ਦੇਸ਼ 'ਚ ਚੱਲ ਰਹੇ ਕਿਸਾਨ ਸੰਕਟ ਵਿਚਕਾਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸੇ ਅਖਬਾਰ ਨੂੰ ਪਹਿਲਾ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੌਰਾਨ ਹਰਸਿਮਰਤ ਕਿਸਾਨੀ ਸੰਕਟ, ਦੇਸ਼ ਵਿਚ ਕਿਸਾਨਾਂ ਦੀ ਮੌਜੂਦਾ ਸਥਿਤੀ ਅਤੇ ਕਿਸਾਨਾਂ ਲਈ ਕੇਂਦਰ ਸਰਕਾਰ ਤੇ ਉਨ੍ਹਾਂ ਦੇ ਮੰਤਰਾਲਾ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਨਾਲ-ਨਾਲ ਪੰਜਾਬ ਦੀ ਸਿਆਸਤ 'ਤੇ ਖੁੱਲ੍ਹ ਕੇ ਬੋਲੀ। ਪੇਸ਼ ਹੈ ਹਰਸਿਮਰਤ ਕੌਰ ਬਾਦਲ ਦੀ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਹੋਈ ਗੱਲਬਾਤ : -
* ਕਿਸਾਨੀ ਸੰਕਟ 'ਤੇ ਬੋਲੀ ਹਰਸਿਮਰਤ, ਸਵਾਮੀਨਾਥਨ ਕਮਿਸ਼ਨ ਸਮੱਸਿਆ ਦਾ ਹੱਲ ਨਹੀਂ
ਸਵਾਲ : 2014 ਵਿਚ ਮੋਦੀ ਦਾ ਨਾਅਰਾ ਸੀ, 'ਬਹੁਤ ਹੁਆ ਕਿਸਾਨ ਪਰ ਅੱਤਿਆਚਾਰ, ਅਬਕੀ ਬਾਰ ਮੋਦੀ ਸਰਕਾਰ' ਸਥਿਤੀ ਹੁਣ ਵੀ ਵੈਸੀ ਕਿਉਂ ਹੈ?
ਜਵਾਬ : ਉਸ ਸਮੇਂ ਤਕ ਪਿਛਲੇ 60 ਸਾਲ ਵਿਚ ਵਿਗਾੜੇ ਗਏ ਹਾਲਾਤ ਦੀ ਗੱਲ ਹੋ ਰਹੀ ਸੀ ਅਤੇ ਹਾਲਾਤ ਭਾਜਪਾ ਨੇ ਤਾਂ ਵਿਗਾੜੇ ਨਹੀਂ ਸੀ। ਅਸੀਂ ਤਾਂ ਹਾਲਾਤ ਸੁਧਾਰਨ ਦਾ ਟੀਚਾ ਰੱਖਿਆ ਹੈ। ਕਾਂਗਰਸ ਨੇ 60 ਸਾਲ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦਿੱਤਾ ਪਰ 60 ਸਾਲ ਤਕ ਕਿਸਾਨਾਂ ਦੀ ਬਾਤ ਤਕ ਨਹੀਂ ਪੁੱਛੀ ਅਤੇ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਰਹੇ। ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤਕ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ।
ਸਵਾਲ : ਕੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਕੇ ਹਾਲਾਤ ਸੁਧਾਰੇ ਨਹੀਂ ਜਾ ਸਕਦੇ?
ਜਵਾਬ : ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਕਮਿਸ਼ਨ ਨੇ ਫਸਲ ਦੀ ਐੱਮ. ਐੱਸ. ਪੀ. 'ਤੇ ਸੁਝਾਅ ਦਿੱਤੇ ਹਨ ਪਰ ਬਹੁਤ ਘੱਟ ਫਸਲਾਂ ਦਾ ਸਮਰਥਨ ਮੁੱਲ ਤੈਅ ਹੁੰਦਾ ਹੈ। ਅਜਿਹੇ ਵਿਚ ਬਾਕੀ ਕਿਸਾਨਾਂ ਦਾ ਭਲਾ ਕਿਵੇਂ ਹੋਵੇਗਾ। ਸਰਕਾਰ ਨੇ 11 ਤੋਂ 15 ਫੀਸਦੀ ਪ੍ਰੀਮੀਅਮ 'ਤੇ ਹੋਣ ਵਾਲੇ ਫਸਲ ਬੀਮੇ ਦਾ ਪ੍ਰੀਮੀਅਮ ਵਧਾ ਕੇ ਇਕ ਤੋਂ 2 ਫੀਸਦੀ ਕਰ ਦਿੱਤਾ ਹੈ ਅਤੇ ਫਸਲ ਬੀਮਾ ਦੀ ਰਕਮ 11 ਤੋਂ ਵਧ ਕੇ 40 ਹਜ਼ਾਰ ਰੁਪਏ ਪ੍ਰਤੀ ਏਕੜ ਤਕ ਕਰ ਦਿੱਤੀ ਹੈ। ਨੀਮ ਕੋਟਿੰਗ ਦੇ ਰਾਹੀਂ ਯੂਰੀਆ ਦੀ ਕਮੀ ਖਤਮ ਕੀਤੀ ਹੈ। ਗੋਇਲ ਹੈਲਥ ਕਾਰਡ ਬਣਾ ਕੇ ਕਿਸਾਨ ਦਾ ਖਰਚ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਦੀ ਸਹੂਲਤ ਦਿੱਤੀ ਗਈ ਹੈ ਅਤੇ 585 ਮੰਡੀਆਂ ਹੀ-ਨਾਂ ਦੇ ਰਾਹੀਂ ਜੋੜੀਆਂ ਗਈਆਂ ਹਨ।
ਸਵਾਲ : ਪੰਜਾਬ ਵਿਚ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਕਿਉਂ ਨਹੀਂ ਰੁਕ ਰਹੀਆਂ?
