ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਗੰਨੇ ਦੀਆਂ ਬਕਾਇਆ ਅਦਾਇਗੀਆਂ ਨਾ ਹੋਣ ਤੇ ਕਿਸਾਨਾਂ ਦੇ ਹੋਰ ਮਸਲਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 29 ਮਾਰਚ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੀਆਂ ਤਿਆਰੀਆਂ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਪਿੰਡ ਕਠਿਆਲੀ ’ਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਜ਼ਿਲਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਨਾ ਤਾ ਕੇਂਦਰ ਸਰਕਾਰ ਕੋਈ ਧਿਆਨ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੇ ਮਸਲਿਆਂ ਤੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਵੱਖ-ਵੱਖ ਬਹਾਨੇ ਲਾ ਕੇ ਸਮਾਂ ਪਾਸ ਕਰ ਰਹੀਆਂ ਹਨ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀ ਤੇ ਸਹਿਕਾਰੀ ਸ਼ੂਗਰ ਮਿੱਲਾਂ ਵੱਲ ਕਿਸਾਨਾਂ ਦਾ ਰਹਿੰਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ, ਸਰਵੇ ਅਤੇ ਬਾਂਡ ਕੀਤੇ ਗੰਨੇ ਦੀਆਂ ਪਰਚੀਆਂ ਤੁਰੰਤ ਜਾਰੀ ਕੀਤੀਆਂ ਜਾਣ, ਬੇ-ਮੌਸਮੀ ਬਾਰਿਸ਼ ਕਰ ਕੇ ਬਰਬਾਦ ਹੋਈਆਂ ਕਣਕ ਤੇ ਹੋਰ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰ ਕੇ ਪ੍ਰਭਾਵਿਤ ਕਿਸਾਨਾਂ ਦੀਆਂ ਲਿਸਟਾਂ ਪਿੰਡਾਂ ’ਚ ਲਾਈਆਂ ਜਾਣ, 25 ਹਜ਼ਾਰ ਰੁਪਏ ਪ੍ਰਤੀ ਏਕਡ਼ ਮੁਆਵਜ਼ਾ ਦਿੱਤਾ ਜਾਵੇ, ਝੋਨੇ ਦੀ ਲਵਾਈ 1 ਜੂਨ ਤੋਂ ਕਰਨ ਲਈ ਬਿਜਲੀ ਸਪਲਾਈ ਦਿੱਤੀ ਜਾਵੇ, ਨਹਿਰੀ ਪਾਣੀ ਛੱਡਿਆ ਜਾਵੇ ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਜਾਂ 6 ਹਜ਼ਾਰ ਰੁਪਏ ਪ੍ਰਤੀ ਏਕਡ਼ ਕਿਸਾਨ ਨੂੰ ਦਿੱਤਾ ਜਾਵੇ। ਇਸ ਮੌਕੇ ਤਰਸੇਮ ਸਿੰਘ, ਦਲਵੀਰ ਸਿੰਘ ਫੌਜੀ, ਸੁਖਦੇਵ ਸਿੰਘ, ਸਰਪੰਚ ਜਸਬੀਰ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਤੇ ਕਰਮ ਸਿੰਘ ਆਦਿ ਹਾਜ਼ਰ ਸਨ।
ਰੰਜਿਸ਼ ਤਹਿਤ ਹੋਏ ਝਗਡ਼ੇ ਦੌਰਾਨ ਮੋਟਰਸਾਈ ਕੀਤੀ ਤੋਡ਼-ਭੰਨ
NEXT STORY