ਸ੍ਰੀ ਅਨੰਦਪੁਰ ਸਾਹਿਬ— ਹੋਲੇ-ਮਹੱਲੇ ਦੇ ਤੀਜੇ ਦਿਨ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਤਿੰਨ ਦਿਨਾਂ ਤਿਉਹਾਰ 'ਚ ਖਾਲਸੇ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ। ਖਾਲਸੇ ਦੀ ਇਸ ਜਨਮ ਭੂਮੀ 'ਤੇ ਚੱਲ ਰਹੇ ਤਿੰਨ ਦਿਨਾਂ ਕੌਮੀ ਜੋੜ ਮੇਲਾ ਹੋਲੇ-ਮਹੱਲੇ ਦੌਰਾਨ ਗੁਰੂ ਨਗਰੀ ਕੇਸਰੀ ਰੰਗ 'ਚ ਰੰਗੀ ਗਈ।
ਤੜਕਸਾਰ ਤੋਂ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਰਹੀਆਂ ਹਨ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਦੱਸ ਦੇਈਏ ਕਿ ਬੀਤੇ ਦਿਨ ਵੀ ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਹੋਲੇ-ਮਹੱਲੇ ਮੌਕੇ ਆਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੈਕਾਰੇ ਛੱਡਦਾ ਹੋਇਆ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ: ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ (ਤਸਵੀਰਾਂ)
ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਦੀਪਮਾਲਾਵਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। ਸੰਗਤਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਗੁਰੂ ਨਗਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਦੋ ਦਿਨਾਂ ਤੋਂ ਸੋਹਣੀਆਂ ਦਸਤਾਰਾਂ ਦੇ ਸੁਨਹਿਰੀ ਰੰਗ ਦੇਖਣ ਨੂੰ ਮਿਲ ਰਹੇ ਹਨ।
ਇਸ ਤੋਂ ਇਲਾਵਾ ਗੁਰੂ ਨਗਰੀ 'ਚ ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰ ਕੈਂਪ ਲਗਾਏ ਗਏ ਹਨ, ਜਿੱਥੇ ਨੌਜਵਾਨਾਂ ਨੂੰ ਫਰੀ ਦਸਤਾਰ ਸਿਖਾਈ ਜਾ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਮੁਫਤ ਦਸਤਾਰਾਂ ਵੀ ਵੰਡੀਆਂ ਜਾ ਰਹੀਆਂ ਹਨ, ਜਿਸ ਨਾਲ ਨੌਜਵਾਨਾਂ 'ਚ ਦਸਤਾਰ ਸਜਾਉਣ ਦੀ ਰੁਚੀ ਹੋਰ ਵਧ ਰਹੀ ਹੈ।
ਵੱਖਰੀ ਪਛਾਣ ਰੱਖਦਾ ਹੈ ਹੋਲੇ-ਮਹੱਲੇ ਦਾ ਇਤਿਹਾਸਕ ਪਿਛੋਕੜ
ਹੋਲਾ-ਮਹੱਲਾ ਦੋ ਸ਼ਬਦ ਦਾ ਸੁਮੇਲ ਹੈ, ਜਿਸ ਦੇ ਅਖਰੀ ਅਰਥ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ 'ਚ ਹੱਲਾ, ਹਮਲਾ ਜਾਂ ਹਮਲੇ ਦੀ ਥਾਂ ਕੀਤੇ ਗਏ ਹਨ। ਇਸ ਤਿਉਹਾਰ ਨੂੰ ਅੱਜ ਵੀ ਪੁਰਾਤਨ ਰਵਾਇਤਾਂ ਅਨੁਸਾਰ ਹੀ ਮਨਾਇਆ ਜਾਂਦਾ ਹੈ। 1701ਈਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ 'ਚ ਜੁਝਾਰੂ ਗੁਣ ਪੈਦਾ ਕਰਨ ਅਤੇ ਸਮੇਂ ਦੇ ਹਾਕਮ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕਣ ਲਈ ਇਸ ਨਿਵੇਕਲੇ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਇਸ ਯਤਨ ਸਦਕਾ ਸਿੱਖ ਪੱਕੇ ਤੌਰ 'ਤੇ ਸੈਨਿਕ ਅਭਿਆਸ ਨਾਲ ਜੁੜ ਗਏ।