ਜਵਾਬ : ਸੂਬੇ ਵਿਚ ਨਵੀਂ ਸਰਕਾਰ ਦੇ ਗਠਨ ਦੇ 80 ਦਿਨ ਦੇ ਅੰਦਰ 75 ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਵਲੋਂ ਕਿਸਾਨਾਂ ਨਾਲ ਕੀਤੇ ਗਏ ਝੂਠੇ ਵਾਅਦੇ ਹਨ। ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਘਰ-ਘਰ ਜਾ ਕੇ ਫਾਰਮ ਭਰਵਾਏ ਅਤੇ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਪਰ ਸਰਕਾਰ ਆਉਣ ਦੇ ਬਾਅਦ ਇਸ 'ਤੇ ਕਾਰਵਾਈ ਨਹੀਂ ਹੋਈ। ਕਿਸਾਨ ਕਰਜ਼ਾ ਮੁਆਫ ਹੋਣ ਦੇ ਭਰਮ ਵਿਚ ਬੈਂਕਾਂ ਦੇ ਪੈਸੇ ਵਾਪਸ ਨਹੀਂ ਕਰ ਰਹੇ ਅਤੇ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੁਣ ਕਰਜ਼ਾ ਮੁਆਫੀ ਦੀ ਗੱਲ ਵੀ ਨਹੀਂ ਕਰ ਰਹੇ।
ਸਵਾਲ : ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਕੇਂਦਰ ਤੋਂ ਸਹਿਯੋਗ ਲੈਣ ਵਿਚ ਕੀ ਤੁਸੀਂ ਕੈਪਟਨ ਅਮਰਿੰਦਰ ਦੀ ਮਦਦ ਕਰੋਗੇ?
ਜਵਾਬ : ਮੈਂ ਹਮੇਸ਼ਾ ਕਿਸਾਨ ਦੇ ਪੱਖ ਦੀ ਗੱਲ ਕਰਾਂਗੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜਨ ਦੇਵਾਂਗੀ। ਕੈਪਟਨ ਕੇਂਦਰ ਨਾਲ ਸਹਿਯੋਗ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਜੇ ਉੱਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਦੀ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕਦੀ ਹੈ ਤਾਂ ਪੰਜਾਬ ਵਿਚ ਅਜਿਹਾ ਕਿਉਂ ਨਹੀਂ ਹੋ ਸਕਦਾ। ਕੇਂਦਰ ਨੇ ਯੂ. ਪੀ. ਵਿਚ ਵੀ ਪੈਸਾ ਨਹੀਂ ਦਿੱਤਾ।
* ਰੇਤ ਖੋਦਾਈ ਘਪਲੇ 'ਤੇ ਨਵਜੋਤ ਸਿੰਘ ਸਿੱਧੂ ਦੀ ਬੋਲਤੀ ਬੰਦ ਕਿਉਂ?
ਸਵਾਲ : ਕੇਂਦਰੀ ਫੰਡਾਂ ਵਿਚ ਹੇਰਾਫੇਰੀ ਦੇ ਨਵਜੋਤ ਸਿੰਘ ਸਿੱਧੂ ਦੇ ਦੋਸ਼ ਦਾ ਕੀ ਜਵਾਬ ਹੈ?
ਜਵਾਬ : ਜਿਸ ਵਿਅਕਤੀ ਦਾ ਕੋਈ ਧਰਮ-ਈਮਾਨ ਨਹੀਂ, ਜਿਸ ਵਿਅਕਤੀ ਨੇ ਉਸ ਪਾਰਟੀ ਦਾ ਅਪਮਾਨ ਕੀਤਾ, ਜਿਸ ਨੇ ਉਸ ਨੂੰ ਸਿਆਸੀ ਪਛਾਣ ਦਿੱਤੀ, ਜੋ ਵਿਅਕਤੀ ਆਮ ਆਦਮੀ ਪਾਰਟੀ ਵਿਚ ਜਾਣ ਲਈ ਤਰਸ ਰਿਹਾ ਸੀ, ਜਿਸ ਨੇ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਿਹਾ ਅਤੇ ਜੋ ਵਿਅਕਤੀ ਸਿੱਖਾਂ ਦੇ ਕਾਤਲ ਗਾਂਧੀ ਪਰਿਵਾਰ ਦੇ ਮੈਂਬਰਾਂ ਦੇ ਅੱਗੇ ਸਿਰ ਝੁਕਾਵੇ ਅਤੇ ਜਿਸ ਸਿੱਧੂ ਦੇ ਸੰਸਕ੍ਰਿਤਕ ਮੰਤਰਾਲਾ ਨੇ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿਚ ਚੱਲ ਰਹੀਆਂ ਸਕ੍ਰੀਨਾਂ 'ਤੇ ਗੁਰਬਾਣੀ ਬੰਦ ਕਰ ਕੇ ਸ਼ਰਾਬ ਦੇ ਇਸ਼ਤਿਹਾਰ ਸ਼ੁਰੂ ਕਰਵਾਵੇ, ਉਸ ਬਾਰੇ ਗੱਲ ਕਰਨਾ ਬੇਕਾਰ ਹੈ।
ਸਵਾਲ : ਰੇਤ ਖਨਨ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਿੱਧੂ ਦੇ ਦੋਸ਼ਾਂ 'ਤੇ ਤੁਸੀਂ ਕੀ ਕਹੋਗੇ?
ਜਵਾਬ : ਪਿਛਲੇ ਮਹੀਨੇ ਸਾਹਮਣੇ ਆਏ ਰੇਤ ਖਨਨ ਘਪਲੇ ਨੂੰ ਲੈ ਕੇ ਸਿੱਧੂ ਦੇ ਮੂੰਹ 'ਤੇ ਤਾਲਾ ਕਿਉਂ ਲੱਗਾ ਹੈ, ਹੁਣ ਸਿੱਧੂ ਕਿਉਂ ਨਹੀਂ ਬੋਲ ਰਹੇ। ਕੀ ਹੁਣ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਜ਼ਰ ਨਹੀਂ ਆ ਰਿਹਾ?
* ਬਲਿਊ ਪ੍ਰਿੰਟ ਲਿਆਉਣ ਮਨਪ੍ਰੀਤ, ਗਾਲਿਬ ਅਤੇ ਫੈਜ਼ ਨਹੀਂ ਸਿਖਾ ਸਕਦੇ ਇਕਾਨੋਮੀ
ਸਵਾਲ : ਮਨਪ੍ਰੀਤ ਬਾਦਲ ਸੂਬੇ ਦੇ ਆਰਥਿਕ ਹਾਲਾਤ 'ਤੇ ਵ੍ਹਾਈਟ ਪੇਪਰ ਲਿਆ ਰਹੇ ਹਨ, ਤੁਹਾਡਾ ਕੀ ਕਹਿਣਾ ਹੈ?
ਜਵਾਬ : ਵਹਾਈਟ ਪੇਪਰ ਲਿਆ ਕੇ ਜਨਤਾ ਨੂੰ ਮੂਰਖ ਨਾ ਬਣਾਉਣ। ਬਲਿਊ ਪ੍ਰਿੰਟ ਲੈ ਕੇ ਆਉਣ। ਜਨਤਾ ਨੂੰ ਦੱਸਣ ਕਿ ਕਿਸਾਨਾ ਦਾ ਕਰਜ਼ਾ ਕਿਵੇਂ ਮੁਆਫ ਹੋਵੇਗਾ ਅਤੇ ਪਹਿਲੀ ਕਿਸ਼ਤ ਵਿਚ ਕਿੰਨਾ ਕਰਜ਼ਾ ਮੁਆਫ ਹੋਵੇਗਾ। 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਪਹਿਲੀ ਨੌਕਰੀ ਕਿਸ ਨੂੰ ਅਤੇ ਕਿਥੇ ਦਿੱਤੀ ਜਾ ਰਹੀ ਹੈ। ਇਹ ਬਲਿਊ ਪ੍ਰਿੰਟ ਪੇਸ਼ ਕਰਨ। ਵ੍ਹਾਈਟ ਪੇਪਰ ਪੁਰਾਣੀ ਸਰਕਾਰ ਦੀਆਂ ਯੋਜਨਾਵਾਂ ਨੂੰ ਬੰਦ ਕਰਨ ਦਾ ਬਹਾਨਾ ਹੈ। ਇਹ ਬਹਾਨੇਬਾਜ਼ੀ ਨਹੀਂ ਚੱਲੇਗੀ। ਮਨਪ੍ਰੀਤ ਬਾਦਲ ਵੈਸੇ ਵੀ ਸ਼ਾਇਰੀ ਪੜ੍ਹਦੇ ਰਹਿੰਦੇ ਹਨ ਅਤੇ ਗਾਲਿਬ ਜਾਂ ਫੈਜ ਮਨਪ੍ਰੀਤ ਨੂੰ ਅਰਥਚਾਰਾ ਨਹੀਂ ਸਿਖਾ ਸਕਦੇ। ਉਨ੍ਹਾਂ ਨੂੰ ਆਰਥਿਕ ਮਾਮਲਿਆਂ ਦੀ ਜਾਣਕਾਰੀ ਨਹੀਂ ਹੈ।
ਸਵਾਲ : ਅਗਲੀਆਂ ਚੋਣਾਂ 'ਚ ਕੀ ਬਠਿੰਡਾ ਤੋਂ ਲੜੋਗੇ?
ਜਵਾਬ : ਪਿਛਲੀਆਂ ਚੋਣਾਂ ਦੌਰਾਨ ਮਨਪ੍ਰੀਤ ਨੇ ਬਹੁਤ ਜ਼ੋਰ ਲਗਾਇਆ ਸੀ ਪਰ ਚੋਣ ਹਾਰ ਗਏ। ਇਸ ਵਾਰ ਤਾਂ ਸਥਿਤੀ ਮਨਪ੍ਰੀਤ ਦੇ ਖਿਲਾਫ ਹੈ ਕਿਉਂਕਿ ਉਹ ਵਿੱਤ ਮੰਤਰੀ ਹਨ ਅਤੇ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਪੂਰੇ ਕਰਨੇ ਹਨ। ਪਿਛਲੀ ਵਾਰ ਉਹ ਸਿਰਫ ਦੋਸ਼ ਲਗਾਉਣ ਵਾਲਿਆਂ 'ਚੋਂ ਸਨ ਪਰ ਇਸ ਵਾਰ ਉਨ੍ਹਾਂ ਨੂੰ ਜਨਤਾ ਨੂੰ ਜਵਾਬ ਦੇਣਾ ਹੋਵੇਗਾ ਅਤੇ ਸਾਡੇ ਬਰਾਬਰ ਵਿਕਾਸ ਵੀ ਕਰਵਾ ਕੇ ਦਿਖਾਉਣਾ ਹੋਵੇਗਾ।
* ਬੱਚਿਆਂ ਨੂੰ ਸੁਖਬੀਰ ਪਸੰਦ, ਸੁਖਬੀਰ ਨੂੰ ਮੈਂਗੋ ਆਈਸਕ੍ਰੀਮ
ਸਵਾਲ : ਬਾਦਲ ਪਰਿਵਾਰ ਦੀ ਨੂੰਹ, ਸੁਖਬੀਰ ਦੀ ਪਤਨੀ, ਇਕ ਮਾਂ ਅਤੇ ਇਕ ਕੇਂਦਰੀ ਮੰਤਰੀ ਦੇ ਕਿਰਦਾਰਾਂ 'ਚੋਂ ਕਿਹੜਾ ਕਿਰਦਾਰ ਪਸੰਦ ਹੈ?
ਜਵਾਬ : ਮੈਨੂੰ ਭਗਵਾਨ ਦੇ ਚਰਨਾਂ ਦਾ ਦਾਸ ਬਣ ਕੇ ਰਹਿਣ ਦਾ ਕਿਰਦਾਰ ਪਸੰਦ ਹੈ। ਹਰ ਮਹੀਨੇ ਦਰਬਾਰ ਸਾਹਿਬ ਜਾ ਕੇ ਸਿਮਰਨ ਦੀ ਦਾਤ ਮਿਲਦੀ ਰਹੇ ਅਤੇ ਗੁਰੂ ਆਪਣੇ ਚਰਨਾਂ ਵਿਚ ਲਗਾ ਕੇ ਰੱਖਣ। ਇਹ ਕਿਰਦਾਰ ਮੈਨੂੰ ਹਰ ਜਨਮ ਵਿਚ ਚਾਹੀਦਾ ਹੈ। ਬਾਕੀ ਕਿਰਦਾਰ ਤਾਂ ਭਗਵਾਨ ਦੇ ਦਿੱਤੇ ਹੋਏ ਹਨ। ਉਹ ਕਦੇ ਵੀ ਵਾਪਿਸ ਲੈ ਸਕਦੇ ਹਨ।
ਸਵਾਲ : ਪਰਿਵਾਰ ਨਾਲ ਇੰਜੁਆਏ ਕੀਤੇ ਨੂੰ ਕਿੰਨਾ ਸਮਾਂ ਹੋ ਗਿਆ?
