ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ ਅੰਦਰ ਤਾਪਮਾਨ ਵਿਚ ਵਾਧਾ ਹੋਣਾ ਸ਼ੁਰੂ ਹੋਣ ਕਾਰਨ ਸੂਬੇ ਦੀਆਂ ਪ੍ਰਮੁੱਖ ਜਲਗਾਹਾਂ 'ਤੇ ਆਏ ਪ੍ਰਵਾਸੀ ਪੰਛੀ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਖ਼ਾਸ ਤੌਰ 'ਤੇ ਜ਼ਿਲਾ ਗੁਰਦਾਸਪੁਰ ਅੰਦਰ ਭਾਰਤ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ਵਿਚੋਂ ਪੰਛੀਆਂ ਦੀ ਚਹਿਲ-ਪਹਿਲ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਸ ਦੇ ਨਾਲ ਹੀ ਹਰੀਕੇ ਪੱਤਣ, ਰੋਪੜ ਅਤੇ ਨੰਗਲ ਵਿਖੇ ਸਥਿਤ ਜਲਗਾਹਾਂ ਤੋਂ ਵੀ ਆਉਣ ਵਾਲੇ ਕੁਝ ਦਿਨਾਂ ਤਕ ਬਹੁ-ਗਿਣਤੀ ਪ੍ਰਵਾਸੀ ਪੰਛੀਆਂ ਦੇ ਵਾਪਸ ਪਰਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਸਰੇ ਪਾਸੇ ਜੇਕਰ ਪਿਛਲੇ ਲੱਗਭਗ ਇਕ ਤੋਂ ਡੇਢ ਦਹਾਕਿਆਂ ਦੌਰਾਨ ਇਨ੍ਹਾਂ ਜਲਗਾਹਾਂ 'ਤੇ ਹਰੇਕ ਸਾਲ ਪੰਛੀਆਂ ਦੀ ਹੋਣ ਵਾਲੀ ਆਮਦ ਸਬੰਧੀ ਘੋਖ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਕੀਤੇ ਗਏ ਕੁਝ ਯਤਨਾਂ ਕਾਰਨ ਪ੍ਰਮੁੱਖ ਜਲਗਾਹਾਂ 'ਤੇ ਆਉਣ ਵਾਲੇ ਪੰਛੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ।
ਕੁਝ ਹੀ ਸਾਲਾਂ 'ਚ 4 ਗੁਣਾ ਵਧੀ ਪੰਛੀਆਂ ਦੀ ਆਮਦ
ਜ਼ਿਲਾ ਗੁਰਦਾਸਪੁਰ ਅੰਦਰ ਲੱਗਭਗ 850 ਏਕੜ ਰਕਬੇ ਵਿਚ ਫੈਲਿਆ ਕੇਸ਼ੋਪੁਰ ਛੰਭ ਭਾਰਤ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਹੈ, ਜਿਥੇ ਤਕਰੀਬਨ 6 ਸਾਲ ਪਹਿਲਾਂ ਸਾਈਬੇਰੀਆ, ਚੀਨ, ਮੰਗੋਲੀਆ, ਤਿੱਬਤ ਆਦਿ ਵੱਖ-ਵੱਖ ਦੇਸ਼ਾਂ ਤੋਂ ਕਰੀਬ 75 ਤੋਂ 80 ਕਿਸਮਾਂ ਦੇ ਸਿਰਫ਼ 4500 ਦੇ ਲੱਗਭਗ ਪ੍ਰਵਾਸੀ ਪੰਛੀਆਂ ਦੀ ਆਮਦ ਹੁੰਦੀ ਸੀ ਪਰ ਸਰਕਾਰ ਵੱਲੋਂ ਇਸ ਸਥਾਨ ਦੀ ਸਾਂਭ-ਸੰਭਾਲ ਸਬੰਧੀ ਕੀਤੇ ਗਏ ਵੱਡੇ ਯਤਨਾਂ ਤੋਂ ਬਾਅਦ 2013 ਵਿਚ ਇਥੇ ਲੱਗਭਗ 8500 ਪੰਛੀ ਆਏ, ਜਦੋਂ ਕਿ ਅਗਲੇ ਸਾਲ 2014 ਵਿਚ ਇਹ ਗਿਣਤੀ ਵਧ ਕੇ 13400 ਹੋ ਗਈ। 2015 ਵਿਚ 18600 ਅਤੇ 2016 ਵਿਚ ਲੱਗਭਗ 25 ਹਜ਼ਾਰ ਪੰਛੀਆਂ ਦੀ ਰਿਕਾਰਡਤੋੜ ਆਮਦ ਤੋਂ ਬਾਅਦ ਪਿਛਲੇ ਸਾਲ 2017 ਦੌਰਾਨ ਇਸ ਛੰਭ ਵਿਚ 20500 ਪੰਛੀ ਪਹੁੰਚੇ, ਜਦੋਂ ਕਿ ਇਸ ਸਾਲ ਜਨਵਰੀ ਮਹੀਨੇ ਕੀਤੀ ਗਈ ਗਿਣਤੀ ਮੁਤਾਬਿਕ ਕੇਸ਼ੋਪੁਰ ਛੰਭ ਵਿਚ 20800 ਪੰਛੀਆਂ ਦੀ ਆਮਦ ਹੋਈ।
ਸਾਂਭ-ਸੰਭਾਲ ਲਈ ਕੀਤੇ ਵੱਡੇ ਉਪਰਾਲੇ ਜਾਰੀ : ਡੀ. ਐੱਫ. ਓ.
