ਗੁਰਦਾਸਪੁਰ (ਬੇਰੀ, ਅਸ਼ਵਨੀ)-ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਤੋਂ ਬੋਹਡ਼ੀ ਮੰਦਰ ਨੂੰ ਜਾਂਦੀ ਮੇਨ ਰੋਡ ਦੀ ਖਸਤਾ ਹਾਲ ਨੂੰ ਲੈ ਕੇ ਜਿਥੇ ਦੁਕਾਨਦਾਰਾਂ ਤੇ ਆਮ ਜਨਤਾ ਵਿਚ ਭਾਰੀ ਰੋਸ ਦੀ ਲਹਿਰ ਹੈ, ਉਥੇ ਨਾਲ ਹੀ ਸਡ਼ਕ ਵਿਚ ਪਏ ਵੱਡੇ-ਵੱਡੇ ਟੋਇਆਂ ਅਤੇ ਲੱਗੇ ਕੂਡ਼ੇ ਦੇ ਢੇਰ ਨੂੰ ਲੈ ਕੇ ਦਿ ਬਟਾਲਾ ਆਟੋ-ਮੋਬਾਇਲ ਐਸੋਸੀਏਸ਼ਨ ਬਟਾਲਾ ਨੇ ਵੀ ਰੋਸ ਪ੍ਰਗਟਾਉਂਦਿਆਂ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ।ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਯਾਦਵ ਨੇ ਕਿਹਾ ਕਿ ਬੋਹਡ਼ੀ ਮੰਦਰ ਦੇ ਆਸ-ਪਾਸ ਦੀ ਸਡ਼ਕ ਜਿਥੇ ਜਰਜਰ ਹਾਲਤ ਵਿਚ ਹੈ, ਉਥੇ ਨਾਲ ਹੀ ਰੋਡ ’ਤੇ ਲੱਗੇ ਗੰਦਗੀ ਦੇ ਢੇਰ ਤੋਂ ਭਾਰੀ ਬਦਬੂ ਆ ਰਹੀ ਹੈ, ਜਿਸ ਕਾਰਨ ਵਾਤਾਵਰਣ ਗੰਦਲਾ ਹੋਣ ਨਾਲ ਆਮ ਇਸ ਰੋਡ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਟਾਲਾ ਸ਼ਹਿਰ ਦਾ ਵਿਕਾਸ ਕਰਵਾਉਣ ਦੀ ਬਜਾਏ ਬਟਾਲਾ ਵਾਸੀਆਂ ਦੇ ਹਿੱਤਾਂ ਨਾਲ ਖਿਲਵਾਡ਼ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਿੱਟੂ ਯਾਦਵ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖਡ਼ ਨੂੰ ਬਟਾਲਾ ਵਾਸੀਆਂ ਨੇ ਜ਼ਿਲੇ ਵਿਚੋਂ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿਚ ਇਸ ਉਮੀਦ ਨਾਲ ਭੇਜਿਆ ਸੀ ਕਿ ਜਾਖਡ਼ ਸਾਹਿਬ! ਜਿੱਤਣ ਉਪਰੰਤ ਬਟਾਲਾ ਸ਼ਹਿਰ ਦਾ ਮੁਕੰਮਲ ਵਿਕਾਸ ਕਰਵਾਉਣਗੇ ਪਰ ਜਾਖਡ਼ ਵਲੋਂ ਬਟਾਲਾ ਦੀ ਜਨਤਾ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ।ਉਨ੍ਹਾਂ ਪੰਜਾਬ ਸਰਕਾਰ, ਸੰਸਦ ਮੈਂਬਰ ਸੁਨੀਲ ਜਾਖਡ਼ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਬਟਾਲਾ ਸ਼ਹਿਰ ਦੀ ਸਾਫ-ਸਫਾਈ, ਖਸਤਾ ਹਾਲਤ ਸਡ਼ਕਾਂ, ਸਟਰੀਟ ਲਾਈਟਾਂ, ਵਾਟਰ ਸਪਲਾਈ ਤੇ ਬੋਹਡ਼ੀ ਮੰਦਰ ਵਾਲੀ ਸਡ਼ਕ ਦਾ ਇਕ ਹਫਤੇ ਦੇ ਅੰਦਰ-ਅੰਦਰ ਨਵੀਨੀਕਰਨ ਨਾ ਕਰਵਾਇਆ ਗਿਆ ਤਾਂ ਆਟੋ-ਮੋਬਾਇਲ ਐਸੋਸੀਏਸ਼ਨ ਆਪਣਾ ਸੰਘਰਸ਼ ਤਿੱਖਾ ਕਰੇਗੀ। ਇਸ ਮੌਕੇ ਸੋਨੂੰ ਗੁਰਾਇਆ, ਬਲਵਿੰਦਰ ਸਿੰਘ, ਸੁਦਰਸ਼ਨ ਲਾਲ, ਸੁਭਾਸ਼ ਚੰਦਰ ਤ੍ਰੇਹਨ, ਕਾਲਾ ਤ੍ਰੇਹਨ, ਧਰਮਪਾਲ ਕਾਲਾ, ਮੁਨੀਸ਼, ਲਾਡਾ ਭੱਟੀ, ਸੁਖਦੇਵ ਸਿੰਘ ਬੱਲੂ, ਸੋਨੂੰ ਭਾਟੀਆ, ਸੁਮੀਰ ਹਾਂਡਾ, ਬਲਵਿੰਦਰ ਸਿੰਘ ਸੰਧੂ ਤੇ ਪ੍ਰੀਤਮ ਸਿੰਘ ਆਦਿ ਮੌਜੂਦ ਸਨ।
ਮਾਮਲਾ ਗੰਦੇ ਪਾਣੀ ਦੇ ਨਿਕਾਸ ਦਾ
NEXT STORY