ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ/ਸੰਧੂ) : ਸਥਾਨਕ ਪਟਵਾਰ ਯੂਨੀਅਨ ਵਲੋਂ ਬੀਤੇ ਕੁੱਝ ਦਿਨਾਂ ਤੋਂ ਬਰਖਾਸਤ ਪਟਵਾਰੀਆਂ ਨੂੰ ਬਹਾਲ ਕਰਨ ਦੀ ਮੰਗ ਲੈ ਕੇ ਤਹਿਸੀਲ ਕੰਪਲੈਕਸ ਵਿਚ ਧਰਨਾ ਦੇ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਧਾਰਾ 144 ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਐੱਸ. ਡੀ. ਐੱਮ. ਵਲੋਂ ਪਟਵਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਜਥੇਬੰਦੀ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਧਰਨਾਂ ਨਹੀਂ ਦੇ ਸਕਦੀ ਅਤੇ ਜੇਕਰ ਸ਼ਾਂਤਮਈ ਢੰਗ ਨਾਲ ਧਰਨਾ ਦੇਣਾ ਵੀ ਹੋਵੇ ਤਾਂ ਉਸ ਲਈ ਮੰਨਜ਼ੂਰੀ ਲੈਣੀ ਲਾਜ਼ਮੀ ਹੈ ਅਤੇ ਉਸ ਲਈ ਜਗ੍ਹਾ ਵੀ ਨਿਰਧਾਰਿਤ ਕੀਤੀਆਂ ਗਈ ਹਨ ਤਾਂ ਜੋ ਉਨ੍ਹਾਂ ਦੇ ਧਰਨੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਸੰਪਤੀ ਦਾ ਨੁਕਸਾਨ ਨਾ ਹੋਵੇ ਤੇ ਨਾ ਹੀ ਕਿਸੇ ਨੂੰ ਸਮੱਸਿਆ ਹੋਵੇ ਪਰ ਜਲਾਲਾਬਾਦ ਦੇ ਪਟਵਾਰੀਆਂ ਵੱਲੋਂ ਸ਼ਰੇਆਮ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲਟ ਆਪਣੇ ਪ੍ਰਾਈਵੇਟ ਮੁੰਡਿਆ ਨੂੰ ਕੀਮਤੀ ਮਾਲ ਰਿਕਾਰਡ ਸੌਂਪ ਕੇ ਉਨ੍ਹਾਂ ਤੋ ਕੰਮ ਕਰਵਾਇਆ ਜਾ ਰਿਹਾ ਸੀ। ਜਿਸ ਦੇ ਸਬੰਧ 'ਚ ਉਨ੍ਹਾਂ ਦੇ ਇਕ ਪਟਵਾਰੀ ਸਾਥੀ ਨੂੰ ਡੀ.ਸੀ ਫ਼ਾਜ਼ਿਲਕਾ ਵੱਲੋਂ ਸਸਪੈਂਡ ਕੀਤਾ ਗਿਆ ਸੀ। ਜਿਸਨੂੰ ਬਹਾਲ ਕਰਵਾਉਣ ਲਈ ਉਹ ਇਹ ਧਰਨੇ ਲਗਾ ਕੇ ਪ੍ਰਸ਼ਾਸ਼ਨ 'ਤੇ ਦਬਾਅ ਬਣਾ ਰਹੇ ਹਨ। ਇਹ ਇਕ ਚਿੰਤਾਂ ਦਾ ਵਿਸ਼ਾ ਹੈ ਕਿ ਕੋਈ ਵੀ ਜਥੇਬੰਦੀ ਆਪਣੀ ਯੂਨੀਅਨ ਦੇ ਦਮ 'ਤੇ ਪ੍ਰਸ਼ਾਸਨ ਨੂੰ ਦਬਾਅ ਕੇ ਕੋਈ ਵੀ ਗਲਤ ਫ਼ੈਸਲੇ ਕਰਵਾਉਂਦੀ ਰਹੇਗੀ।
ਕੀ ਕਹਿਣਾ ਐੱਸ.ਡੀ.ਐੱਮ. ਜਲਾਲਾਬਾਦ ਦਾ
ਜਦੋਂ ਐੱਸ.ਡੀ.ਐੱਮ. ਸਾਹਿਬ ਤੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਹੋ ਰਹੀ ਉਲੰਘਣਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਸਲਾ ਮੇਰੇ ਧਿਆਨ 'ਚ ਆ ਗਿਆ ਹੈ ਅਤੇ ਇਸ ਲਈ ਮੈਂ ਉਕਤ ਪਟਵਾਰ ਯੂਨੀਅਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਨਿਰਵਿਘਨ ਕੰਮ ਕਰਨ ਦੀ ਹਦਾਇਤ ਵੀ ਕੀਤੀ ਹੈ ਪਰ ਫਿਰ ਵੀ ਜੇਕਰ ਉਕਤ ਪਟਵਾਰੀ ਇਸਦੀ ਉਲੰਘਣਾ ਕਰਦੇ ਹਨ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਡੀ.ਐੱਸ.ਪੀ ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਦਾ
ਜਦੋਂ ਡੀ.ਐੱਸ.ਪੀ ਤੋਂ ਇਸ ਉਲੰਘਣਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਮੈਂ ਬਾਹਰ ਹਾਂ ਇਸ ਕਰਕੇ ਮੇਰੇ ਧਿਆਨ 'ਚ ਨਹੀਂ ਹੈ ਇਹ ਮਾਮਲਾ, ਇਸ ਬਾਰੇ ਮੈਂ ਹੁਣੇ ਹੀ ਐੱਸ.ਐੱਚ.ਓ ਸਿਟੀ ਜਲਾਲਾਬਾਦ ਨੂੰ ਕਹਿ ਦਿੰਦਾ ਹਾਂ।
ਸਕੂਲ ਦੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ
NEXT STORY