ਜਲੰਧਰ (ਪੁਨੀਤ)– ਤਿਉਹਾਰਾਂ ਦੇ ਸੀਜ਼ਨ ਵਿਚ ਵਿਕਰੀ ਮੁਤਾਬਕ ਟੈਕਸ ਦੀ ਕੁਲੈਕਸ਼ਨ ਨਾ ਹੋਣ ਕਾਰਨ ਸਟੇਟ ਜੀ. ਐੱਸ . ਟੀ. ਵਿਭਾਗ ਦੀਆਂ ਟੀਮਾਂ ਚੌਕਸ ਹੋ ਚੁੱਕੀਆਂ ਹਨ। ਇਸੇ ਆਧਾਰ ’ਤੇ ਜਲੰਧਰ-2 ਦੀਆਂ 3 ਟੀਮਾਂ ਨੇ ਪੰਜਪੀਰ ਬਾਜ਼ਾਰ ’ਚ ਅਸ਼ੋਕਾ, ਡਾਬਰ ਅਤੇ ਬਿੱਟਿਨ ਦੇ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮਾਂ ਵਿਚ ਛਾਪੇਮਾਰੀ ਕਰ ਕੇ ਕੱਚੀਆਂ ਪਰਚੀਆਂ, ਮੋਬਾਇਲ ਫੋਨ, ਕਾਗਜ਼ਾਤ ਆਦਿ ਜ਼ਬਤ ਕੀਤੇ ਹਨ। ਲਗਭਗ 4 ਘੰਟੇ ਚੱਲੀ ਇਸ ਕਾਰਵਾਈ ਵਿਚ ਮਹਿਕਮੇ ਨੇ ਕਈ ਅਹਿਮ ਤੱਥ ਜੁਟਾਏ ਹਨ।
ਟੈਕਸੇਸ਼ਨ ਮਹਿਕਮੇ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਵੱਲੋਂ 5 ਐੱਸ. ਟੀ. ਓ. (ਸਟੇਟ ਟੈਕਸ ਆਫਿਸਰਜ਼) ਦੀਆਂ 3 ਟੀਮਾਂ ਬਣਾ ਕੇ ਕਾਰਵਾਈ ਲਈ ਪੰਜਪੀਰ ਬਾਜ਼ਾਰ ਵਿਚ ਭੇਜੀਆਂ ਗਈਆਂ। ਇਸ ਕਾਰਵਾਈ ਵਿਚ ਮੁੱਖ ਤੌਰ ’ਤੇ ਅੰਦਰ ਪਏ ਸਟਾਕ ਦੇ ਰਿਕਾਰਡ ਦੀ ਜਾਂਚ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ। ਦੁਪਹਿਰ 1.45 ਵਜੇ ਦੇ ਲਗਭਗ ਤਿੰਨਾਂ ਟੀਮਾਂ ਨੇ ਐੱਸ. ਟੀ. ਓ., ਇੰਸਪੈਕਟਰਾਂ ਅਤੇ ਵਿਭਾਗੀ ਪੁਲਸ ਪਾਰਟੀ ਨਾਲ ਇਕ ਹੀ ਸਮੇਂ ’ਤੇ ਰੈਡੀਮੇਡ ਗਾਰਮੈਂਟਸ ਦੇ ਵੱਡੇ ਵਪਾਰੀ ਅਸ਼ੋਕਾ, ਡਾਬਰ ਅਤੇ ਬਿੱਟਿਨ ਦੇ ਸ਼ੋਅਰੂਮ ਵਿਚ ਛਾਪੇਮਾਰੀ ਕੀਤੀ। ਕਰੋੜ ਤੋਂ ਵੱਧ ਦੀ ਟਰਨਓਵਰ ਵਾਲੀਆਂ ਤਿੰਨੋਂ ਇਕਾਈਆਂ ਬਿਨਾਂ ਬਿੱਲ ਦੇ ਮਾਲ ਖ਼ਰੀਦਣ ਅਤੇ ਵੇਚਣ ਦੀਆਂ ਸੂਚਨਾਵਾਂ ਦੇ ਆਧਾਰ ’ਤੇ ਜਾਂਚ ਦੇ ਘੇਰੇ ਵਿਚ ਲਿਆਂਦੀਆਂ ਗਈਆਂ।
ਇਹ ਵੀ ਪੜ੍ਹੋ: ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ
ਅਸ਼ੋਕਾ ਅਤੇ ਡਾਬਰ ਦੇ ਸ਼ੋਅਰੂਮ ਵਿਚ ਐੱਸ. ਟੀ. ਓ. ਪਵਨ ਕੁਮਾਰ, ਕੁਲਵਿੰਦਰ ਸਿੰਘ ਅਤੇ ਮਨੀਸ਼ ਗੋਇਲ ਨੇ ਇੰਸਪੈਕਟਰ ਕਾਵੇਰੀ ਸ਼ਰਮਾ, ਸਿਮਰਨਪ੍ਰੀਤ ਸਿੰਘ ਅਤੇ ਸ਼ਿਵਦਿਆਲ ਨਾਲ ਛਾਪੇਮਾਰੀ ਕੀਤੀ। ਉਥੇ ਹੀ, ਐੱਸ. ਟੀ. ਓ. ਕੈਪਟਨ ਅੰਜਲੀ ਸੇਖੜੀ, ਮਨਵੀਰ ਬੁੱਟਰ ਅਤੇ ਧਰਮਿੰਦਰ ਸਿੰਘ ਨੇ ਇੰਸ. ਇੰਦਰਬੀਰ, ਯੋਗੇਸ਼ ਮਿੱਤਲ, ਕਸ਼ਮੀਰ ਸਿੰਘ ਸਮੇਤ ਵਿਭਾਗੀ ਪੁਲਸ ਪਾਰਟੀ ਨਾਲ ਬਿੱਟਿਨ ਗਾਰਮੈਂਟਸ ਵਿਚ ਛਾਪੇਮਾਰੀ ਕੀਤੀ। ਅਸ਼ੋਕਾ ਤੇ ਡਾਬਰ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਦੋਵੇਂ ਸ਼ੋਅਰੂਮ ਨਾਲ-ਨਾਲ ਹਨ, ਜਦੋਂ ਕਿ ਬਿੱਟਿਨ ਦਾ ਸ਼ੋਅਰੂਮ ਕੁਝ ਹੀ ਦੂਰੀ ’ਤੇ ਹੈ। ਤਿੰਨਾਂ ਇਕਾਈਆਂ ਵੱਲੋਂ ਬੜੇ ਵੱਡੇ ਪੱਧਰ ’ਤੇ ਰੈਡੀਮੇਡ ਗਾਰਮੈਂਟਸ ਦਾ ਵਪਾਰ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਮਹਿਕਮੇ ਦੇ ਸਟਾਫ਼ ਨੂੰ ਗਾਹਕ ਬਣਾ ਕੇ ਭੇਜਿਆ ਗਿਆ ਸੀ ਅਤੇ ਜਾਣਕਾਰੀ ਜੁਟਾਈ ਗਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਸ਼ੋਅਰੂਮ ਵੱਡੇ ਪੱਧਰ ’ਤੇ ਮਾਲ ਦੀ ਵਿਕਰੀ ’ਤੇ ਬਿੱਲ ਨਹੀਂ ਬਣਾ ਰਹੇ, ਜਿਸ ਨਾਲ ਜੀ. ਐੱਸ. ਟੀ. ਵਿਭਾਗ ਨੂੰ ਰੈਵੇਨਿਊ ਦਾ ਲਾਸ ਹੋ ਰਿਹਾ ਹੈ।
ਵਿਭਾਗ ਨੂੰ ਮੰਗਲਵਾਰ ਪੁਖ਼ਤਾ ਸੂਚਨਾ ਮਿਲੀ ਕਿ ਸਬੰਧਤ ਸ਼ੋਅਰੂਮਾਂ ਵਿਚ ਬਿਨਾਂ ਬਿੱਲ ਦਾ ਮਾਲ ਪਿਆ ਹੈ, ਜਿਸ ਦੇ ਆਧਾਰ ’ਤੇ ਮਹਿਕਮੇ ਨੇ ਸ਼ਾਮੀਂ ਸਵਾ 5 ਵਜੇ ਤੱਕ ਸਰਚ ਮੁਹਿੰਮ ਚਲਾਉਂਦਿਆਂ ਅੰਦਰ ਪਏ ਸਟਾਕ ਨੂੰ ਨੋਟ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਅੰਦਰ ਪਏ ਮਾਲ ਦੀ ਗਿਣਤੀ ਮਹਿਕਮੇ ਦੇ ਖਦਸ਼ੇ ਤੋਂ ਬਹੁਤ ਵੱਧ ਪਾਈ ਗਈ। ਇਸ ਵਿਚ ਵੱਡੇ ਪੱਧਰ ’ਤੇ ਬਿਨਾਂ ਬਿੱਲ ਦਾ ਮਾਲ ਹੋਣ ਦਾ ਪਤਾ ਲੱਗਾ ਹੈ ਅਤੇ ਮੁੱਢਲੀ ਜਾਂਚ ਵਿਚ ਸਾਰਿਆਂ ਦੇ ਬਿੱਲ ਨਹੀਂ ਮਿਲ ਸਕੇ। ਉਕਤ ਇਕਾਈਆਂ ਮੈਨੂਅਲ ਢੰਗ ਨਾਲ ਬਿਲਿੰਗ ਕਰਦੀਆਂ ਹਨ, ਜਿਸ ਕਾਰਨ ਮਹਿਕਮੇ ਨੇ ਬਿੱਲ ਬੁੱਕਾਂ ਨੂੰ ਵੀ ਜ਼ਬਤ ਕਰ ਲਿਆ ਹੈ। ਉਥੇ ਹੀ, ਅਸ਼ੋਕਾ ਗਾਰਮੈਂਟਸ ਵਿਚ ਸਰਚ ਦੌਰਾਨ ਇਕ ਕਰਮਚਾਰੀ ਦਾ ਮੋਬਾਇਲ ਫੋਨ ਵੀ ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ: FCI ਦੇ ਚੇਅਰਮੈਨ ਅੱਜ ਤੋਂ 2 ਦਿਨਾ ਦੇ ਪੰਜਾਬ ਦੌਰੇ 'ਤੇ, ਝੋਨੇ ਦੀ ਖ਼ਰੀਦ ਸਬੰਧੀ ਹੋਵੇਗੀ ਸਮੀਖਿਆ
