ਅੰਮ੍ਰਿਤਸਰ, (ਸੰਜੀਵ)- ਹੈਰੋਇਨ ਸਮੱਗਲਰਾਂ ਦੇ ਨਾਲ ਗੱਠਜੋੜ ਰੱਖਣ ਅਤੇ ਪਰਚੇ ਦਰਜ ਕਰਨ ਦੀ ਧਮਕੀ ਕੇ ਰਿਸ਼ਵਤ ਲੈਣ ਵਾਲੇ ਥਾਣਾ ਘਰਿੰਡਾ ਦੇ ਇੰਚਾਰਜ ਐੱਸ. ਆਈ. ਪਰਮਜੀਤ ਸਿੰਘ ਅਤੇ ਏ.ਐੱਸ.ਆਈ. ਅਸ਼ਵਨੀ ਕੁਮਾਰ ਨੂੰ ਅੱਜ ਦਿਹਾਤੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਐੱਸ.ਐੱਸ.ਪੀ. ਦਿਹਾਤੀ ਪਰਮਪਾਲ ਸਿੰਘ ਨੇ ਸਮੱਗਲਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡਣ ਵਾਲੇ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਣ ਦਾ ਇਹ ਦੂਜਾ ਵੱਡਾ ਆਪ੍ਰੇਸ਼ਨ ਕੀਤਾ ਹੈ । ਦੋਵੇਂ ਦੋਸ਼ੀਆਂ ਨੂੰ ਪੁਲਸ ਅਧਿਕਾਰੀਆਂ ਨੇ ਡਿਊਟੀ ਮੈਜਿਸਟ੍ਰੇਟ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਹੁਣ ਪੁਲਸ ਇਨ੍ਹਾਂ ਦੋਸ਼ੀਆਂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਕਿਹਡ਼ੇ-ਕਿਹਡ਼ੇ ਸਮੱਗਲਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡਿਆ ਗਿਆ ਸੀ।
ਕੀ ਸੀ ਮਾਮਲਾ : ਐੱਸ.ਐੱਸ.ਪੀ. ਦਿਹਾਤੀ ਪਰਮਪਾਲ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਘਰਿੰਡਾ ਦੀ ਪੁਲਸ ਨੇ ਨਵਜੋਤ ਸਿੰਘ ਨਾਂ ਦੇ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਜਦੋਂ ਉਨ੍ਹਾਂ ਨੇ ਨਵਜੋਤ ਸਿੰਘ ਤੋਂ ਨਿੱਜੀ ਤੌਰ ’ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਹੈਰੋਇਨ ਪੀਂਦਾ ਵੀ ਹੈ ਅਤੇ ਵੇਚਦਾ ਵੀ ਹੈ । ਨਵਜੋਤ ਸਿੰਘ ਨੇ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਕਿ 5 ਜੁਲਾਈ ਨੂੰ ਉਸ ਨੂੰ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਏ.ਐੱਸ.ਆਈ. ਅਸ਼ਵਨੀ ਕੁਮਾਰ ਨੇ ਫਡ਼ਿਆ ਸੀ ਅਤੇ ਪਹਿਲਾਂ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਇਹ ਕਹਿ ਕੇ ਪਰਚੇ ਦੀ ਧਮਕੀ ਦੇਣ ਲੱਗੇ ਕਿ ਉਹ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ। ਉਸ ਨੇ ਕਿਸੇ ਤਰ੍ਹਾਂ ਹੱਥ ਪੈਰ ਜੋਡ਼ ਕੇ ਉਕਤ ਦੋਨਾਂ ਪੁਲਸ ਅਧਿਕਾਰੀਆਂ ਦੇ ਨਾਲ ਗੱਠਜੋੜ ਕਰ ਲਿਆ ਅਤੇ ਉਸ ਨੂੰ ਛੱਡਣ ਦੇ ਇਵਜ਼ ਵਿਚ ਉਨ੍ਹਾਂ ਦਾ 8 