ਚੋਣ ਸਭਾ ਹੋਵੇ ਜਾਂ ਸੰਸਦ ਸਦਨ, ਜਦੋਂ ਵੀ ਨੇਤਾ ਬੋਲਦੇ ਹਨ ਤਾਂ ਉਹ ਸੁਰਖੀਆਂ ਬਣਦੇ ਦੇਰ ਨਹੀਂ ਲੱਗਦੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਇਕ ਪਾਸੇ ਸਾਡੇ ਦੇਸ਼ ’ਚ ਸਿਆਸੀ ਨੇਤਾਵਾਂ ਦੀ ਇਕ ਜਮਾਤ ਅਜਿਹੀ ਸੀ ਜੋ ਨੈਤਿਕਤਾ ਦਾ ਪਾਲਣ ਕਰਦੀ ਸੀ, ਉਥੇ ਹੀ ਦੂਜੇ ਪਾਸੇ ਬੀਤੇ ਕੁਝ ਸਾਲਾਂ ਤੋਂ ਸਿਆਸੀ ਨੇਤਾਵਾਂ ਦੇ ਬਿਆਨਾਂ ਵਿਚ ਤੁਹਾਨੂੰ ਅਸੱਭਿਅਤਾ ਦੀਆਂ ਕਈ ਮਿਸਾਲਾਂ ਮਿਲ ਜਾਣਗੀਆਂ।
ਪਾਰਟੀ ਕੋਈ ਵੀ ਹੋਵੇ, ਨੇਤਾਵਾਂ ਦੀ ਜ਼ੁਬਾਨ ਤਿਲ੍ਹਕਦਿਆਂ ਦੇਰ ਨਹੀਂ ਲੱਗਦੀ। ਫਿਰ ਉਹ ਭਾਵੇਂ ਕਿਸੇ ਮਰਦ ਨੇਤਾ ਦਾ ਔਰਤ ਦੇ ਸੰਦਰਭ ’ਚ ਦਿੱਤਾ ਗਿਆ ਬਿਆਨ ਹੋਵੇ, ਕਿਸੇ ਧਰਮ ਜਾਂ ਜਾਤੀ ਵਿਸ਼ੇਸ਼ ਦੇ ਲੋਕਾਂ ਖਿਲਾਫ ਦਿੱਤਾ ਗਿਆ ਬਿਆਨ ਹੋਵੇ ਜਾਂ ਕਿਸੇ ਔਰਤ ਨੇਤਾ ਦਾ ਕਿਸੇ ਆਮ ਆਦਮੀ ਨੂੰ ਧਮਕਾਉਣ ਵਾਲਾ ਿਬਆਨ ਹੋਵੇ। ਨੇਤਾ ਆਪਣੀ ਕੁਰਸੀ ਦੀ ਗਰਮੀ ਅਤੇ ਹੰਕਾਰ ਕਾਰਨ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ।
ਪਿਛਲੇ ਕੁਝ ਦਿਨਾਂ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਆਗੂ ਸੁਰਖੀਆਂ ਵਿਚ ਬਣੇ ਰਹਿਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹੀ ਸਥਿਤੀ ਵਿਚ, ਇਹ ਦੇਖਣਾ ਬਾਕੀ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ ਅਜਿਹੇ ਬੇਕਾਬੂ ਨੇਤਾਵਾਂ ਵਿਰੁੱਧ ਕੀ ਕਾਰਵਾਈ ਕਰਦੀ ਹੈ।