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਫੋਨ ’ਤੇ ਲੈਣ-ਦੇਣ ਦੀ ਜਾਣਕਾਰੀ ਹੋਣ ਦੇ ਆਧਾਰ ’ਤੇ ਫੋਨ ਨੂੰ ਜਾਂਚ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਦੌਰਾਨ ਮਹਿਕਮੇ ਨੂੰ ਵੱਡੇ ਪੱਧਰ ’ਤੇ ਕੱਚੀਆਂ ਪਰਚੀਆਂ ਵੀ ਮਿਲੀਆਂ ਹਨ। ਕਈ ਤੱਥਾਂ ਵਿਚ ਮਿਲੀ ਸਫਲਤਾ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਇਕਾਈਆਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ।
12 ਫ਼ੀਸਦੀ ਵਾਲੀ ਆਈਟਮ ਦਾ 5 ਫ਼ੀਸਦੀ ਦੇ ਹਿਸਾਬ ਨਾਲ ਬਣ ਰਿਹਾ ਬਿੱਲ
ਤਿੰਨਾਂ ਸ਼ੋਅਰੂਮਾਂ ਵਿਚ ਬੱਚਿਆਂ ਦੇ ਲੇਡੀਜ਼ ਅਤੇ ਜੈਂਟਸ ਗਾਰਮੈਂਟਸ ਉਪਲੱਬਧ ਹਨ। ਬਾਜ਼ਾਰ ਵਿਚ ਆਉਣ ਵਾਲੇ ਗਾਹਕਾਂ ਨੂੰ ਵਧੇਰੇ ਮਾਲ ਬਿਨਾਂ ਬਿੱਲ ਦੇ ਵੇਚਿਆ ਜਾਂਦਾ ਹੈ। ਮਹਿਕਮੇ ਨੇ ਪਿਛਲੇ ਦਿਨੀਂ ਚੱਲੀ ਕਾਰਵਾਈ ਵਿਚ ਕਈ ਜਾਣਕਾਰੀਆਂ ਇਕੱਤਰ ਕੀਤੀਆਂ ਹਨ। ਰੈਡੀਮੇਡ ਗਾਰਮੈਂਟਸ ’ਤੇ 1000 ਤੋਂ ਹੇਠਲੀ ਆਈਟਮ ’ਤੇ 5 ਫੀਸਦੀ, ਜਦੋਂ ਕਿ ਉਸ ਤੋਂ ਉਪਰ ਦੀ ਬਿਲਿੰਗ ’ਤੇ 12 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲਾਗੂ ਹੁੰਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਖਾਨਾਪੂਰਤੀ ਲਈ ਜਿਹੜੇ ਬਿੱਲ ਕੱਟੇ ਜਾਂਦੇ ਹਨ, ਉਨ੍ਹਾਂ ਵਿਚ 5 ਫੀਸਦੀ ਵਾਲੀ ਸਲੈਬ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਲੈ ਕੇ ਕੱਟੇ ਗਏ ਬਿੱਲ ਅਤੇ ਉਕਤ ਗਾਰਮੈਂਟਸ ਦੇ ਮਾਰਕੀਟ ਮੁੱਲ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਵਿਚ ਫਰਕ ਆਉਣ ’ਤੇ ਬਣਦੀ ਕਾਰਵਾਈ ਹੋਵੇਗੀ।
