ਬੁਢਲਾਡਾ (ਬਾਂਸਲ)- ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਗਾਂ ਸੰਬੰਧੀ ਦਿੱਤੇ ਭਰੋਸੇ ਤੋਂ ਬਾਅਦ ਮੰਗਾਂ ਮਨਵਾਉਣ ਲਈ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਅਤੇ 13 ਫਰਵਰੀ ਨੂੰ ਦਿੱਲੀ ਪੱਕੇ ਮੋਰਚੇ ਦੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਸਨ। ਜਿਸ 'ਤੇ ਸੰਯੁਕਤ ਕਿਸਾਨ ਮੋਰਚੇ ਸਮੇਤ ਬਾਕੀ ਕਿਸਾਨ ਸੰਗਠਨਾਂ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ ਹੈ। ਪ੍ਰੰਤੂ ਹਰਿਆਣੇ ਦੀ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ਤੋਂ ਪਹਿਲਾਂ ਰੋਜਾਵਾਲੀ ਪੁਲ (ਬੋਹਾ) 'ਤੇ ਪੱਕੀ ਬੈਰੀਕੇਡ ਕਰ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ।
ਉੱਥੇ ਬੋਹਾ ਸਮੇਤ ਹਰਿਆਣੇ ਨਾਲ ਲੱਗਦੇ 40 ਪਿੰਡਾਂ 'ਚ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਜਦਕਿ ਏਅਰਟੈੱਲ ਕੰਪਨੀ ਦਾ ਨੈੱਟਵਰਕ ਕੁਝ ਪਿੰਡਾਂ 'ਚ ਸਿਗਨਲ ਦੇ ਰਿਹਾ ਹੈ। ਇਸ ਕਾਰਨ ਸਰਹੱਦ ਦੇ ਸੀਲ ਹੋਣ ਕਾਰਨ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਉੱਥੇ ਪੰਜਾਬ ਦਾ ਹਰਿਆਣੇ ਅਤੇ ਦਿੱਲੀ ਨਾਲੋਂ ਸੰਪਰਕ ਟੁੱਟ ਗਿਆ ਹੈ। ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਰੋਜ਼ਮਰਾ ਦੀ ਜਿੰਦਗੀ ਵਿੱਚ ਜ਼ਰੂਰਤ ਵਾਲੀਆਂ ਵਸਤਾਂ ਜਿਵੇਂ ਦੁੱਧ ਅਤੇ ਸਬਜ਼ੀਆਂ ਵੀ ਪ੍ਰਭਾਵਿਤ ਹੋਈਆਂ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ 'ਚ ਉਕਤ ਸੰਘਰਸ਼ ਅਤੇ ਦਿੱਲੀ 'ਚ ਧਰਨੇ ਨੂੰ ਰੋਕਣ ਲਈ ਹਰਿਆਣੇ ਦੀ ਭਾਜਪਾ ਸਰਕਾਰ ਨੇ ਪੁਲਾਂ 'ਤੇ ਪੱਕੇ ਸੀਮੇਂਟਡ ਬੈਰੀਕੇਡ ਲਗਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਪਰ ਲੋਕਤੰਤਰ ਦੇ ਇਸ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ। ਭਾਵੇਂ ਕੇਂਦਰ ਦੀ ਮੋਦੀ ਸਰਕਾਰ ਜਿੰਨੀ ਮਰਜ਼ੀ ਤਾਕਤ ਲਗਾ ਲਵੇ ਸਾਡਾ ਸੰਘਰਸ਼ ਜਾਰੀ ਰਹੇਗਾ।
ਇਸ ਦੌਰਾਨ ਹਰਿਆਣਾ 'ਚ ਦਾਖਲ ਹੋਣ ਦਾ ਰਸਤਾ ਦੇਣ ਵਾਲੇ ਪੰਜਾਬ ਦੇ 1 ਦਰਜਨ ਤੋਂ ਵੱਧ ਪਿੰਡਾਂ ਅੰਦਰ ਪੁਲਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਪ੍ਰੰਤੂ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਜ਼ਰੂਰ ਪਹੁੰਚਣਗੇ। ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਲਈ ਬੁਢਲਾਡਾ ਹਲਕੇ ਦੇ ਬੋਹਾ ਪੰਜਾਬ-ਹਰਿਆਣਾ ਬਾਰਡਰ ਹੱਦ 'ਤੇ ਲਗਾਤਾਰ ਨਾਕਾਬੰਦੀ ਕਰ ਰਿਹਾ ਹੈ।
ਪਿੰਡ ਰੋਜਾਵਾਲੀ ਵਿੱਚ ਰਤੀਆ ਬੁਢਲਾਡਾ ਰੋਡ ਨੂੰ ਪੁੱਟ ਕੇ ਕਰੀਬ 10 ਫੁੱਟ ਡੂੰਘਾ ਅਤੇ 15 ਫੁੱਟ ਚੌੜਾ ਟੋਆ ਪਾ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਅੱਗੇ ਲੰਘ ਨਾ ਸਕਣ। ਹਜ਼ਾਰਾਂ ਟਨ ਬੱਜਰੀ ਵਾਲਾ ਰੋਡ ਰੋਲਰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ। ਰੋਡ ਰੋਲਰ ਦੇ ਦੋਵੇਂ ਪਾਸੇ ਮਿੱਟੀ, ਲੋਹੇ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਨਾਲ ਢੱਕੇ ਹੋਏ ਹਨ। ਪੁਲਸ ਨੇ ਸੜਕ ਦੇ ਵਿਚਕਾਰ ਲੋਹੇ ਦੇ ਖੰਭੇ ਲਗਾਉਣ ਦੇ ਨਾਲ ਨਾਲ ਪੁਲ ਦੀ ਰੇਲਿੰਗ ਦੇ ਨਾਲ ਕੰਕਰੀਟ ਦੇ ਬਲਾਕਾਂ ਦੀ ਦੀਵਾਰ ਵੀ ਵੈਲਡਿੰਗ ਕੀਤੀ ਹੈ।
ਇੱਥੇ ਟੋਏ, ਬੈਰੀਕੇਡ, ਲੋਹੇ ਦੀ ਕੰਡਿਆਲੀ ਤਾਰ, ਸੜਕ 'ਤੇ ਨੁਕੀਲੀਆਂ ਮੇਖਾਂ, ਮਿੱਟੀ ਦੀਆਂ ਕੰਧਾਂ ਅਤੇ ਵੱਖ-ਵੱਖ ਪਰਤਾਂ ਨਾਲ ਬਾਰਡਰ ਦੀ ਸੁਰੱਖਿਆ ਕੀਤੀ ਗਈ ਹੈ। ਇਸ ਮੌਕੇ ਬਾਰਡਰ ਦੀ ਨਿਗਰਾਨੀ ਹਰਿਆਣਾ ਦੇ ਐੱਸ.ਪੀ. ਆਸਥਾ ਮੋਦੀ ਅਤੇ ਡੀ.ਐੱਸ.ਪੀ. ਵਰਿੰਦਰ ਸਿੰਘ ਕਰ ਰਹੇ ਹਨ। ਦੂਸਰੇ ਪਾਸੇ ਰੋਜਾਵਾਲੀ ਨਹਿਰ ’ਚ ਮਿੱਟੀ ਪਾ ਕੇ ਬਣਾਈ ਆਰਜ਼ੀ ਸੜਕ ਨੂੰ ਵੀ ਪੁੱਟ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ
NEXT STORY