ਜਵਾਬ : ਸਿਆਸਤ ਵਿਚ ਆ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸਮਾਂ ਹੀ ਕਿੱਥੇ ਮਿਲਦਾ ਹੈ। ਕੇਂਦਰ ਵਿਚ ਮੇਰੇ ਬੌਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਮ ਪ੍ਰਤੀ ਇੰਨੇ ਗੰਭੀਰ ਹਨ ਕਿ ਨਾ ਤਾਂ ਉਨ੍ਹਾਂ ਨੂੰ ਖ਼ੁਦ ਇੰਜੁਆਏ ਲਈ ਸਮਾਂ ਮਿਲਦਾ ਹੈ ਤੇ ਨਾ ਹੀ ਉਨ੍ਹਾਂ ਦੇ ਮੰਤਰੀ ਇੰਜੁਆਏ ਕਰ ਸਕਦੇ ਹਨ ਪਰ ਜੇਕਰ ਕਦੇ ਵੀ ਸਮਾਂ ਮਿਲੇ ਤਾਂ ਪਰਿਵਾਰ ਨਾਲ ਡਿਨਰ ਜਾਂ ਫਿਲਮ ਦੇਖ ਲੈਂਦੇ ਹਾਂ ਜਾਂ ਹਰ ਮਹੀਨੇ ਘਰ ਵਿਚ ਹੋਣ ਵਾਲੇ ਪਾਠ ਵਿਚ ਪਰਿਵਾਰ ਨਾਲ ਬੈਠ ਕੇ ਕੀਰਤਨ ਸੁਣ ਲੈਂਦੇ ਹਾਂ। ਇਨ੍ਹਾਂ ਛੋਟੀਆਂ ਗੱਲਾਂ ਨਾਲ ਹੀ ਮੈਨੂੰ ਖੁਸ਼ੀ ਮਿਲ ਜਾਂਦੀ ਹੈ।
ਸਵਾਲ : ਤੁਹਾਡੇ ਬੱਚਿਆਂ ਨੂੰ ਤੁਸੀਂ ਪਸੰਦ ਹੋ ਜਾਂ ਸੁਖਬੀਰ ਬਾਦਲ?
ਜਵਾਬ : ਜ਼ਾਹਿਰ ਜਿਹੀ ਗੱਲ ਹੈ ਸੁਖਬੀਰ ਬਾਦਲ। ਕਿਉਂਕਿ ਬਤੌਰ ਮਾਂ ਮੈਨੂੰ ਬੱਚਿਆਂ ਨੂੰ ਡਾਂਟਣਾ ਪੈਂਦਾ ਹੈ। ਮੈਂ ਉਨ੍ਹਾਂ ਨੂੰ ਪੜ੍ਹਾਈ ਲਈ ਕਹਿੰਦੀ ਹਾਂ, ਫੋਨ ਅਤੇ ਕੰਪਿਊਟਰ ਛੱਡਣ ਲਈ ਕਹਿੰਦੀ ਹਾਂ ਪਰ ਸੁਖਬੀਰ ਕਿਸੇ ਕੰਮ ਲਈ ਮਨ੍ਹਾ ਨਹੀਂ ਕਰਦੇ, ਲਿਹਾਜ਼ਾ ਬੱਚੇ ਉਨ੍ਹਾਂ ਨਾਲ ਜ਼ਿਆਦਾ ਪਿਆਰ ਕਰਦੇ ਹਨ।
ਸਵਾਲ : ਕੀ ਬੱਚਿਆਂ ਨੂੰ ਸਿਆਸਤ 'ਚ ਲੈ ਕੇ ਆਓਗੇ?
ਜਵਾਬ : ਮੇਰੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅਤੇ ਪਤੀ ਸੁਖਬੀਰ ਸਿੰਘ ਬਾਦਲ ਦੋਹਾਂ ਦਾ ਵਿਚਾਰ ਹੈ ਕਿ ਬੱਚਿਆਂ ਨੂੰ ਸਿਆਸਤ ਵਿਚ ਨਹੀਂ ਲਿਆਉਣਾ ਚਾਹੀਦਾ ਪਰ ਮੈਂ ਚਾਹੁੰਦੀ ਹਾਂ ਕਿ ਬੱਚੇ ਜੋ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਰਨ ਦਿੱਤਾ ਜਾਵੇ। ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ।
ਸਵਾਲ : ਫੂਡ ਪ੍ਰੋਸੈਸਿੰਗ ਮੰਤਰੀ ਕਿਚਨ 'ਚ ਖ਼ੁਦ ਕੀ ਚੰਗਾ ਬਣਾਉਂਦੇ ਹੋ?
