ਗੁਰਦਾਸਪੁਰ, ਬਹਿਰਾਮਪੁਰ (ਹਰਮਨਪ੍ਰੀਤ, ਗੋਰਾਇਆ) : ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਿਤ ਮਕੌੜਾ ਪੱਤਣ ਦੇ ਪਾਰਲੇ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਰਹਿੰਦੇ ਸੱਤ ਪਿੰਡਾਂ ਦੇ ਲੋਕਾਂ ਦੇ ਸਬਰ ਦਾ ਪਿਆਲਾ ਆਖਿਰਕਾਰ ਭਰ ਗਿਆ ਹੈ, ਜਿਨ੍ਹਾਂ ਨੇ ਆਰਜ਼ੀ ਪੁਲ ਦੇ ਟੁੱਟਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਸ ਵਜੋਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਪੁਲ ਦੀ ਅਣਹੋਂਦ ਕਾਰਨ ਬੇਹੱਦ ਦੁਖੀ ਹੋ ਚੁੱਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਥੋਂ ਤੱਕ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਕੋਲ ਕਿਸੇ ਪਾਰਟੀ ਦੇ ਉਮੀਦਵਾਰ ਜਾਂ ਉਸ ਦਾ ਸਮਰਥਕ ਵੋਟਾਂ ਮੰਗਣ ਲਈ ਆਇਆ ਤਾਂ ਉਹ ਏਨੇ ਦੁਖੀ ਹਨ ਕਿ ਉਸ ਨੂੰ ਕੁੱਟਣ ਤੋਂ ਵੀ ਪਿੱਛੇ ਨਹੀਂ ਹਟਣਗੇ।
7 ਪਿੰਡਾਂ ਦੇ ਲੋਕ ਰਹਿੰਦੇ ਨੇ ਰਾਵੀ ਤੋਂ ਪਾਰ
ਮਕੌੜਾ ਪੱਤਣ ਨੇੜੇ ਰਾਵੀ ਤੇ ਉਝ ਦਰਿਆ ਦਾ ਪਾਣੀ ਆਪਸ 'ਚ ਮਿਲਦਾ ਹੈ। ਇਸ ਪੱਤਣ ਦੇ ਪਾਰਲੇ ਪਾਸੇ ਮੰਮੀ ਚਕਰੰਗਾ, ਕੁੱਕਰ, ਤੂਰ ਬਾਨੀ, ਰਾਜਪੁਰ ਚਿਬ, ਭਰਿਆਲ, ਲਸਿਆਣ ਤੇ ਕਚਲੇ ਝੰਬਰ ਆਦਿ ਪਿੰਡ ਹਨ, ਜਦੋਂ ਕਿ ਕੁੱਝ ਬੇਚਿਰਾਗ ਪਿੰਡ ਹਨ। ਇਨ੍ਹਾਂ ਪਿੰਡਾਂ ਦੇ ਪਾਰਲੇ ਪਾਸੇ ਪਾਕਿਸਤਾਨ ਹੈ, ਜਦੋਂ ਕਿ ਭਾਰਤ ਵਾਲੇ ਪਾਸੇ ਦਰਿਆ 'ਤੇ ਪੱਕੇ ਪੁਲ ਦੀ ਅਣਹੋਂਦ ਕਾਰਨ ਇਹ ਪਿੰਡ ਬਹੁਤਾ ਸਮਾਂ ਦੇਸ਼ ਨਾਲੋਂ ਕੱਟੇ ਰਹਿੰਦੇ ਹਨ। ਪੰਜਾਬ ਸਰਕਾਰ ਵੱਲੋਂ ਇਥੇ ਪਲਟੂਨ ਪੁਲ ਬਣਾਇਆ ਜਾਂਦਾ ਹੈ, ਜੋ ਬਰਸਾਤਾਂ ਦੇ ਦਿਨਾਂ 'ਚ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਚੁੱਕ ਦਿੱਤਾ ਜਾਂਦਾ ਹੈ।
7 ਦਹਾਕਿਆਂ ਤੋਂ ਕਿਸੇ ਨੇ ਪੂਰੀ ਨਹੀਂ ਕੀਤੀ ਮੰਗ
ਦਰਿਆ ਪਾਰ ਰਹਿੰਦੇ ਜਸਵੰਤ ਸਿੰਘ ਮੰਜੀ ਚੱਕ ਰੰਗਾ, ਬਲਦੇਵ ਸਿੰਧ ਤੂਰ ਬਾਨੀ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ, ਹਰਭਜਨ ਸਿੰਘ ਮੰਮੀ ਚੱਕ ਰੰਗਾ, ਸਰੋਵਰ ਸਿੰਘ ਲਸਿਆਣ, ਮੋਹਨ ਸਿੰਘ ਕਚਲੇ ਝੰਬਰ, ਕਸ਼ਮੀਰਾ ਸਿੰਘ ਕਚਲੇ ਝੰਬਰ, ਪ੍ਰਦੀਪ ਕੁਮਾਰ, ਰਾਮ ਸਿੰਘ ਭਰਿਆਲ ਤੇ ਗੁਰਨਾਮ ਸਿੰਘ ਤੂਰ ਆਦਿ ਸਮੇਤ ਕਈ ਲੋਕਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਪਿਛਲੇ 7 ਦਹਾਕਿਆਂ ਤੋਂ ਇਸ ਸਥਾਨ 'ਤੇ ਪੱਕੇ ਪੁਲ ਦੀ ਉਸਾਰੀ ਦੀ ਮੰਗ ਕਰਦੇ ਆ ਰਹੇ ਹਨ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਵਾਰ ਚੋਣਾਂ ਦੌਰਾਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਆਗੂ ਇਨ੍ਹਾਂ ਲੋਕਾਂ ਨਾਲ ਵੱਡੇ ਵਾਅਦੇ ਕਰ ਕੇ ਜਾਂਦੇ ਹਨ ਪਰ ਅੱਜ ਤੱਕ ਕਿਸੇ ਨੇ ਅਮਲੀ ਰੂਪ 'ਚ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ।
ਆਰਜ਼ੀ ਪੁਲ ਟੁੱਟਣ ਦੇ ਬਾਅਦ ਬਣਾਇਆ ਰੈਂਪ ਵੀ ਟੁੱਟਾ
ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਬਣਾਇਆ ਆਰਜ਼ੀ ਪੁਲ ਰੁੜ੍ਹ ਗਿਆ ਸੀ, ਜਿਸਦਾ ਕੁੱਝ ਹਿੱਸਾ ਹੀ ਬਚਿਆ ਸੀ। ਪੁਲ ਦੇ ਇਸ ਹਿੱਸੇ ਨੂੰ ਦੂਸਰੇ ਪਾਸੇ ਨਾਲ ਜੋੜਣ ਲਈ ਲੋਕਾਂ ਦੀ ਸਹੂਲਤ ਵਾਸਤੇ ਮਿੱਟੀ ਦਾ ਰੈਂਪ ਰੂਪੀ ਰਸਤਾ ਬਣਾਇਆ ਗਿਆ ਸੀ ਪਰ ਬੀਤੇ ਕੱਲ ਉਹ ਵੀ ਰੁੜ੍ਹ ਗਿਆ। ਇਸ ਕਾਰਨ ਲੋਕਾਂ ਨੂੰ ਆਵਾਜਾਈ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਸਿਰ ਮੁਸੀਬਤਾਂ ਦਾ ਪਹਾੜ
ਇਹ ਪੁਲ ਟੁੱਟਣ ਨਾਲ ਕਿਸਾਨਾਂ ਦੇ ਸਿਰ 'ਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਬਹੁਤ ਸਾਰੇ ਕਿਸਾਨਾਂ ਦਾ ਗੰਨਾ ਅਜੇ ਵੀ ਕੱਟਿਆ ਨਹੀਂ ਗਿਆ ਤੇ ਮਿੱਲਾਂ ਕੁੱਝ ਹੀ ਦਿਨਾਂ 'ਚ ਬੰਦ ਹੋ ਜਾਣ ਦੀ ਸੂਰਤ 'ਚ ਕਿਸਾਨਾਂ ਨੂੰ ਦੋਹਰੀ ਮਾਰ ਪਵੇਗੀ। ਇਲਾਕਾ ਵਾਸੀਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਸ ਨਰਕ 'ਚੋਂ ਕੱਢਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਜਿਸ ਕਾਰਨ ਉਹ ਕਿਸੇ ਵੀ ਸੂਰਤ 'ਚ ਕਿਸੇ ਉਮੀਦਵਾਰ ਨੂੰ ਕੋਈ ਸਮਰਥਨ ਨਹੀਂ ਦੇਣਗੇ ਤੇ ਨਾ ਹੀ ਪਿੰਡਾਂ 'ਚ ਵੜਣ ਦੇਣਗੇ। ਕੁੱਝ ਲੋਕਾਂ ਨੇ ਰੋਸ 'ਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਗੰਨੇ ਵਾਲੇ ਰੱਸਿਆਂ ਨਾਲ ਰਾਜਸੀ ਲੋਕਾਂ ਨੂੰ ਬੰਨ੍ਹਣ ਤੋਂ ਵੀ ਘੱਟ ਨਹੀਂ ਕਰਨਗੇ।
ਬਾਦਲ ਜੇ ਕਿਸੇ ਅਪਰਾਧ 'ਚ ਦੋਸ਼ੀ ਸਾਬਤ ਹੋਏ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ : ਅਮਰਿੰਦਰ
NEXT STORY