ਜੇਕਰ ਕੋਈ ਵੀ ਪਾਰਟੀ ਇਸ ਗੱਲ ਦੀ ਦੁਹਾਈ ਦੇਵੇ ਕਿ ਉਹ ਔਰਤਾਂ ਦੇ ਸਨਮਾਨ ਪ੍ਰਤੀ ਵਚਨਬੱਧ ਹੈ ਅਤੇ ਨਾਲ ਹੀ, ਉਸੇ ਪਾਰਟੀ ਦਾ ਕੋਈ ਨੇਤਾ ਇਕ ਜਨਤਕ ਮੀਟਿੰਗ ਵਿਚ ਇਕ ਸੜਕ ਦੀ ਤੁਲਨਾ ਵਿਰੋਧੀ ਪਾਰਟੀ ਦੀ ਇਕ ਮਹਿਲਾ ਨੇਤਾ ਦੀਆਂ ‘ਗੱਲ੍ਹਾਂ’ ਨਾਲ ਕਰਦਾ ਹੈ, ਤਾਂ ਇਹ ਗੱਲ ਨਾ ਸਿਰਫ਼ ਨਿੰਦਣਯੋਗ ਹੋਣੀ ਚਾਹੀਦੀ ਹੈ ਸਗੋਂ ਅਜਿਹੇ ਨੇਤਾ ਨੂੰ ਉਸ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਸਖ਼ਤ ਤਾੜਨਾ ਅਤੇ ਸਜ਼ਾ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਨੇਤਾ ਸਬਕ ਸਿੱਖ ਸਕਣ ਪਰ ਕੀ ਅਜਿਹਾ ਹੋਇਆ ਜਾਂ ਅਜਿਹਾ ਹੁੰਦਾ ਹੈ? ਜੇਕਰ ਜਵਾਬ ‘ਨਹੀਂ’ ਹੈ ਤਾਂ ਇਹ ਸਪੱਸ਼ਟ ਹੈ ਕਿ ਅਜਿਹੇ ਅਨੈਤਿਕ ਨੇਤਾਵਾਂ ਨੂੰ ਆਪਣੀ ਸਿਖਰਲੀ ਲੀਡਰਸ਼ਿਪ ਦੀ ਪੂਰੀ ਹਮਦਰਦੀ ਅਤੇ ਆਸ਼ੀਰਵਾਦ ਪ੍ਰਾਪਤ ਹੈ।
ਹਾਲ ਹੀ ਵਿਚ, ਜਿੱਥੇ ਇਕ ਪਾਰਟੀ ਦੇ ਨੇਤਾ ਨੇ ਇਕ ਔਰਤ ਨੇਤਾ ਅਤੇ ਇਕ ਔਰਤ ਮੁੱਖ ਮੰਤਰੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉੱਥੇ ਦੂਜੀ ਪਾਰਟੀ ਦੇ ਨੇਤਾ ਨੇ ਇਕ ਮੀਟਿੰਗ ਵਿਚ ਆਪਣੇ ਹੀ ਹਲਕੇ ਦੇ ਵੋਟਰਾਂ ਨੂੰ ਦੋਸ਼ੀ ਠਹਿਰਾਇਆ। ਇੰਨਾ ਹੀ ਨਹੀਂ, ਉਸ ਨੇ ਉਨ੍ਹਾਂ ਦੀ ਤੁਲਨਾ ਇਕ ‘ਵੇਸਵਾ’ ਨਾਲ ਵੀ ਕਰ ਦਿੱਤੀ।
ਉਸੇ ਰਾਜ ਵਿਚ ਇਕ ਹੋਰ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਵੀ ਆਪਣੇ ਵੋਟਰਾਂ ਨੂੰ ਇਸ ਤਰੀਕੇ ਨਾਲ ਧਮਕੀ ਦਿੱਤੀ ਕਿ ਇਹ ਬਿਆਨ ਵੀ ਸੁਰਖੀਆਂ ਵਿਚ ਆ ਗਿਆ। ਇਸ ਸੀਨੀਅਰ ਨੇਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਿਰਫ਼ ਇਸ ਲਈ ਕਿ ਤੁਸੀਂ ਮੈਨੂੰ ਵੋਟ ਦਿੱਤੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੇ ਮਾਲਕ ਹੋ।