ਜਵਾਬ : ਹੁਣ ਤਾਂ ਕਿਚਨ ਵਿਚ ਜਾਣ ਲਈ ਸਮਾਂ ਘੱਟ ਮਿਲਦਾ ਹੈ ਪਰ ਅੱਜ ਵੀ ਘਰ ਵਿਚ ਮੈਂਗੋ ਆਈਸਕ੍ਰੀਮ ਬਣਾਉਣ ਦਾ ਮੁਕਾਬਲਾ ਚੱਲਦਾ ਹੈ। ਸੁਖਬੀਰ ਨੂੰ ਦੇਸੀ ਸਟਾਈਲ ਵਿਚ ਬਣੀ ਮੈਂਗੋ ਆਈਸਕ੍ਰੀਮ ਪਸੰਦ ਹੈ। ਘਰ ਦੇ ਪੁਰਾਣੇ ਨੌਕਰਾਂ ਅਤੇ ਮੇਰੇ ਵਿਚਾਲੇ ਚੰਗੀ ਆਈਸਕ੍ਰੀਮ ਬਣਾਉਣ ਦੀ ਦੌੜ ਲੱਗੀ ਰਹਿੰਦੀ ਹੈ ਤੇ ਸਾਰਾ ਪਰਿਵਾਰ ਮਿਲ ਕੇ ਇਕ ਹੀ ਬਰਤਨ ਵਿਚ ਆਈਸਕ੍ਰੀਮ ਦਾ ਮਜ਼ਾ ਲੈਂਦੇ ਹਾਂ।
* ਮੈਦਾਨ ਛੱਡ ਕੇ ਭੱਜਣਾ ਨਾ ਮੇਰੀ ਫਿਤਰਤ, ਨਾ ਅਕਾਲੀ ਦਲ ਦੀ
ਸਵਾਲ : ਤੁਸੀਂ ਕੇਂਦਰ ਦੀ ਸਿਆਸਤ 'ਚ ਰਹੋਗੇ ਜਾਂ ਸੂਬੇ ਦੀ ਸਿਆਸਤ ਵਿਚ ਆ ਜਾਵੋਗੇ?
ਜਵਾਬ : ਮੈਂ ਕਦੇ ਸਿਆਸਤ ਵਿਚ ਨਹੀਂ ਆਉਣਾ ਸੀ ਪਰ 2009 ਵਿਚ ਜਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬੇਟੇ ਨੂੰ ਬਠਿੰਡਾ ਤੋਂ ਚੋਣਾਂ ਵਿਚ ਉਤਾਰ ਕੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਤਾਂ ਪਾਰਟੀ ਦੀ ਮੰਗ 'ਤੇ ਮੈਨੂੰ ਮੈਦਾਨ ਵਿਚ ਆਉਣਾ ਪਿਆ। ਮੈਂ ਦੂਸਰੀ ੋਚੋਣ ਵੀ ਨਹੀਂ ਲੜਨਾ ਚਾਹੁੰਦੀ ਸੀ ਪਰ ਮਨਪ੍ਰੀਤ ਬਾਦਲ 4 ਪਾਰਟੀਆਂ ਨੂੰ ਨਾਲ ਲੈ ਕੇ ਮੈਦਾਨ ਵਿਚ ਉਤਰ ਆਏ ਤਾਂ ਮੈਦਾਨ ਛੱਡ ਕੇ ਭੱਜਣਾ ਨਾ ਤਾਂ ਮੇਰੀ ਫਿਤਰਤ ਹੈ ਅਤੇ ਨਾ ਹੀ ਅਕਾਲੀ ਦਲ ਦੀ। ਹੁਣ ਵੀ ਮੈਂ ਤੀਸਰੀ ਚੋਣ ਬਾਰੇ ਕੁਝ ਨਹੀਂ ਸੋਚਿਆ ਹੈ। ਮੈਨੂੰ ਨਾ ਤਾਂ ਪਹਿਲੀ ਚੋਣ ਲੜਨ ਦਾ ²ਸ਼ੌਕ ਸੀ ਅਤੇ ਨਾ ਹੀ ਤੀਸਰੀ ਚੋਣ ਲੜਨ ਦਾ ਸ਼ੌਕ ਹੈ। ਭਗਵਾਨ ਨੂੰ ਜੋ ਚੰਗਾ ਲੱਗੇਗਾ, ਉਹੀ ਮੇਰੇ ਲਈ ਚੰਗਾ ਹੈ। ਮੈਂ ਆਪਣੀ ਡੋਰ ਭਗਵਾਨ ਦੇ ਹੱਥ ਛੱਡ ਦਿੱਤੀ ਹੈ।
ਸਵਾਲ : ਨੰਨ੍ਹੀ ਛਾਂ ਦਾ ਨਾਂ ਬਦਲਣ ਦੀਆਂ ਖਬਰਾਂ 'ਤੇ ਤੁਸੀਂ ਕੀ ਕਹੋਗੇ?
