ਤਲੰਵਡੀ ਸਾਬੋ(ਮੁਨੀਸ਼)— ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਨੌਕਰੀ ਮੇਲੇ ਦਾ ਸੋਮਵਾਰ ਨੂੰ ਸ਼ਾਨਦਾਰ ਆਗਾਜ਼ ਹੋਇਆ। ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਯੋਗ ਵਿਦਿਆਰਥੀਆਂ ਨੇ ਮੇਲੇ ਦੇ ਪਹਿਲੇ ਦਿਨ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਹ ਨੌਕਰੀ ਮੇਲਾ 21 ਤੋਂ 31 ਅਗਸਤ ਤੱਕ ਚੱਲੇਗਾ। ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਵੱਲੋਂ ਉੱਪਕੁਲਪਤੀ ਅਤੇ ਯੂਨੀਵਰਸਿਟੀ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਮਹਾਂ ਨੌਕਰੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਸ. ਸਿੱਧੂ ਹੋਰਾਂ ਵਿਚਾਰ ਸਾਂਝੇ ਕਰਦੇ ਕਿਹਾ ਕਿ ਪੰਜਾਬ ਸਰਕਾਰ ਦਾ ਘਰ-ਘਰ ਨੌਕਰੀ ਪਹੁੰਚਾਉਣ ਦਾ ਇਹ ਨਿੱਗਰ ਉੱਪਰਾਲਾ ਹੈ, ਜਿਸ ਦੇ ਤਹਿਤ ਯੋਗ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵਿੱਚ ਨੌਕਰੀਆਂ ਮਿਲਣਗੀਆਂ।
ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਉੱਪਕੁਲਪਤੀ, ਕਰਨਲ ਡਾ. ਭੁਪਿੰਦਰ ਧਾਲੀਵਾਲ ਨੇ ਸਭ ਲਈ ਸਵਾਗਤੀ ਸ਼ਬਦ ਕਹਿੰਦੇ ਕਿਹਾ ਹੈ ਕਿ ਮੁੱਖ ਪੰਡਾਲ ਤੋਂ ਬਿਨਾਂ ਵਿਦਿਆਰਥੀ ਸਹੂਲਤਾਂ ਅਤੇ ਇੰਟਰਵਿਊ ਪ੍ਰਕਿਰਿਆ ਲਈ ਯੂਨੀਵਰਸਿਟੀ ਕੈਂਪਸ 'ਚ ਵੱਖ-ਵੱਖ ਥਾਵਾਂ 'ਤੇ ਕਾਊਂਟਰ ਬਣਾਏ ਗਏ ਹਨ, ਜਿੱਥੇ ਨੌਕਰੀ ਸਬੰਧੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਤੋਂ ਬਿਨਾਂ ਮਾਪੇ ਅਤੇ ਵਿਦਿਆਰਥੀ ਦੀ ਸਹੂਲਤ ਨੂੰ ਦੇਖਦੇ ਹੋਏ ਵੱਖ-ਵੱਖ ਥਾਵਾਂ 'ਤੇ ਰਿਫਰੈੱਸ਼ਮੈਂਟ ਸਟਾਲਾਂ ਅਤੇ ਪੀਣ ਯੋਗ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਨੌਕਰੀ ਮੇਲੇ ਦੇ ਸ਼ਾਨਦਾਰ ਆਗਾਜ਼ 'ਤੇ ਪੰਜਾਬ ਸਰਕਾਰ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਰ ਸਬੰਧਤ ਅਧਿਕਾਰੀ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੈਂਪਸ ਵਿੱਚ ਆਨ-ਦਾ-ਸਪਾਟ ਰਜਿਸਟ੍ਰੇਸ਼ਨ ਕਾਊਂਟਰ ਵੀ ਬਣਾਏ ਗਏ ਹਨ ਜੋਕਿ ਮੁੱਢਲੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਗਏ ਬਿਨੈਕਾਰਾਂ ਲਈ ਲਾਭਦਾਇਕ ਸਿੱਧ ਹੋਣਗੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਹਿਲੇ ਦਿਨ ਨਾਲੋਂ ਵੀ ਜ਼ਿਆਦਾ ਤਾਦਾਦ ਵਿੱਚ ਵਿਦਿਆਰਥੀ ਇਸ ਮੇਲੇ ਵਿੱਚ ਪਹੁੰਚ ਕਰਨਗੇ। ਬਿਨੇਕਾਰਾਂ ਅਤੇ ਮਾਪਿਆਂ ਦੀ ਸਹੂਲਤ ਦੇ ਹਿੱਤ ਕੇਂਦਰੀ ਅਨਾਉਸਮੈਂਟ ਸਿਸਟਮ ਅਤੇ ਜਗ੍ਹਾ-ਜਗ੍ਹਾ 'ਤੇ ਫਲੈਕਸ ਲਗਾ ਕਿ ਵਿਦਿਆਰਥੀਆਂ ਤੱਕ ਹਰ ਅਹਿਮ ਸੂਚਨਾ ਪਹੁੰਚਾਈ ਗਈ।
ਘਰ-ਘਰ ਨੌਕਰੀ ਪਹੁੰਚਾਉਣ ਦੇ ਪੰਜਾਬ ਸਰਕਾਰ ਦੇ ਇਸ ਉੱਪਰਾਲੇ ਸਬੰਧੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਸੁਵਿਧਾ ਕਾਊਂਟਰਜ਼ ਦੀਆਂ ਹਦਾਇਤਾਂ ਮੁਤਾਬਕ ਹੀ ਵਿਦਿਆਰਥੀ ਸਾਰੀ ਪ੍ਰਕਿਆ ਅਪਣਾਉਣ ਤਾਂ ਜੋ ਬਿਨਾਂ ਕਿਸੇ ਅੜਚਣ ਦੇ ਬਿਨੈਕਾਰਾਂ ਦੀ ਇੰਟਰਵਿਊ ਪ੍ਰਕਿਰਿਆ ਨੇਪਰੇ ਚਾੜੀ ਜਾ ਸਕੇ।
ਹੜ੍ਹ ਪ੍ਰਭਾਵਤ ਬਿਹਾਰ ਵਾਸੀਆਂ ਦੀ ਬਾਂਹ ਫੜ ਰਹੀ ਹੈ 'ਖਾਲਸਾ ਏਡ' (ਤਸਵੀਰਾਂ)
NEXT STORY