ਹੋਲੀ ਦੇ ਬਿਲਕੁਲ ਉਲਟ ਇਸ ਤਿਓਹਾਰ ਦਾ ਸਬੰਧ ਯੁੱਧ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਇਸ ਦਿਨ ਦਸਮ ਪਾਤਸ਼ਾਹ ਸਿੱਖਾਂ ਦੇ ਦੋ ਦਲ ਬਣਾ ਕੇ ਉਨ੍ਹਾਂ ਦੀ ਬਨਾਵਟੀ ਜੰਗ ਕਰਵਾਉਦੇਂ ਸਨ। ਗੁਰੂ ਸਾਹਿਬ ਵੱਲੋਂ ਇਨ੍ਹਾਂ ਦੋਹਾ ਦਲਾਂ ਨੂੰ ਲੋਹਗੜ੍ਹ ਦਾ ਕਿਲਾ ਜਿੱਤਣ ਲਈ ਪ੍ਰੇਰਿਆ ਜਾਂਦਾ ਸੀ। ਜਿਹੜਾ ਦਲ ਕਿਲੇ 'ਤੇ ਕਬਜਾ ਕਰ ਲੈਂਦਾ, ਉਸ ਨੂੰ ਗੁਰੂ ਸਾਹਿਬ ਵੱਲੋਂ ਵਿਸ਼ੇਸ਼ ਇਨਾਮ ਅਤੇ ਸਿਰੋਪਾਓ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਨੂੰ ਉਤਸ਼ਾਹਤ ਕਰਨ ਨਾਲ ਸਿੱਖ ਸੈਨਿਕ ਅਭਿਆਸ ਨੂੰ ਹੋਰ ਤਰਜੀਹ ਦੇਣ ਲੱਗ ਪਏ ਅਤੇ ਉਨ੍ਹਾਂ ਨੇ ਸੈਨਿਕ ਅਭਿਆਸ ਹੋਰ ਤੇਜ਼ ਕਰ ਦਿੱਤਾ।
ਨਿਹੰਗ ਸਿੰਘ ਫੌਜਾਂ ਇੰਝ ਦਿਖਾਉਂਦੀਆਂ ਨੇ ਆਪਣੇ ਜੌਹਰ
ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਇਸ ਰਵਾਇਤ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਦੇ ਹੋਏ ਅੱਜ ਵੀ ਸਿੱਖਾਂ ਵੱਲੋਂ ਸ਼ਾਸਤਰ ਵਿਦਿਆ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮਹੱਲੇ ਦੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਨਗਾਰਿਆਂ ਦੀ ਚੋਟ 'ਤੇ ਜੈਕਾਰੇ ਛੱਡਦੀਆਂ ਹੋਈਆਂ ਨਿਹੰਗ ਸਿੰਘ ਫੌਜਾਂ ਘੋੜਿਆਂ 'ਤੇ ਸਵਾਰ ਹੋ ਕੇ ਸ਼ਾਸਤਰਾਂ ਦੇ ਜੌਹਰ ਦਿਖਾਉਂਦੀਆਂ ਖੁੱਲ੍ਹ ਮੈਦਾਨ 'ਚ ਜਾ ਪਹੁੰਚਦੀਆਂ ਹਨ।
ਉਨ੍ਹਾਂ ਦੇ ਨਾਲ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੀ ਮੈਦਾਨ 'ਚ ਪਹੁੰਚ ਕੇ ਉਨ੍ਹਾਂ ਦੇ ਜੌਹਰ ਦੇਖਦਾ ਹੈ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਦਾ ਹੈ। ਦਿਨ ਦੇ ਪਿਛਲੇ ਪਹਿਰ ਸਿੰਘਾਂ ਵੱਲੋਂ ਦਿਖਾਏ ਜਾ ਰਹੇ ਸ਼ਾਸਤਰਾਂ ਦੇ ਜੌਹਰ ਖਤਮ ਹੋਣ ਤੋਂ ਬਾਅਦ ਸਾਰੀ ਸੰਗਤ ਸ੍ਰੀ ਕੇਸਗੜ੍ਹ ਸਾਹਿਬ ਵਾਪਸ ਪਹੁੰਚਦੀ ਹੈ, ਜਿਸ ਤੋਂ ਬਾਅਦ ਹੋਲ-ਮਹੱਲੇ ਦੀ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ 'ਚ ਹੋਲਾ-ਮਹੱਲਾ ਸਮਾਪਤ ਹੋ ਜਾਂਦਾ ਹੈ।
ਢੱਡਰੀਆਂਵਾਲਿਆਂ ਨਾਲ ਪ੍ਰਮੇਸ਼ਵਰ ਦੁਆਰ ਜਾ ਕੇ ਵਿਚਾਰ ਕਰਨਗੇ ਭਾਈ ਅਜਨਾਲਾ
NEXT STORY