ਛਾਪੇਮਾਰੀ ਹੁੰਦੇ ਹੀ ਬਾਜ਼ਾਰ ਵਿਚ ਮਚਿਆ ਹੜਕੰਪ
ਐਨਫੋਰਸਮੈਂਟ ਵਿਭਾਗ ਦੀ ਕਾਰਵਾਈ ਰੁਟੀਨ ਵਿਚ ਚੱਲਦੀ ਰਹਿੰਦੀ ਹੈ, ਜਦੋਂ ਕਿ ਜ਼ਿਲ੍ਹੇ ਦੀ ਟੀਮ ਵੱਲੋਂ ਕਾਫੀ ਸਮਾਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਬਾਜ਼ਾਰ ਵਿਚ ਦੁਪਹਿਰ ਸਮੇਂ ਜੀ. ਐੱਸ. ਟੀ. ਵਿਭਾਗ ਦੀ ਛਾਪੇਮਾਰੀ ਹੁੰਦੇ ਹੀ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਦੁਕਾਨਦਾਰਾਂ ਨੇ ਆਪਣੇ ਕਾਗਜ਼ਾਤ ਲੁਕਾਉਣੇ ਸ਼ੁਰੂ ਕਰ ਦਿੱਤੇ ਹਨ। ਤਿੰਨਾਂ ਸ਼ੋਅਰੂਮਾਂ ਵਿਚ ਛਾਪੇਮਾਰੀ ਚੱਲਣ ਤੱਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਮਾਲ ਵੇਚਣ ਸਮੇਂ ਉਨ੍ਹਾਂ ਦੇ ਬਿੱਲ ਕੱਟਣੇ ਸ਼ੁਰੂ ਕਰ ਦਿੱਤੇ।
ਅੰਦਰੂਨੀ ਬਾਜ਼ਾਰਾਂ ’ਤੇ ਵਿਭਾਗ ਦਾ ਮੁੱਖ ਫੋਕਸ : ਡਿਪਟੀ ਕਮਿਸ਼ਨਰ ਪਰਮਜੀਤ ਸਿੰਘ
ਡਿਪਟੀ ਕਮਿਸ਼ਨਰ ਟੈਕਸੇਸ਼ਨ ਪਰਮਜੀਤ ਸਿੰਘ ਨੇ ਕਿਹਾ ਕਿ ਪੁਖਤਾ ਜਾਣਕਾਰੀ ਜੁਟਾਉਣ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੰਦਰੂਨੀ ਬਾਜ਼ਾਰਾਂ ’ਤੇ ਵਿਭਾਗ ਨੇ ਮੁੱਖ ਤੌਰ ’ਤੇ ਫੋਕਸ ਕੀਤਾ ਹੈ। ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੇ ਅਤੇ ਅੰਦਰੂਨੀ ਬਾਜ਼ਾਰਾਂ ਵਿਚ ਕਈ ਛੋਟੇ-ਛੋਟੇ ਸ਼ੋਅਰੂਮ ਕਰੋੜਾਂ ਰੁਪਏ ਦਾ ਵਪਾਰ ਕਰਦੇ ਹਨ, ਜਦੋਂ ਕਿ ਵਿਭਾਗ ਨੂੰ ਬਣਦਾ ਟੈਕਸ ਦੇਣ ਵਿਚ ਕਈ ਸ਼ੋਅਰੂਮਾਂ ਵੱਲੋਂ ਗੋਲਮਾਲ ਕੀਤਾ ਜਾ ਰਿਹਾ ਹੈ। ਤੱਥ ਜੁਟਾਉਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਰੁਟੀਨ ਵਿਚ ਬਿੱਲ ਬਣਾਉਣ ਤੋਂ ਵਧੇਰੇ ਦੁਕਾਨਦਾਰ ਗੁਰੇਜ਼ ਕਰਦੇ ਹਨ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਹੁਣ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵੇਂ VC ਨੂੰ ਲੈ ਕੇ ਪਿਆ ਪੇਚਾ
NEXT STORY