ਜਲੰਧਰ (ਰਮਨਦੀਪ ਸੋਢੀ) : ਹੜ੍ਹਾਂ ਦੀ ਮਾਰ ਝੱਲ ਰਹੇ ਬਿਹਾਰ ਵਾਸੀਆਂ ਦੀ ਮਦਦ ਲਈ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੇ ਆਪਣੇ ਰਾਹਤ ਕਾਰਜ ਆਰੰਭ ਕਰ ਦਿੱਤੇ ਹਨ। ਬੀਤੇ ਦਿਨੀਂ ਇਸ ਸੰਸਥਾ ਦੇ ਵਾਲੰਟੀਅਰ ਬਿਹਾਰ ਦੇ ਅਰਰੀਆ ਇਲਾਕੇ ਵਿਚ ਪਹੁੰਚ ਗਏ ਹਨ ਜਿੱਥੇ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਣ ਵੰਡਣ ਤੋਂ ਇਲਾਵਾ ਖੁਦ ਲੰਗਰ ਤਿਆਰ ਕਰਕੇ ਰੋਜ਼ਾਨਾ ਕਰੀਬ 1500 ਲੋਕਾਂ ਨੂੰ ਛਕਾਇਆ ਜਾ ਰਿਹਾ ਹੈ। ਸੰਸਥਾ ਦੇ ਕੌਮੀ ਮੁਖੀ ਅਮਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖਾਲਸਾ ਏਡ ਦੇ ਨੌਜਵਾਨ ਵਾਲੰਟੀਅਰ ਇਥੇ ਪਹੁੰਚੇ ਹੋਏ ਹਨ ਜੋ ਅਣਮਿੱਥੇ ਸਮੇਂ ਤਕ ਉਥੇ ਰਹਿ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੇ।
ਗੌਰਤਲਬ ਹੈ ਕਿ ਬਿਹਾਰ ਦੇ 18 ਜ਼ਿਲਿਆਂ ਵਿਚ ਆਏ ਭਿਆਨਕ ਹੜ੍ਹਾਂ ਕਾਰਨ 1 ਕਰੋੜ 27 ਲੱਖ ਦੇ ਕਰੀਬ ਲੋਕ ਪ੍ਰਭਾਵਤ ਹੋਏ ਹਨ ਅਤੇ ਤਾਜ਼ਾ ਅੰਕੜਿਆਂ ਮੁਤਾਬਕ 250 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਜਦਕਿ ਇਕੱਲੇ ਅਰਰੀਆ ਇਲਾਕੇ ਵਿਚ ਹੀ 100 ਦੇ ਕਰੀਬ ਲੋਕ ਮੌਤ ਮੂੰਹ 'ਚ ਜਾ ਚੁੱਕੇ ਹਨ। ਇਸ ਦੌਰਾਨ ਜਿੱਥੇ ਪ੍ਰਸ਼ਾਸਨ ਲੋਕਾਂ ਦੀ ਹਰ ਪੱਖ ਤੋਂ ਮਦਦ ਕਰ ਰਿਹਾ ਹੈ, ਉਥੇ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਕੀ ਹੈ 'ਖਾਲਸਾ ਏਡ'
ਸਾਲ 1999 ਤੋਂ ਇੰਗਲੈਂਡ ਵਿਚ ਹੋਂਦ 'ਚ ਆਈ ਸਮਾਜ ਸੇਵੀ ਸੰਸਥਾ 'ਖਾਲਸਾ ਏਡ' ਕੁਦਰਤੀ ਆਫਤਾਂ ਨਾਲ ਜੂਝ ਰਹੇ ਪੀੜਤਾਂ ਦੀ ਮਦਦ ਲਈ ਮਸੀਹਾ ਬਣ ਕੇ ਉੱਭਰਦੀ ਆਈ ਹੈ। 'ਖਾਲਸਾ ਏਡ' ਦੇ ਸੇਵਾਦਾਰ ਬਿਨਾ ਕਿਸੇ ਭੇਦ-ਭਾਵ ਤੋਂ ਜ਼ਰੂਰਤਮੰਦਾਂ ਲੋਕਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਅਤੇ ਕੁਦਰਤੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੀ ਸੇਵਾ ਕਰਦੇ ਹਨ।ਪਿਛਲੇ ਕੁਝ ਸਾਲਾਂ ਵਿਚ 'ਖਾਲਸਾ ਏਡ' ਦੇ ਸੇਵਾਦਾਰਾਂ ਨੇ ਕੁਦਰਤੀ ਆਫਤਾਂ ਦੀ ਮਾਰ ਹੇਠ ਆਏ ਭਾਰਤ, ਗਰੀਸ ਸ਼ਰਨਾਰਥੀ ਕੈਂਪਾਂ, ਇੰਗਲੈਂਡ ਹੜ੍ਹਾਂ, ਯਮਨ ਜੰਗ, ਨੇਪਾਲ ਭੂਚਾਲ ਤ੍ਰਾਸਦੀ, ਸੂਡਾਨ, ਲਿਬਨਾਨ ਸਮੇਤ ਕਈ ਦੇਸ਼ਾਂ ਵਿਚ ਲੋੜਵੰਦਾਂ ਨੂੰ ਮਦਦ ਪਹੁੰਚਾ ਕੇ ਮਾਨਵਤਾ ਦੀ ਸੇਵਾ ਕਰਨ ਦੀ ਵੱਖਰੀ ਮਿਸਾਲ ਪੈਦਾ ਕੀਤੀ ਹੈ। ਸੰਸਥਾ ਦੇ ਤਤਕਾਲੀ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਇਸ ਵਲੋਂ ਸਿਕਲੀ ਘਰ ਸਿੱਖਾਂ ਦੀ ਮਦਦ ਅਤੇ ਇਰਾਕ ਸੀਰੀਆ ਬਾਰਡਰ 'ਤੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ।
ਮਾਮਲਾ ਧੋਖੇ ਨਾਲ ਜ਼ਮੀਨ ਵੇਚਣ ਦਾ, ਸਾਬਕਾ ਸਰਪੰਚ ਸਣੇ 3 ਖਿਲਾਫ ਮਾਮਲਾ ਦਰਜ
NEXT STORY