ਗੁਰਦਾਸਪੁਰ (ਹਰਮਨਪ੍ਰੀਤ) : ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਖੁੱਲ੍ਹਾ ਚੋਣ ਪ੍ਰਚਾਰ ਬੰਦ ਹੋ ਜਾਣ ਦੇ ਬਾਅਦ ਹੁਣ ਜਿੱਥੇ ਉਮੀਦਵਾਰਾਂ ਨੇ ਵੋਟਰਾਂ ਤੱਕ ਘਰ-ਘਰ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਉਥੇ 'ਲਾਲ' ਅਤੇ 'ਚਿੱਟੀ' ਪਰੀ ਦੇ ਜਲਵੇ ਦਾ ਫਾਇਦਾ ਚੁੱਕਣ ਲਈ ਵੀ ਕਈ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਬੇਸ਼ੱਕ ਚੋਣ ਕਮਿਸ਼ਨ ਦੀ ਸਖਤੀ ਦੇ ਕਾਰਨ ਸ਼ਰਾਬ ਦੀਆਂ ਵੱਡੀਆਂ ਖੇਪਾਂ ਨੂੰ ਪਿੰਡਾਂ ਅਤੇ ਸ਼ਹਿਰਾਂ 'ਚ ਪਹੁੰਚਾਉਣਾ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਜਿਸ ਕਾਰਨ ਇਸ ਵਾਰ ਕੋਈ ਵੀ ਉਮੀਦਵਾਰ ਸ਼ਰੇਆਮ ਅਤੇ ਆਸਾਨੀ ਨਾਲ ਸ਼ਰਾਬ ਇਕੱਠੀ ਨਹੀਂ ਕਰ ਸਕਿਆ ਪਰ ਇਸ ਦੇ ਬਾਵਜੂਦ ਹੇਠਲੇ ਪੱਧਰ 'ਤੇ ਸਿਆਸੀ ਆਗੂਆਂ ਵਲੋਂ ਲੋਕਾਂ ਨੂੰ ਭਰਮਾਉਣ ਲਈ ਸ਼ਰਾਬ ਦੀ ਵਰਤੋਂ ਲਈ ਹਰ ਹਥਕੰਡਾ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤੇ ਥਾਈਂ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਲੋਕਾਂ ਨੇ ਠੇਕਿਆਂ ਦੇ ਕਰਿੰਦਿਆਂ ਨਾਲ ਕੋਡ ਵਰਡ ਰੱਖ ਲਏ ਹਨ, ਜਿਸ ਦੇ ਆਧਾਰ 'ਤੇ ਪਿੰਡਾਂ 'ਚ ਲੋਕ ਕਿਸੇ ਵਿਅਕਤੀ ਨੂੰ 'ਕੋਡ' ਦੱਸ ਕੇ ਸਬੰਧਿਤ ਠੇਕੇ 'ਤੇ ਭੇਜ ਦਿੰਦੇ ਹਨ ਜਿਥੋਂ ਅਸਾਨੀ ਨਾਲ ਸ਼ਰਾਬ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਕੁਝ ਖਾਸ ਨੰਬਰਾਂ ਵਾਲੇ 10-10 ਰੁਪਏ ਦੇ ਨੋਟ ਵੀ ਕੋਡ ਅਤੇ ਕੂਪਨ ਵਜੋਂ ਵਰਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਬੰਧਤ ਸਿਆਸੀ ਲੋਕ ਅਗਾਂਹ ਵੋਟਰਾਂ/ਲੋਕਾਂ ਨੂੰ ਦੇ ਕੇ ਠੇਕਿਆਂ ਤੋਂ ਸ਼ਰਾਬ ਲੈਣ ਲਈ ਭੇਜ ਰਹੇ ਹਨ। ਅਜਿਹੇ ਰੁਝਾਨ ਨੂੰ ਰੋਕਣ ਲਈ ਚੋਣ ਕਮਿਸ਼ਨ ਵੱਲੋਂ 17 ਮਈ ਦੀ ਸ਼ਾਮ ਨੂੰ ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਜਾਣ ਦੇ ਬਾਵਜੂਦ ਕਈ ਪਿੰਡਾਂ 'ਚ ਉਮੀਦਵਾਰਾਂ ਨੇ ਆਪਣੇ ਕੋਟੇ ਅਤੇ ਲੋੜ ਮੁਤਾਬਿਕ ਪਹਿਲਾਂ ਹੀ ਸ਼ਰਾਬ ਦਾ ਪ੍ਰਬੰਧ ਕਰ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਵੱਲੋਂ ਸਿੱਧੇ-ਅਸਿਧੇ ਰੂਪ 'ਚ ਵੋਟਰਾਂ ਤੱਕ ਇਹ ਸ਼ਰਾਬ ਪਹੁੰਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਤੇ ਹੋਰ ਜਿਹੜੇ ਇਲਾਕਿਆਂ ਅੰਦਰ ਚੋਣ ਕਮਿਸ਼ਨ ਦੀ ਸਖਤੀ ਕਾਰਨ ਅੰਗਰੇਜ਼ੀ ਸ਼ਰਾਬ ਨਹੀਂ ਪਹੁੰਚ ਸਕੀ। ਉਨ੍ਹਾਂ ਵਿਚੋਂ ਕਈ ਇਲਾਕਿਆਂ 'ਚ ਦੇਸੀ ਸ਼ਰਾਬ ਦਾ ਕੰਮ ਚੋਰੀ-ਛੁਪੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਇਲਾਕਿਆਂ 'ਚ ਸਰਕਾਰ ਤੋਂ ਬਾਹਰ ਵਾਲੀਆਂ ਪਾਰਟੀਆਂ ਲਈ ਤਾਂ ਦੇਸੀ ਸ਼ਰਾਬ ਕੱਢਣੀ ਵੀ ਅਸੰਭਵ ਹੈ ਪਰ ਸੱਤਾਧਾਰੀ ਆਗੂ ਲੁਕ-ਛੁਪ ਕੇ 'ਚਿੱਟੀ ਪਰੀ' ਦੇ ਜਲਵੇ ਦਾ ਫਾਇਦਾ ਉਠਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਲੋਕ ਸਭਾ ਚੋਣਾਂ : ਪੋਲਿੰਗ ਸਟਾਫ ਨੂੰ ਛੱਡਣ ਲਈ ਗੱਡੀਆਂ ਦੇ ਪ੍ਰਬੰਧ ਕਰਨ ਦੇ ਨਿਰਦੇਸ਼
NEXT STORY