ਕੀ ਤੁਸੀਂ ਮੈਨੂੰ ਆਪਣਾ ਨੌਕਰ ਬਣਾ ਲਿਆ ਹੈ? ਇਹ ਇਕ ਜਾਣਿਆ-ਪਛਾਣਿਆ ਤੱਥ ਹੈ ਕਿ ਚੋਣਾਂ ਦੇ ਦਿਨਾਂ ਵਿਚ ਹਰ ਨੇਤਾ ਆਪਣੇ ਵੋਟਰਾਂ ਦੇ ਪਿੱਛੇ-ਪਿੱਛੇ ਘੁੰਮਦਾ ਹੈ। ਉਨ੍ਹਾਂ ਨੂੰ ਖੁਸ਼ ਕਰਨ ਲਈ ਕੀ ਨਹੀਂ ਕਰਦੇ? ਪਰ ਜਿਵੇਂ ਹੀ ਉਹ ਸੱਤਾ ਵਿਚ ਆਉਂਦਾ ਹੈ, ਉਹ ਆਪਣਾ ਅਸਲੀ ਰੰਗ ਦਿਖਾਉਣ ਤੋਂ ਨਹੀਂ ਝਿਜਕਦਾ।
ਅਜਿਹੀ ਸਥਿਤੀ ਵਿਚ, ਕਬੀਰ ਦਾਸ ਜੀ ਦਾ ਇਹ ਦੋਹਾ ਯਾਦ ਆਉਂਦਾ ਹੈ, ‘ਐਸੀ ਵਾਣੀ ਬੋਲੀਏ ਮਨ ਕਾ ਆਪਾ ਖੋਏ, ਔਰਨ ਕੋ ਸ਼ੀਤਲ ਕਰੇ ਆਪਹੂੰ ਸ਼ੀਤਲ ਹੋਏ।’ ਜੋ ਸਾਨੂੰ ਬਚਪਨ ਤੋਂ ਹੀ ਸਿਖਾਉਂਦਾ ਆ ਰਿਹਾ ਹੈ ਭਾਵੇਂ ਕੁਝ ਵੀ ਹੋਵੇ, ਸਾਨੂੰ ਅਜਿਹੀ ਭਾਸ਼ਾ ਬੋਲਣੀ ਚਾਹੀਦੀ ਹੈ ਜੋ ਸੁਣਨ ਵਾਲੇ ਨੂੰ ਖੁਸ਼ ਕਰੇ।
ਮਿੱਠੇ ਬੋਲ ਜਿੱਥੇ ਸੁਣਨ ਵਾਲਿਆਂ ਨੂੰ ਸੁੱਖ ਦਿੰਦੇ ਹਨ, ਉੱਥੇ ਇਹ ਸਾਡੇ ਮਨ ਨੂੰ ਵੀ ਖੁਸ਼ ਕਰਦੇ ਹਨ ਪਰ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਇਸ ਦਾ ਪਾਲਣ ਕਰ ਰਹੇ ਹਨ? ਜਾਂ ਕੀ ਤੁਸੀਂ ਸੱਤਾ ਦੇ ਹੰਕਾਰ ਵਿਚ ਆਪਣਾ ਆਪਾ ਗੁਆ ਰਹੇ ਹੋ?
ਇਕ ਸਮਾਂ ਸੀ ਜਦੋਂ ਨੇਤਾ ਆਪਣੇ ਇਲਾਕੇ ਦੇ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਹਰ ਛੋਟੀ-ਵੱਡੀ ਸਮੱਸਿਆ ਦੇ ਹੱਲ ਲਈ ਕਦਮ ਚੁੱਕਦੇ ਸਨ। ਉਹ ਆਪਣੇ ਇਲਾਕੇ ਦੇ ਵੋਟਰਾਂ ਦੇ ਦੁੱਖ-ਸੁੱਖ ਵਿਚ ਇਕ ਪਰਿਵਾਰਕ ਮੈਂਬਰ ਵਾਂਗ ਹੀ ਸ਼ਾਮਲ ਹੁੰਦੇ ਸਨ ਪਰ ਅੱਜਕੱਲ੍ਹ, ਕੁਝ ਕੁ ਆਗੂਆਂ ਨੂੰ ਛੱਡ ਕੇ, ਤੁਹਾਨੂੰ ਅਜਿਹੇ ਆਗੂ ਲੱਭਣ ’ਤੇ ਵੀ ਨਹੀਂ ਮਿਲਣਗੇ।
ਪੁਰਾਣੀ ਪੀੜ੍ਹੀ ਦੇ ਆਗੂ ਜਿਸ ਸਾਦਗੀ ਨਾਲ ਚੋਣਾਂ ਤੋਂ ਪਹਿਲਾਂ ਜਿਊਂਦੇ ਸਨ, ਚੋਣਾਂ ਜਿੱਤਣ ਤੋਂ ਬਾਅਦ ਵੀ ਉਸੇ ਸਾਦਗੀ ਨਾਲ ਜਿਊਂਦੇ ਦੇਖੇ ਜਾਂਦੇ ਸਨ ਪਰ ਅੱਜ ਦੇ ਨੇਤਾ, ਚੋਣਾਂ ਦੌਰਾਨ ਭਾਵੇਂ ਕਿੰਨੀ ਵੀ ਸਾਦਗੀ ਦਿਖਾਉਣ, ਚੋਣ ਜਿੱਤਣ ਤੋਂ ਬਾਅਦ ਸਾਦੀ ਜ਼ਿੰਦਗੀ ਜਿਊਣ ਦੇ ਕਿੰਨੇ ਵੀ ਵਾਅਦੇ ਕਰਨ, ਚੋਣ ਜਿੱਤਦਿਆਂ ਹੀ ਆਪਣੇ ਵਾਅਦਿਆਂ ਤੋਂ ਮੁੱਕਰਨ ਲਈ ਪਲ ਭਰ ਵੀ ਨਹੀਂ ਲਾਉਂਦੇ। ਉਹ ਜਨਤਾ ਨੂੰ ਆਪਣੇ ਕੰਟਰੋਲ ਵਿਚ ਰੱਖਣ ਦਾ ਝੂਠਾ ਅਹਿਸਾਸ ਬਣਾਈ ਰੱਖਦੇ ਹਨ।
ਭਾਰਤ ਵਰਗੇ ਦੇਸ਼ ਲਈ, ਇਹ ਕਿਹਾ ਜਾਂਦਾ ਹੈ ਕਿ ‘ਚਾਰ ਕੋਸ ਪਰ ਪਾਨੀ ਬਦਲੇ, ਆਠ ਕੋਸ ਪਰ ਵਾਣੀ’ ਜਿਸ ਦਾ ਅਰਥ ਹੈ ਕਿ ਸਾਡੇ ਦੇਸ਼ ਵਿਚ ਵਿਭਿੰਨਤਾ ਦੀ ਹੋਂਦ ਪ੍ਰਾਚੀਨ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ ਜਿਸ ਵਿਚ ਕਈ ਧਰਮਾਂ, ਜਾਤਾਂ, ਵਿਚਾਰਾਂ, ਸੱਭਿਆਚਾਰਾਂ ਅਤੇ ਵਿਸ਼ਵਾਸਾਂ ਨਾਲ ਸੰਬੰਧਤ ਵਖਰੇਵੇਂ ਹਨ ਪਰ ਉਨ੍ਹਾਂ ਦੇ ਮਿਲਾਪ ਤੋਂ ਇਕ ਸੁੰਦਰ ਦੇਸ਼ ਦਾ ਜਨਮ ਹੋਇਆ, ਜਿਸ ਨੂੰ ਅਸੀਂ ਭਾਰਤ ਕਹਿੰਦੇ ਹਾਂ। ਭਾਰਤ ਦੀ ਇਹ ਵਿਭਿੰਨਤਾ ਏਕਤਾ ਵਿਚ ਬਦਲ ਗਈ ਹੈ, ਜਿਸ ਨੇ ਇਸ ਦੇਸ਼ ਨੂੰ ਦੁਨੀਆ ਦਾ ਇਕ ਸੁੰਦਰ ਅਤੇ ਮਜ਼ਬੂਤ ਰਾਸ਼ਟਰ ਬਣਾਇਆ ਹੈ।
ਸਾਡੇ ਵੱਲੋਂ ਚੁਣੇ ਗਏ ਨੇਤਾ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ, ਜੇਕਰ ਚੋਣ ਜਿੱਤਦਿਆਂ ਹੀ ਆਪਣਾ ਅਸੱਭਿਅਕ ਵਿਵਹਾਰ ਦਿਖਾਉਣਾ ਸ਼ੁਰੂ ਕਰ ਦੇਣ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਾ ਦਿੱਤੀ ਜਾਵੇ ਤਾਂ ਅਗਲੀ ਵਾਰ ਜਦੋਂ ਵੀ ਅਜਿਹੇ ਆਗੂ ਜਨਤਾ ਦੇ ਸਾਹਮਣੇ ਭਿਖਾਰੀ ਬਣ ਕੇ ਆਉਣਗੇ, ਵੋਟਰਾਂ ਨੂੰ ਅਜਿਹੇ ਆਗੂਆਂ ਦਾ ਬਾਈਕਾਟ ਕਰ ਕੇ ਉਨ੍ਹਾਂ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਾ ਚਾਹੀਦਾ ਹੈ।
ਰਜਨੀਸ਼ ਕਪੂਰ
ਮਨਮੋਹਨ ਸਿੰਘ ਨਾ ਸਿਰਫ਼ ਨਿਮਰ ਸਨ, ਸਗੋਂ ਉਨ੍ਹਾਂ ਦੀ ਭਰੋਸੇਯੋਗਤਾ ਵੀ ਬਹੁਤ ਜ਼ਿਆਦਾ ਸੀ
NEXT STORY