ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਵਿਚ ਬਣਨ ਵਾਲੇ ਕਾਲਜ ਆਫ ਐਗਰੀਕਲਚਰ ਦਾ ਨੀਂਹ ਪੱਥਰ ਰੱਖੇ ਜਾਣ ਦੇ ਲਗਭਗ 9 ਸਾਲ ਬੀਤਣ ਦੇ ਬਾਵਜੂਦ ਕਾਲਜ ਲਈ ਬਣਨ ਵਾਲੀ ਨਵੀਂ ਇਮਾਰਤ ਲਈ ਇਕ ਇੱਟ ਵੀ ਨਾ ਲਾਏ ਜਾਣ ਕਾਰਣ ਇਸ ਸਬੰਧੀ ਰੱਖਿਆ ਨੀਂਹ ਪੱਥਰ ਲੋਕਾਂ ਵਿਚ ਚਰਚਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਇਮਾਰਤ ਦਾ ਨੀਂਹ ਪੱਥਰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਰੱਖਿਆ ਸੀ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਰਿਜਨਲ ਕੈਂਪਸ ਗੁਰਦਾਸਪੁਰ ਵਿਚ ਸਾਲ 2011 ਵਿਚ ਪੰਜਾਬ ਸਰਕਾਰ ਨੇ ਕਾਲਜ ਆਫ ਐਗਰੀਕਲਚਰ ਬਣਾਉਣ ਦਾ ਫੈਸਲਾ ਲਿਆ ਸੀ ਅਤੇ ਇਸ ਕਾਲਜ ਲਈ ਇਮਾਰਤ ਬਣਾਉਣ ਲਈ 22 ਮਾਰਚ 2011 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਉਦੋਂ ਐਲਾਨ ਕੀਤਾ ਗਿਆ ਸੀ ਕਿ 31 ਮਾਰਚ 2012 ਤੱਕ ਇਮਾਰਤ ਤਿਆਰ ਹੋ ਜਾਵੇਗੀ ਅਤੇ ਕਲਾਸਾਂ ਨਵੀਂ ਇਮਾਰਤ ਵਿਚ ਲੱਗਣਗੀਆ। ਕਲਾਸਾਂ ਤਾਂ ਮਾਰਚ 2012 ਵਿਚ ਸ਼ੁਰੂ ਹੋ ਗਈਆਂ ਪਰ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ।
ਪਹਿਲਾਂ ਬਣੀ ਇਮਾਰਤ 'ਚ ਹੀ ਚੱਲ ਰਹੀਆਂ ਹਨ ਕਲਾਸਾਂ
ਲਗਭਗ 9 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਾਲਜ ਆਫ ਐਗਰੀਕਲਚਰ ਦੀਆਂ ਕਲਾਸਾਂ ਉੱਥੇ ਪਹਿਲਾਂ ਬਣੀ ਇਮਾਰਤਾਂ ਵਿਚ ਹੀ ਚਲ ਰਹੀਆਂ ਹਨ ਅਤੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੇ ਲਈ ਇਸ ਕਾਲਜ ਦੀ ਇਮਾਰਤ ਲਈ ਰੱਖਿਆ ਨੀਂਹ ਪੱਥਰ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਕੈਂਪਸ ਵਿਚ ਰੱਖੇ ਇਸ ਨੀਂਹ ਪੱਥਰ 'ਤੇ ਹਰ ਕਿਸੇ ਦੀ ਨਜ਼ਰ ਜਾਂਦੀ ਹੈ ਅਤੇ ਲੰਗਾਹ ਦਾ ਨਾਂ ਲਿਖਿਆ ਹੋਣ ਕਾਰਣ ਇਸ ਨੀਂਹ ਪੱਥਰ ਦਾ ਮਹੱਤਵ ਵੈਸੇ ਹੀ ਵੱਧ ਜਾਂਦਾ ਹੈ।
ਕੀ ਕਹਿਣਾ ਹੈ ਅਧਿਕਾਰੀਆਂ ਦਾ
ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਸੁੱਚਾ ਸਿੰਘ ਲੰਗਾਹ ਕੁਝ ਕਾਰਣਾਂ ਤੋਂ ਚਰਚਿਤ ਰਹੇ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ ਪਰ ਸ੍ਰੀ ਅਕਾਲ ਤਖਤ ਨੇ ਉਨ੍ਹਾਂ ਨੂੰ ਅਜੇ ਮੁਆਫੀ ਨਹੀਂ ਦਿੱਤੀ ਹੈ ਪਰ ਜਦ ਨੀਂਹ ਪੱਥਰ ਰੱਖਿਆ ਗਿਆ ਸੀ, ਉਦੋ ਉਹ ਖੇਤੀਬਾੜੀ ਮੰਤਰੀ ਸੀ, ਉਦੋਂ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਇਸ ਕਾਲਜ ਲਈ ਬਣਨ ਵਾਲੀ ਇਮਾਰਤ ਦੇ ਲਈ ਕਿਸੇ ਤਰ੍ਹਾਂ ਦੇ ਫੰਡ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਕਾਰਣ ਇਹ ਨੀਂਹ ਪੱਥਰ ਹੁਣ ਕੇਵਲ ਮਜ਼ਾਕ ਦਾ ਕਾਰਣ ਬਣ ਕੇ ਰਹਿ ਗਿਆ ਹੈ ਅਤੇ ਅਸੀਂ ਇਸ ਨੀਂਹ ਪੱਥਰ ਨੂੰ ਆਪਣੇ ਪੱਧਰ 'ਤੇ ਹਟਾ ਵੀ ਨਹੀਂ ਸਕਦੇ। ਇਸ ਸਬੰਧੀ ਫੈਸਲਾ ਸਰਕਾਰ ਨੇ ਲੈਣਾ ਹੈ ਅਤੇ ਸਰਕਾਰ ਜੋ ਆਦੇਸ਼ ਦੇਵੇਗੀ, ਉਸ ਅਨੁਸਾਰ ਹੀ ਕਾਰਵਾਈ ਹੋਵੇਗੀ।
ਲੁਧਿਆਣਾ ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਾਮੀ ਗੈਂਗਸਟਰ ਦੀਪਾ ਗ੍ਰਿਫਤਾਰ
NEXT STORY