ਜਵਾਬ : ਜੋ ਵੀ ਲੋਕ ਇਹ ਕੰਮ ਕਰ ਰਹੇ ਹਨ, ਮੈਨੂੰ ਉੇਨ੍ਹਾਂ ਦੀ ਮਹਿਲਾ ਵਿਰੋਧੀ ਸੋਚ 'ਤੇ ਤਰਸ ਆਉਂਦਾ ਹੈ। ਇਸ ਮੁਹਿੰਮ ਦੇ ਤਹਿਤ ਮੈਂ ਆਪਣੀ ਕਮਾਈ ਤੋਂ ਪਿਛਲੇ 9 ਸਾਲ ਵਿਚ 90 ਸੈਂਟਰਾਂ 'ਤੇ 10 ਹਜ਼ਾਰ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦਿਵਾਈ ਹੈ ਅਤੇ ਇਹ ਲੜਕੀਆਂ ਅੱਜ ਆਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਹਨ। ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹਾਂ। ਕਾਂਗਰਸ ਜਾਂ ਵਿਰੋਧੀ ਕੀ ਕਹਿੰਦੇ ਹਨ, ਮੈਨੂੰ ਇਸ ਦੀ ਪ੍ਰਵਾਹ ਨਹੀਂ ਹੈ।
ਸਵਾਲ : ਤੁਹਾਡਾ ਮੰਤਰਾਲਾ ਬਦਲਣ ਦੀ ਚਰਚਾ ਵਿਚ ਕਿੰਨਾ ਦਮ ਹੈ?
ਜਵਾਬ : ਮੈਨੂੰ ਇਸ ਚਰਚਾ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ। ਮੇਰਾ ਫੋਕਸ ਆਪਣੇ ਕੰਮ 'ਤੇ ਹੈ। ਮੇਰੇ ਮੰਤਰਾਲਾ ਨੂੰ ਜੋ ਟੀਚਾ ਦਿੱਤਾ ਗਿਆ ਹੈ, ਉਸ ਟੀਚੇ ਮੁਤਾਬਕ ਮੇਰਾ ਪ੍ਰਦਰਸ਼ਨ ਚੰਗਾ ਹੈ ਅਤੇ ਮੈਂ ਸੋਚਦੀ ਹਾਂ ਕਿ ਮੇਰੇ ਬੌਸ ਪ੍ਰਧਾਨ ਮੰਤਰੀ ਵੀ ਮੇਰੇ ਕੰਮ ਤੋਂ ਖੁਸ਼ ਹੋਣਗੇ।
* ਵਿਕਾਸ ਤੇ ਵਿਨਾਸ਼ ਦਾ ਫਰਕ ਜਲਦੀ ਸਮਝ ਜਾਵੇਗੀ ਜਨਤਾ
ਸਵਾਲ : ਚੋਣਾਂ ਵਿਚ ਹਾਰ 'ਤੇ ਪਰਿਵਾਰ 'ਚ ਕੀ ਮੰਥਨ ਹੋਇਆ?
ਜਵਾਬ : ਸਾਡੇ ਖਿਲਾਫ ਦੁਸ਼ਪ੍ਰਚਾਰ ਜ਼ਿਆਦਾ ਕੀਤਾ ਗਿਆ ਅਤੇ ਵਿਰੋਧੀਆਂ ਨੇ ਜਨਤਾ ਨੂੰ ਝੂਠੇ ਲਾਰੇ ਲਗਾ ਕੇ ਭਰਮਾ ਲਿਆ। ਪਰ ਹੁਣ ਸੱਚ ਸਾਹਮਣੇ ਆਉਣ ਲੱਗਾ ਹੈ। ਮੈਨੂੰ ਲੱਗਦਾ ਹੈ ਕਿ ਭਗਵਾਨ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਜੇ ਅਸੀਂ ਸੱਤਾ ਤੋਂ ਬਾਹਰ ਨਾ ਹੁੰਦੇ ਤਾਂ ਜਨਤਾ ਨੂੰ ਵਿਕਾਸ ਅਤੇ ਵਿਨਾਸ਼ ਦਾ ਫਰਕ ਨਜ਼ਰ ਨਾ ਆਉਂਦਾ। 10 ਸਾਲ ਵਿਚ ਅਸੀਂ ਜਿੰਨਾ ਵਿਕਾਸ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੋ ਵਿਨਾਸ਼ ਕਰ ਰਹੀ ਹੈ, ਉਸ ਦਾ ਫਰਕ ਜਨਤਾ ਜਲਦੀ ਸਮਝ ਜਾਵੇਗੀ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੌਜਵਾਨਾਂ ਦੀ ਜ਼ਿਆਦਾ ਭੂਮਿਕਾ ਰਹੀ ਜਿਨ੍ਹਾਂ ਨੇ 2002 ਤੋਂ ਲੈ ਕੇ 2007 ਤਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਨਹੀਂ ਦੇਖਿਆ ਕਿਉਂਕਿ 18 ਤੋਂ 21 ਸਾਲ ਦੇ ਉਹ ਨੌਜਵਾਨ ਉਸ ਸਮੇਂ 8 ਤੋਂ 11 ਸਾਲ ਦੇ ਸਨ। ਲਿਹਾਜਾ ਇਹ ਨੌਜਵਾਨ ਵਿਰੋਧੀਆਂ ਦੇ ਦੁਸ਼ਪ੍ਰਚਾਰ ਦੀ ਚਾਲ ਵਿਚ ਆ ਗਏ।
ਸਵਾਲ : ਤੁਹਾਡਾ ਮੰਤਰਾਲਾ ਬਚਾਉਣ ਲਈ ਸੂਬੇ ਦੇ ਹਿੱਤ ਗਹਿਣੇ ਰੱਖਣ ਦੇ ਦੋਸ਼ਾਂ ਉੱਤੇ ਤੁਸੀਂ ਕੀ ਕਹੋਗੇ?