ਪਠਾਨਕੋਟ ਮੰਡਲ ਦੇ ਡੀ. ਐੱਫ. ਓ. (ਵਾਈਲਡ ਲਾਈਫ਼) ਰਾਜੇਸ਼ ਕੁਮਾਰ ਨੇ ਦੱਸਿਆ ਕਿ ਹਰੇਕ ਸਾਲ ਨਵੰਬਰ ਤੋਂ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਪੰਦਰਵਾੜੇ ਤਕ ਜਲਗਾਹਾਂ 'ਤੇ ਪ੍ਰਵਾਸੀ ਪੰਛੀਆਂ ਦੀ ਚਹਿਲ-ਪਹਿਲ ਰਹਿੰਦੀ ਹੈ। ਗੁਰਦਾਸਪੁਰ ਛੰਭ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਅਤੇ ਪੰਛੀਆਂ ਦੀ ਆਮਦ ਵਧਾਉਣ ਲਈ 4 ਹਜ਼ਾਰ ਨਵੇਂ ਪੌਦੇ ਲਾਏ ਗਏ ਹਨ, ਜਦੋਂ ਕਿ 30-30 ਫੁੱਟ ਉੱਚੇ 3 ਵਾਚ ਟਾਵਰ ਲਾਉਣ ਤੋਂ ਇਲਾਵਾ ਇਸ ਛੰਭ ਵਿਚ 9 ਕਿਲੋਮੀਟਰ ਕੱਚੇ ਰਸਤੇ ਤਿਆਰ ਕੀਤੇ ਗਏ ਹਨ, ਤਾਂ ਜੋ ਸੈਲਾਨੀ ਆਸਾਨੀ ਨਾਲ ਪੰਛੀਆਂ ਅਤੇ ਕੁਦਰਤ ਦੇ ਨਜ਼ਾਰੇ ਨੂੰ ਦੇਖ ਸਕਣ। ਉਨ੍ਹਾਂ ਦੱਸਿਆ ਕਿ ਇਕ ਨਵਾਂ ਸੂਚਨਾ ਕੇਂਦਰ ਸਥਾਪਿਤ ਕਰਨ ਤੋਂ ਇਲਾਵਾ ਸੈਲਾਨੀਆਂ ਦੀ ਸਹੂਲਤ ਅਤੇ ਪੰਛੀਆਂ ਦੀ ਸੁਰੱਖਿਆ ਲਈ ਹਰ ਕਦਮ ਚੁੱਕਿਆ ਗਿਆ ਹੈ। ਖ਼ਾਸ ਤੌਰ 'ਤੇ ਕਰੀਬ 350 ਏਕੜ ਰਕਬੇ ਵਿਚ ਫੈਲੇ ਛੱਪੜਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਪੰਛੀਆਂ ਨੂੰ ਲੋੜੀਂਦਾ ਪਾਣੀ ਪੂਰੀ ਮਾਤਰਾ ਵਿਚ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਛੰਭ ਵਿਚ ਹਰੇਕ ਸਾਲ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਤਹਿਤ ਇਸ ਸੀਜ਼ਨ ਦੌਰਾਨ ਲੱਗਭਗ 1 ਹਜ਼ਾਰ ਸੈਲਾਨੀਆਂ ਨੇ ਇਸ ਛੰਭ ਦਾ ਦੌਰਾ ਕਰ ਕੇ ਬਾਕਾਇਦਾ ਰਜਿਸਟਰ ਵਿਚ ਆਪਣੇ ਨਾਂ ਅਤੇ ਤਜਰਬਾ ਦਰਜ ਕੀਤਾ ਹੈ।
ਵਿੱਤੀ ਸੰਕਟ 'ਚ ਪੰਜਾਬੀ ਯੂਨੀਵਰਸਿਟੀ
NEXT STORY