰਮ ਹੋ ਰਿਹਾ ਹੈ। ਭਾਵ, ਰੇਲਵੇ ਵਿਚ 18 ਲੱਖ ਕਰੋੜ ਦਾ ਨਿਵੇਸ਼ ਹੋਇਆ ਹੈ। ਉਸ ਨਾਲ ਪੁਰਾਣੇ ਸਮੇਂ ਦੇ ਐਲਾਨੇ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਸੇਫਟੀ ਅਤੇ ਮੁਸਾਫਿਰਾਂ ਦੀਆਂ ਸਹੂਲਤਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ।
ਰਾਮ ਚੰਦਰ ਗੁਹਾ ਕਹਿੰਦੇ ਹਨ,''ਸਰਕਾਰ ਐਂਟੀ ਇੰਟਲੈਕਚੁਅਲ ਹੈ?
ਇਹ ਸਰਕਾਰ ਹੋਰ ਸਰਕਾਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਆਜ਼ਾਦੀ ਦੇਣ ਵਾਲੀ ਸਰਕਾਰ ਹੈ। ਕਿਸੇ ਦੀ ਵਿਰੋਧੀ ਨਹੀਂ। ਇੰਟਲੈਕਚੁਅਲ (ਬੁੱਧੀਜੀਵੀ) ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਫੌਜ ਮੁਖੀ ਦੀ ਤੁਲਨਾ ਜਨਰਲ ਡਾਇਰ ਨਾਲ ਕਰ ਦਿਓ।
ਮੋਦੀ ਸਰਕਾਰ ਬਦਲੇ ਦੀ ਨਹੀਂ, ਸਗੋਂ ਸਭ ਦਾ ਧਿਆਨ ਵਾਲੀ ਭਾਵਨਾ ਨਾਲ ਕੰਮ ਕਰ ਰਹੀ ਹੈ। ਕਾਂਗਰਸ ਸ਼ਾਸਿਤ ਸੂਬਿਆਂ ਦੇ ਨਾਲ ਵਿਕਾਸ ਦੇ ਕਾਰਜ ਵੀ ਕੇਂਦਰ ਸਰਕਾਰ ਬਾਖੂਬੀ ਕਰ ਰਹੀ ਹੈ।
ਨੋਟਬੰਦੀ ਨੂੰ ਲੈ ਕੇ ਲੋਕ ਪ੍ਰੇਸ਼ਾਨ ਹੋਏ?
ਨੋਟਬੰਦੀ ਨੂੰ ਲੈ ਕੇ ਸ਼ੁਰੂ ਵਿਚ ਜ਼ਰੂਰ ਕੁਝ ਔਕੜਾਂ ਨਜ਼ਰ ਆਈਆਂ ਪਰ ਇਸਦੇ ਵਿਆਪਕ ਪ੍ਰਭਾਵਾਂ ਤੋਂ ਆਮ ਆਦਮੀ ਸੰਤੁਸ਼ਟ ਸੀ। ਨਾਲ ਹੀ ਹੁਣ ਸਾਨੂੰ ਸਾਫ ਲੱਗਦਾ ਹੈ ਕਿ ਨਕਦੀ ਦੀ ਤਰਲਤਾ ਹੋਣ ਨਾਲ ਮਹਿੰਗਾਈ ਕਾਬੂ ਵਿਚ ਰਹੇਗੀ।
ਟੀਚਾ 2019 'ਚ 332 ਸੀਟਾਂ ਦਾ
ਭਾਜਪਾ ਲਈ ਅਗਲੀ ਚੁਣੌਤੀ ਕੀ ਹੋਵੇਗੀ?
