ਹੁਸ਼ਿਆਰਪੁਰ (ਘੁੰਮਣ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਲਈ ਪ੍ਰਗਤੀਸ਼ੀਲ ਹੈ। ਸਿਲਸਿਲੇਵਾਰ ਕਰਜ਼ਾ ਮੁਆਫੀ ਦੀ ਕਡ਼ੀ ਵਿਚ ਅੱਜ ਚੱਬੇਵਾਲ ਹਲਕੇ ਦੇ 600 ਹੋਰ ਕਿਸਾਨ ਜੁਡ਼ ਗਏ। ਅੱਜ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਦੁਆਰਾ ਕੋਆਪ੍ਰੇਟਿਵ ਸੋਸਾਇਟੀਆਂ ਤੋਂ ਕਰਜ਼ਾ ਲੈਣ ਵਾਲੇ ਇਨ੍ਹਾਂ ਕਿਸਾਨਾਂ ਨੂੰ ਚੱਬੇਵਾਲ ਪਿੰਡ ਵਿਖੇ ਕੀਤੇ ਗਏ ਸਮਾਗਮ ਵਿਚ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ। ਇਸ ਸਮਾਗਮ ਨੂੰ ਇਕ ਵੱਖਰਾ ਮੋਡ਼ ਮਿਲਿਆ ਜਦ ਕਰਜ਼ਾ ਮੁਆਫੀ ਵਾਲੇ ਕਿਸਾਨਾਂ ਦੇ ਨਾਲ ਹਲਕੇ ਦੇ ਹੋਰ ਕਿਸਾਨ ਵੀ ਜੁਡ਼ ਗਏ ਅਤੇ ਸਾਰਿਆਂ ਨੇ ਮਿਲ ਕੇ ਕੈਪਟਨ ਸਾਹਿਬ ਦਾ ਧੰਨਵਾਦ ਕਰਦੇ ਹੋਏ ਮੈਰਾਥਨ ਕੱਢੀ ਜਿਸਨੂੰ ‘ਕਿਸਾਨਾਥੋਨ’ ਦਾ ਨਾਂ ਦਿੱਤਾ ਗਿਆ। ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਕੈਪਟਨ ਸਾਹਿਬ ਦੀਆਂ ਕਿਸਾਨੀ ਹਿੱਤਾਂ ਪੱਖੀ ਨੀਤੀਆਂ ਅਤੇ ਕਰਜ਼ਾ ਮੁਆਫੀ ਤੋਂ ਬੇਹੱਦ ਖੁਸ਼ ਹਨ ਅਤੇ ਆਪਣਾ ਸ਼ੁਕਰਾਨਾ ਜ਼ਾਹਿਰ ਕਰਨ ਲਈ ਉਨ੍ਹਾਂ ਨੇ ਇਹ ‘ਕਿਸਾਨਾਥੋਨ’ ਕੱਢੀ ਹੈ। ਕਿਸਾਨਾਂ ਦੇ ਇਸ ਧੰਨਵਾਦੀ ਮੈਰਾਥਨ ਦਾ ਹਿੱਸਾ ਬਣੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਆਪਣਾ ਵਾਅਦਾ ਨਿਭਾਉਂਦੇ ਹੋਏ ਕਿਸਾਨਾਂ ਨੂੰ ਕਰਜ਼ੇ ਦੀ ਗਾਰਤ ਵਿਚੋਂ ਕੱਢਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਮੋਦੀ ਸਰਕਾਰ ਦੁਆਰਾ ਇਸ ਵਿਚ ਕਿਸੇ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਗਈ। ਪੰਜਾਬ ਦੇ ਕਿਸਾਨ ਸਾਰੇ ਦੇਸ਼ ਦੇ ਅੰਨਦਾਤਾ ਕਹਾਉਂਦੇ ਹਨ ਫਿਰ ਵੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਡਾ. ਰਾਜ ਨੇ ਦੱਸਿਆ ਕਿ ਕੇਂਦਰ ਵਿਚ 2008 ਵਿਚ ਕਾਂਗਰਸ ਸਰਕਾਰ ਸਮੇਂ ਵੀ ਪੰਜਾਬ ਸਮੇਤ ਸਾਰੇ ਦੇੇਸ਼ ਦੇ ਕਿਸਾਨਾਂ ਦਾ ਲੱਗਭਗ 72 ਹਜ਼ਾਰ ਕਰੋਡ਼ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ। ਡਾ. ਰਾਜ ਨੇ ਕਿਹਾ ਕਿ ਕਿਸਾਨਾਂ ਦੀ ਅਣਦੇਖੀ ਕਾਰਣ ਹੀ ਮੋਦੀ ਨੂੰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੱਸੀਗਡ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਹੀ ਅੰਜਾਮ ਭਾਜਪਾ ਦਾ 2019 ਲੋਕ ਸਭਾ ਚੋਣਾਂ ਵਿਚ ਹੋਣ ਵਾਲਾ ਹੈ। ਇਸ ਮੌਕੇ ਡਾ. ਜਤਿੰਦਰ ਕੁਮਾਰ, ਡਾ. ਪਾਲ, ਜ਼ਿਲਾ ਚੇਅਰਮੈਨ ਮਹਿੰਦਰ ਸਿੰਘ ਮੱਲ, ਗਗਨਦੀਪ ਚਾਣਥੂ, ਸ਼ਿਵਰੰਜਨ ਰੋਮੀ ਚੱਬੇਵਾਲ, ਸ਼ਿੰਦਰਪਾਲ ਸਰਪੰਚ ਪੱਟੀ, ਰਮਨ ਲਾਖਾ, ਚਿਰੰਜੀ ਲਾਲ ਬਿਹਾਲਾ, ਬਿੱਟੂ ਸਰਪੰਚ ਅੱਤੋਵਾਲ, ਮਾਸਟਰ ਰਛਪਾਲ, ਮੇਜਰ ਸਿੰਘ ਡਵਿੱਡਾ ਅਹਿਰਾਣਾ, ਮਨਪ੍ਰੀਤ ਕੌਰ, ਜੀਵਨ ਸਸੋਲੀ, ਮਨਜੀਤ ਸਿੰਘ ਸੈਦਪੁਰ, ਬਿੰਦਾ ਅੱਛਰਵਾਲ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਤੇ ਸੰਮਤੀ ਮੈਂਬਰ ਆਦਿ ਸ਼ਾਮਲ ਸਨ।
ਸੁਰਿੰਦਰ ਲਾਡੀ ਦਾ ਨਵਾਂ ਸਿੰਗਲ ਟਰੈਕ ‘ਜੈਲਸੀ’ ਰਿਲੀਜ਼ : ਅਸ਼ੋਕ ਸ਼ਰਮਾ
NEXT STORY