ਜਵਾਬ : ਪੰਜਾਬ 'ਚ 2002 ਤੋਂ 2004 ਤਕ ਕਰੀਬ ਢਾਈ ਸਾਲ ਕੇਂਦਰ ਅਤੇ ਸੂਬੇ ਦੋਵੇਂ ਥਾਂ ਕਾਂਗਰਸ ਦੀ ਸਰਕਾਰ ਸੀ। ਕੈਪਟਨ ਇਹ ਦੱਸਣ ਕਿ ਆਪਣੇ ਕਾਰਜਕਾਲ ਦੇ ਪਹਿਲੇ ਢਾਈ ਸਾਲਾਂ ਵਿਚ ਕੇਂਦਰ ਤੋਂ ਕੀ ਲੈ ਕੇ ਆਏ? ਅਸੀਂ ਆਉਂਦੇ ਹੀ ਬਠਿੰਡਾ ਵਿਚ ਏਮਜ਼, ਅੰਮ੍ਰਿਤਸਰ ਵਿਚ ਆਈ. ਈ. ਐੱਮ., ਹੈਰੀਟੇਜ਼ ਸਿਟੀ ਦਾ ਦਰਜਾ, 3-3 ਹਵਾਈ ਅੱਡੇ ਅਤੇ 45 ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਨੂੰ ਮਨਜ਼ੂਰੀ ਦਿਵਾਈ। ਜੇਕਰ ਅਸੀਂ ਇੰਨਾ ਕੰਮ ਕੇਂਦਰ ਦੇ ਸਹਿਯੋਗ ਨਾਲ ਕਰ ਸਕਦੇ ਹਾਂ ਤਾਂ ਇਸ ਵਿਚ ਸੂਬੇ ਦੇ ਹਿੱਤ ਗਹਿਣੇ ਰੱਖਣ ਦੀ ਗੱਲ ਕਿੱਥੋਂ ਆ ਗਈ?
ਸਵਾਲ : 2 ਮਹੀਨਿਆਂ 'ਚ ਸਰਕਾਰ ਵਿਰੁੱਧ ਬਣੇ ਮਾਹੌਲ 'ਤੇ ਤੁਸੀਂ ਕੀ ਕਹੋਗੇ?
ਜਵਾਬ : ਅਕਾਲੀ ਦਲ ਸਿਧਾਂਤਕ ਤੌਰ 'ਤੇ ਸਰਕਾਰ ਦੇ ਵਾਅਦੇ ਪੂਰੇ ਕਰਨ ਲਈ 6 ਮਹੀਨਿਆਂ ਤਕ ਦਾ ਸਮਾਂ ਦੇਣ ਦੇ ਪੱਖ ਵਿਚ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਰਕਾਰ ਪੁਰਾਣੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦੇਵੇ। ਸਰਕਾਰ ਨੇ ਪੈਨਸ਼ਨ, ਸ਼ਗਨ ਸਕੀਮ, ਆਟਾ-ਦਾਲ ਸਭ ਬੰਦ ਕਰ ਦਿੱਤਾ ਹੈ। ਇਥੇ ਬਿਜਲੀ ਨਹੀਂ ਹੈ ਤੇ ਪਾਕਿਸਤਾਨ ਨੂੰ ਬਿਜਲੀ ਦੇਣ ਦੀ ਗੱਲ ਹੋ ਰਹੀ ਹੈ। ਕਾਨੂੰਨ ਵਿਵਸਥਾ ਲੱਚਰ ਸਥਿਤੀ ਵਿਚ ਹੈ। ਸਿਟੀ ਸੈਂਟਰ ਸਕੈਮ ਅਤੇ ਇੰਟਰਨੈੱਟ ਸਕੈਮ ਦੀ ਤਰ੍ਹਾਂ ਰੇਤ ਘਪਲਾ ਤੇ ਸ਼ਰਾਬ ਮਾਫੀਆ ਦਾ ਦੌਰ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਅਕਾਲੀ ਦਲ ਚੁੱਪ ਨਹੀਂ ਬੈਠੇਗਾ।
ਗੁਰਦੁਆਰਾ ਸਾਹਿਬ ਨੂੰ ਰਸਤਾ ਨਾ ਮਿਲਣ ਕਾਰਨ ਲੋਕਾਂ 'ਚ ਰੋਸ
NEXT STORY