ਭਾਜਪਾ ਨੂੰ ਕੋਈ ਸਿਆਸੀ ਵੱਡੀ ਚੁਣੌਤੀ ਨਹੀਂ ਦਿਸ ਰਹੀ। ਸਾਰੀਆਂ ਵਿਰੋਧੀ ਧਿਰਾਂ ਮਿਲ ਕੇ ਸਾਡਾ ਮੁਕਾਬਲਾ ਵੀ ਨਹੀਂ ਕਰ ਸਕਣਗੀਆਂ। ਅਸਲੀ ਟੀਚਾ 2019 ਦਾ ਹੈ, ਜਿਸ ਵਿਚ 2014 ਵਿਚ ਮਿਲੀਆਂ 200 ਸੀਟਾਂ ਦੀ ਬਜਾਏ 332 ਦਾ ਟਾਰਗੇਟ ਤੈਅ ਕੀਤਾ ਗਿਆ ਹੈ। ਇਸ ਦੇ ਲਈ ਜੀ-ਤੋੜ ਕੇ ਮਿਹਨਤ ਕੀਤੀ ਜਾ ਰਹੀ ਹੈ। ਭਾਜਪਾ ਜਿਥੇ ਨਹੀਂ ਹੈ, ਉਨ੍ਹਾਂ ਸੂਬਿਆਂ 'ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ। ਜਿਨ੍ਹਾਂ ਸੂਬਿਆਂ 'ਚ ਨਤੀਜਾ ਸਾਡੇ ਅਨੁਸਾਰ ਨਹੀਂ ਸੀ, ਉਥੇ ਵੱਧ ਮਿਹਨਤ ਕੀਤੀ ਜਾ ਰਹੀ ਹੈ।
ਪੱਪੂ ਕਿਹਾ ਤਾਂ ਕਾਰਵਾਈ, ਆਰਮੀ ਚੀਫ ਨੂੰ ਗੁੰਡਾ ਕਹਿਣ 'ਤੇ ਕੁਝ ਨਹੀਂ
ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲੇ ਇਕ ਆਗੂ ਨੂੰ ਕਾਂਗਰਸ ਨੇ ਪਾਰਟੀ ਵਿਚੋਂ ਕੱਢ ਦਿੱਤਾ, ਜਦਕਿ ਆਰਮੀ ਚੀਫ ਨੂੰ ਗੁੰਡਾ ਕਹਿਣ ਲਈ ਕੀ ਕੋਈ ਕਾਰਵਾਈ ਨਹੀਂ। ਇਕ ਪਰਿਵਾਰ 'ਤੇ ਕੋਈ ਟਿੱਪਣੀ ਹੋਵੇ ਤਾਂ ਕਾਂਗਰਸ ਵਿਚ ਤੁਰੰਤ ਕਾਰਵਾਈ ਹੋ ਜਾਂਦੀ ਹੈ। ਕੀ ਆਰਮੀ ਚੀਫ ਦਾ ਕੋਈ ਮਾਣ-ਸਨਮਾਨ ਨਹੀਂ?
ਦਾਅਵਾ, ਵਪਾਰੀ ਵੀ ਖੁਸ਼ ਤੇ ਗਰੀਬ ਕਿਸਾਨ ਵੀ
ਭਾਰਤੀ ਜਨਤਾ ਪਾਰਟੀ ਇਕ ਵਰਗ ਵਿਸ਼ੇਸ਼ ਲਈ ਨਹੀਂ, ਸਗੋਂ ਗਰੀਬਾਂ ਦੀ ਭਲਾਈ ਲਈ ਕੰਮ ਕਰਦੀ ਹੈ। ਭਾਜਪਾ ਤਾਂ ਨਾਅਰਾ ਹੈ 'ਸਬਕਾ ਸਾਥ, ਸਬਕਾ ਵਿਕਾਸ'। ਵਪਾਰੀਆਂ ਨਾਲ ਮੈਂ ਖੁਦ ਗੱਲ ਕੀਤੀ ਹੈ। ਛੋਟੇ ਵਪਾਰੀ ਬੜੇ ਖੁਸ਼ ਹਨ। ਗਰੀਬ ਕਿਸਾਨ ਵੀ ਸਰਕਾਰ ਅਤੇ ਉਸਦੇ ਕੰਮ ਤੋਂ ਖੁਸ਼ ਹੈ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਲੰਮੇ ਅਰਸੇ ਮਗਰੋਂ ਮੋਦੀ ਦੇ ਰੂਪ ਵਿਚ ਪ੍ਰਧਾਨ ਮੰਤਰੀ ਉਨ੍ਹਾਂ ਦੇ ਹਿੱਤਾਂ 'ਤੇ ਧਿਆਨ ਦੇ ਰਹੇ ਹਨ।
ਪਾਕਿ-ਇੰਗਲੈਂਡ ਮੈਚ 'ਤੇ ਸੱਟਾ ਲਗਾਉਂਦੇ ਕਈ ਸੱਟੇਬਾਜ਼ ਗ੍ਰਿਫ਼ਤਾਰ
NEXT STORY