ਬਠਿੰਡਾ(ਬਲਵਿੰਦਰ)-ਹੋਲੀ ਦੇ ਰੰਗ ਦੀ ਥਾਂ ਬਠਿੰਡਾ 'ਚ ਮੱਛਰਮਾਰ ਦਵਾਈ ਵਿਕ ਰਹੀ ਹੈ, ਜਿਸ ਦਾ ਖੁਲਾਸਾ ਇਕ ਸਮਾਜ ਸੇਵੀ ਸੰਸਥਾ ਵੱਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ 'ਚ ਹੋਇਆ ਹੈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸਦਰ ਬਾਜ਼ਾਰ 'ਚ ਇਕ ਦੁਕਾਨ 'ਤੇ ਹੋਲੀ ਦੇ ਰੰਗਾਂ ਵਜੋਂ ਮੱਛਰਮਾਰ ਦਵਾਈਆਂ ਹੀ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਇਕ ਸ਼ੀਸ਼ੀ ਮੰਗਵਾਈ ਤਾਂ ਦੇਖਿਆ ਕਿ ਮੱਛਰਮਾਰ ਦਵਾਈ 'ਹਿੱਟ' ਦੀ ਸ਼ੀਸ਼ੀ ਨੂੰ ਰੈਪਰ 'ਚ ਲਪੇਟ ਕੇ ਵੇਚਿਆ ਜਾ ਰਿਹਾ ਸੀ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਸਟਿੰਗ ਆਪ੍ਰੇਸ਼ਨ ਵੀ ਕੀਤਾ, ਜਿਸ ਤੋਂ ਇਹ ਸ਼ੱਕ ਯਕੀਨ ਵਿਚ ਬਦਲ ਗਿਆ। ਉਨ੍ਹਾਂ ਉਕਤ ਸ਼ੀਸ਼ੀਆਂ 'ਚ ਦੇਖਿਆ ਕਿ ਰੰਗ ਨਹੀਂ, ਸਗੋਂ ਦਵਾਈਨੁਮਾ ਤੇਲ ਹੀ ਭਰਿਆ ਹੋਇਆ ਸੀ। ਜੇਕਰ ਇਹ ਘਾਤਕ ਦਵਾਈ ਕਿਸੇ ਦੀਆਂ ਅੱਖਾਂ ਜਾਂ ਮੂੰਹ 'ਚ ਪੈ ਜਾਂਦੀ ਹੈ ਤਾਂ ਉਸ ਦੀ ਸਿਹਤ ਲਈ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਵੀ ਮੰਨ ਲਿਆ ਜਾਵੇ ਕਿ 'ਹਿੱਟ' ਦੀਆਂ ਸ਼ੀਸ਼ੀਆਂ 'ਚ ਰੰਗ ਭਰਿਆ ਗਿਆ ਤੇ ਫਿਰ ਰੈਪਰ ਲਾ ਕੇ ਵੇਚਿਆ ਗਿਆ, ਫਿਰ ਸਿਹਤ ਵਿਭਾਗ ਦੇ ਉਹ ਦਾਅਵੇ ਕਿੱਥੇ ਹਨ, ਜਿਨ੍ਹਾਂ ਰਾਹੀਂ ਕਿਹਾ ਗਿਆ ਸੀ ਕਿ ਹੋਲੀ ਮੌਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਰੰਗਾਂ ਦੀ ਵਿਕਰੀ 'ਤੇ ਧਿਆਨ ਰੱਖਿਆ ਜਾਵੇਗਾ। ਸੋਨੂੰ ਨੇ ਦੱਸਿਆ ਕਿ ਉਹ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਨਗੇ ਤਾਂ ਕਿ ਸਬੰਧਤ ਦੁਕਾਨਦਾਰਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋ ਸਕੇ, ਜਿਨ੍ਹਾਂ ਵੱਲੋਂ ਲੋੜੀਂਦੀ ਚੈਕਿੰਗ ਵੀ ਨਹੀਂ ਕੀਤੀ ਗਈ। ਇਸ ਸਬੰਧ ਵਿਚ ਪੁਲਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਮਾਮਲੇ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ। ਪੜਤਾਲ ਕਰ ਕੇ ਲੋੜੀਂਦੇ ਕਦਮ ਚੁੱਕੇ ਜਾਣਗੇ।
ਅੱਜ ਆਂਡੇ ਮਾਰੇ ਤਾਂ ਖੈਰ ਨਹੀਂ
NEXT STORY