ਮਾਨਸਾ (ਅਮਰਜੀਤ ਚਾਹਲ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ 'ਤੇ ਸਿਆਸਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੱਕ ਹੈ ਅਤੇ ਇਸ ਮੁੱਦੇ 'ਤੇ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀ ਹੈ। ਉਨ੍ਹਾਂ ਕਿਹਾ ਕਿ 2016 ਵਿਚ ਬਾਦਲ ਸਰਕਾਰ ਨੇ ਲੋਕਾਂ ਨੂੰ ਜ਼ਮੀਨਾਂ ਅਤੇ ਰਜਿਸਟਰੀਆਂ ਵਾਪਸ ਕਰਦਿਆਂ ਇਹ ਸਾਫ਼ ਕਰ ਦਿੱਤਾ ਸੀ ਕਿ ਐੱਸਵਾਈਐੱਲ ਕਦੀ ਨਹੀ ਬਣੇਗਾ।
ਹਰਸਿਮਰਤ ਕੌਰ ਬਾਦਲ ਪਿੰਡ ਤਾਮਕੋਟ ਵਿਖੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸਿਮਰਜੀਤ ਸਿੰਮੀਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮਾਨ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਪੰਜਾਬ ਦੇ ਹੱਕਾਂ ਨੂੰ ਨਿਲਾਮ ਕਰ ਰਹੇ ਹਨ। ਮਾਨ ਸਰਕਾਰ ਦੇ ਬਣਦਿਆਂ ਹੀ ਪਹਿਲਾਂ ਅੱਧਾ ਪੰਜਾਬ ਬੀ.ਐੱਸ.ਐੱਫ.ਦੇ ਹਵਾਲੇ ਕਰ ਦਿੱਤਾ ਗਿਆ, ਫਿਰ ਪਾਣੀਆਂ 'ਚੋਂ ਪੰਜਾਬ ਦੀ ਮੈਂਬਰੀ ਖ਼ਤਮ ਕਰ ਦਿੱਤੀ ਗਈ। ਹਰਿਆਣਾ ਸਰਕਾਰ ਵੱਲੋਂ ਸਾਡੀ ਰਾਜਧਾਨੀ ਚੰਡੀਗੜ੍ਹ ਵਿਚ ਵਿਧਾਨਸਭਾ ਲਈ ਜਗ੍ਹਾ ਦੀ ਮੰਗ ਕਰਨ 'ਤੇ ਉਸ ਦਾ ਵਿਰੋਧ ਕਰਨ ਦੀ ਬਜਾਏ ਮਾਨ ਨੇ ਪੰਜਾਬ ਵਿਧਾਨਸਭਾ ਲਈ ਵੀ ਜਗ੍ਹਾ ਦੀ ਮੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ 14 ਅਕਤੂਬਰ ਦੀ ਮੀਟਿੰਗ ਦੌਰਾਨ SYL ਸਬੰਧੀ ਜ਼ੋਰਦਾਰ ਢੰਗ ਨਾਲ ਰੱਖੇਗੀ ਆਪਣਾ ਪੱਖ : CM ਮਾਨ
ਸੂਬੇ ਵਿਚ ਕਾਨੂੰਨ ਪ੍ਰਬੰਧਾਂ ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਕਰਨ ਦੀ ਗੱਲ ਜਨਤਕ ਕੀਤੀ ਗਈ ਜਿਸ ਕਾਰਨ ਉਹ ਅੱਜ ਸਾਡੇ ਵਿਚ ਨਹੀ ਰਹੇ। ਫ਼ਿਰ ਜਦ ਦਬਾਅ ਪੈਣ 'ਤੇ ਮਾਮਲੇ ਵਿਚ ਗੈਂਗਸਟਰ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਨੂੰ ਸਰਕਾਰੀ ਮਹਿਮਾਨ ਦੀ ਤਰ੍ਹਾਂ ਰੱਖਿਆ ਗਿਆ ਅਤੇ ਉਹ ਵੀ ਫ਼ਰਾਰ ਹੋ ਗਿਆ। ਇਸੇ ਤਰ੍ਹਾਂ ਬੀਤੇ ਦਿਨੀਂ ਤਰਨਤਾਰਨ ਵਿਚ ਦੁਕਾਨਦਾਰ ਤੋਂ ਫ਼ਿਰੌਤੀ ਨਾ ਮਿਲਣ 'ਤੇ ਗੈਂਗਸਟਰ ਵੱਲੋਂ ਸ਼ਰੇਆਮ ਦੁਕਾਨ ਵਿਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਪੰਜਾਬ ਦਾ ਕੋਈ ਵਾਲੀ ਵਾਰਸ ਨਹੀ ਹੈ, ਇਸ ਲਈ ਲੋਕਾਂ ਨੂੰ ਲੋਰ ਹੈ ਕਿ ਉਹ ਸਚੇਤ ਹੋ ਕੇ ਆਪਣੇ ਹੱਕਾਂ ਵਾਸਤੇ ਆਪ ਲੜਾਈ ਲੜਣ।
ਸਿਮਰਜੀਤ ਸਿੰਮੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਪਿੰਡ ਤਾਮਕੋਟ ਵਿਖੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸਿਮਰਜੀਤ ਸਿੰਮੀ ਦੀ ਬੇਵਕਤੀ ਮੌਤ ਹੋਣ ਤੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ। ਇਸ ਮੌਕੇ ਉਨ੍ਹਾਂ ਇਸ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਮਰਜੀਤ ਸਿੰਮੀ ਨੇ ਪਾਰਟੀ ਦੀ ਚੜਦੀ ਕਲਾ ਲਈ ਸਾਰੀ ਉਮਰ ਲਗਾਈ ਅਤੇ ਕਈ ਔਰਤਾਂ ਨੂੰ ਪਾਰਟੀ ਨਾਲ ਜੋੜਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਭਰਤੀ ਸਬੰਧੀ ਅਹਿਮ ਖ਼ਬਰ, ਉਮੀਦਵਾਰਾਂ ਲਈ ਮਹਿਕਮੇ ਨੇ ਜਾਰੀ ਕੀਤੀਆਂ ਹਿਦਾਇਤਾਂ
ਮਨੀ ਲਾਂਡ੍ਰਿੰਗ ਮਾਮਲੇ ’ਚ ਘਿਰੇ ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਵਿਰੁੱਧ ਦੋਸ਼ ਤੈਅ
NEXT STORY