ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਢਿੱਲੋਂ, ਭਾਟੀਅਾ)- ਸਿਹਤ ਵਿਭਾਗ ਵੱਲੋਂ ਅਣਅਧਿਕਾਰਤ ਅਤੇ ਗੈਰ ਮਾਨਤਾ ਪ੍ਰਾਪਤ ਮੈਡੀਕਲ ਪੈ੍ਕਟੀਸ਼ਨਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਸੀ.ਐੱਚ.ਸੀ. ਦੀ ਟੀਮ ਵੱਲੋਂ ਅੱਜ ਤਿੰਨ ਦੁਕਾਨਾਂ ’ਤੇ ਛਾਪਾ ਮਾਰਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਰ ਹਰਜੋਤ ਸਿੰਘ ਅਤੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਮਾਣਯੋਗ ਡੀ. ਸੀ. ਅਤੇ ਸਿਵਲ ਸਰਜਨ ਤਰਨਤਾਰਨ ਦੀਆਂ ਹਦਾਇਤਾਂ ਮੁਤਾਬਿਕ ਬਲਾਕ ’ਚ ਅਜਿਹੇ ਗੈਰ ਮਾਨਤਾ ਪ੍ਰਾਪਤ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਕੀਤੀ ਛਾਪੇਮਾਰੀ ਦੌਰਾਨ ਭਿੱਖੀਵਿੰਡ ਵਿਚ ਇਕ ਅਜਿਹਾ ਵਿਅਕਤੀ ਵੀ ਸਾਹਮਣੇ ਆਇਆ ਹੈ, ਜਿਸ ਨੇ ਖੁਦ ਨੂੰ ਐੱਮ.ਬੀ.ਬੀ.ਐੱਸ. ਡਾਕਟਰ ਵਜੋਂ ਲਿਖਿਆ ਹੋਇਆ ਸੀ। ਕੇ.ਐੱਸ. ਸੋਢੀ ਨਾਮਕ ਉਕਤ ਦੁਕਾਨਦਾਰ ਕੋਲੋਂ ਮਿਲੇ ਸਰਟੀਫਿਕੇਟ ’ਤੇ ਬਿਹਾਰ ਦੀ ਇਕ ਸੰਸਥਾ ਵੱਲੋਂ ਆਯੁਰਵੈਦਿਕ ਐੱਮ.ਬੀ.ਬੀ.ਐੱਸ. ਵਜੋਂ ਲਿਖਿਆ ਹੋਇਆ ਸੀ, ਜਦਕਿ ਦੇਸ਼ ਵਿਚ ਅਜਿਹੀ ਕੋਈ ਡਿਗਰੀ ਸੰਭਵ ਹੀ ਨਹੀਂ। ਉਨ੍ਹਾਂ ਦੱਸਿਆ ਕਿ ਪਿੰਡ ਦਿਆਲਪੁਰਾ ਵਿਖੇ ਗੁਰੂ ਨਾਨਕ ਹਸਪਤਾਲ ਦੇ ਨਾ ਅਧੀਨ ਪ੍ਰੈਕਟਿਸ ਕਰ ਰਹੇ ਰਾਜਬਲਬੀਰ ਸਿੰਘ ਕੋਲ ਡਾਕਟਰੀ ਦਾ ਕਿੱਤਾ ਕਰਨ ਸਬੰਧੀ ਕੋਈ ਡਿਗਰੀ ਜਾਂ ਸਰਟੀਫਿਕੇਟ ਹੀ ਨਹੀਂ ਸੀ। ਇਸੇ ਤਰ੍ਹਾਂ ਹੀ ਭੁੱਲਰ ਹਸਪਤਾਲ ਦਿਆਲਪੁਰ ਕੋਲ ਵੀ ਕੋਈ ਸਰਟੀਫਿਕੇਟ ਨਹੀਂ ਸੀ। ਐੱਸ.ਐੱਮ.ਓ. ਡਾ: ਹਰਜੋਤ ਨੇ ਬਲਾਕ ਅਧੀਨ ਪ੍ਰੈਕਟਿਸ ਕਰਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਨਿਰਧਾਰਿਤ ਯੋਗਤਾ ਵਾਲੇ ਸਰਟੀਫਿਕੇਟ ਮੁਤਾਬਿਕ ਆਪਣੀ ਪ੍ਰੈਕਟਿਸ ਕਰਨ। ਬਿਨਾਂ ਦਸਤਾਵੇਜ਼ਾਂ ਤੋਂ ਕੰਮ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਡੀ.ਐੱਸ.ਪੀ. ਭਿੱਖੀਵਿੰਡ ਨੂੰ ਕਾਰਵਾਈ ਕਰਨ ਲਈ ਸੂਚਿਤ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਦਵਾਈਆਂ ਸੀਲ ਕਰਕੇ ਭੇਜ ਦਿੱਤੀਆਂ ਗਈਆਂ ਹਨ ਅਤੇ ਦਿੱਤੀ ਸ਼ਿਕਾਇਤ ਦੀ ਪਡ਼ਤਾਲ ਕੀਤੀ ਜਾ ਰਹੀ ਹੈ। ਜਿਸ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਬਜ਼ੁਰਗ ਮਹਿਲਾ ਨੇ ਕੀਤਾ ਅਾਤਮਦਾਹ
NEXT STORY