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ । ਦੋਵੇਂ ਪੁਲਸ ਅਧਿਕਾਰੀ ਉਸ ਤੋਂ 10 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ । ਪੈਸਾ ਦੇਣ ਦੇ ਬਾਅਦ ਦੋਨਾਂ ਨੇ 4-4 ਹਜ਼ਾਰ ਰੁਪਏ ਵੰਡ ਲਏ ਸਨ । ਬੀਤੇ ਦਿਨੀਂ ਜਦੋਂ ਨਵਤੇਜ ਸਿੰਘ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਵਿਭਾਗ ਵਿਚ ਲੁਕੀਆਂ ਉਕਤ ਦੋਵਾਂ ਕਾਲੀਆਂ ਭੇਡਾਂ ਦੇ ਨਾਂ ਉੱਗਲ ਦਿੱਤੇ ਅਤੇ ਇਹ ਵੀ ਖੁਲਾਸਾ ਕਰ ਦਿੱਤਾ ਕਿ ਉਸ ਦਾ ਦੋਵੇਂ ਅਧਿਕਾਰੀਆਂ ਨਾਲ 8 ਹਜ਼ਾਰ ਰੁਪਏ ਵਿਚ ਗੱਲ ਤੈਅ ਹੋ ਗਈ ਸੀ ਅਤੇ ਉਸ ਨੂੰ ਫਿਰ ਤੋਂ ਧੰਦਾ ਕਰਨ ਲਈ ਛੱਡ ਦਿੱਤਾ ਗਿਆ ਸੀ। ਦੋਵਾਂ ਪੁਲਸ ਅਧਿਕਾਰੀਆਂ ਨੂੰ ਨੌਕਰੀ ਤੋਂ ਸਸਪੈਂਡ ਕਰ ਕੇ ਉਨ੍ਹਾਂ ਦੀ ਬਰਖਾਸਤਗੀ ਲਈ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ।
ਪਹਿਲੇ ਆਪ੍ਰੇਸ਼ਨ ਦੌਰਾਨ ਚੌਕੀ ਟਾਂਗਰਾ ਦਾ ਇੰਚਾਰਜ ਕੀਤਾ ਸੀ ਗ੍ਰਿਫਤਾਰ : 19 ਜੁਲਾਈ ਨੂੰ ਨਸ਼ਾ ਸਮੱਗਲਿੰਗ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਇਕ ਨੌਜਵਾਨ ਦਾ ਨਾਂ ਲਿਆ ਗਿਆ ਸੀ ਜਿਸ ਵਿਚ ਚੌਕੀ ਟਾਂਗਰੇ ਦੇ ਇੰਚਾਰਜ ਨੇ ਉਸ ਨੌਜਵਾਨ ਦੇ ਨਾਲ ਗੱਠਜੋੜ ਕਰ ਕੇ ਉਸ ਨੂੰ ਸਮੱਗਲਿੰਗ ਦੇ ਮਾਮਲੇ ਤੋਂ ਬਾਹਰ ਰੱਖਣ ਦੇ ਇਵਜ਼ ਵਿਚ 19 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ । ਜਦੋਂ ਇਹ ਮਾਮਲਾ ਐੱਸ.ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਚੌਕੀ ਟਾਂਗਰੇ ਦੇ ਇੰਚਾਰਜ ਏ. ਐੱਸ. ਆਈ. ਨਰਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਸਮੱਗਲਰਾਂ ਨਾਲ ਗੱਠਜੋੜ ਕਰ ਕੇ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਸੀ।
ਐੱਸ. ਐੱਸ. ਪੀ. ਦਿਹਾਤੀ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਪੁਲਸ ਅਧਿਕਾਰੀਆਂ ਨੂੰ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਅਜਿਹੇ ਪੁਲਸ ਅਧਿਕਾਰੀ ਨੂੰ ਛੱਡਿਆ ਨਹੀਂ ਜਾਵੇਗਾ, ਜੋ ਨਸ਼ਾ ਵੇਚਣ ਵਾਲਿਆਂ ਨਾਲ ਗੱਠਜੋੜ ਰੱਖਣਗੇ।
ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਨਵੀਂ ਪਾਲਿਸੀ ਮਨਜ਼ੂਰ
NEXT STORY