ਹੁਸ਼ਿਆਰਪੁਰ (ਅਸ਼ਵਨੀ)-19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ 11 ਵਿਸ਼ੇਸ਼ ਸਥਾਈ ਨਾਕੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਡ਼੍ਹਸ਼ੰਕਰ ਉਪ ਮੰਡਲ ਦੇ ਅਧੀਨ ਆਉਂਦੇ ਪਿੰਡ ਕੂਕੋਵਾਲ, ਮਜਾਰੀ ਤੇ ਮਹਿੰਦਵਾਣੀ ’ਚ 2 ਵਿਸ਼ੇਸ਼ ਨਾਕੇ ਲਾਏ ਗਏ ਹਨ। ਥਾਣਾ ਚੱਬੇਵਾਲ ਅਧੀਨ ਜੇਜੋਂ ’ਚ ਇਕ ਨਾਕਾ, ਥਾਣਾ ਸਦਰ ਅਧੀਨ ਊਨਾ ਰੋਡ ’ਤੇ ਪਿੰਡ ਚੱਕ ਸਾਧੂ ਤੇ ਮੰਗੂਵਾਲ ਵਿਖੇ 2 ਨਾਕੇ ਅਤੇ ਥਾਣਾ ਹਰਿਆਣਾ ਅਧੀਨ ਪਿੰਡ ਢੋਲਵਾਹਾ ’ਚ ਇਕ ਨਾਕਾ ਲਾਇਆ ਗਿਆ ਹੈ। ਥਾਣਾ ਤਲਵਾਡ਼ਾ ਅਧੀਨ 2 ਵਿਸ਼ੇਸ਼ ਨਾਕੇ ਟੈਰੇਸ ਤੇ ਰਾਮਗਡ਼੍ਹ ਸੀਕਰੀ ਪਿੰਡਾਂ ’ਚ ਲਾਏ ਗਏ ਹਨ। ਥਾਣਾ ਮੁਕੇਰੀਆਂ ਦੇ ਅਧੀਨ ਮਾਨਸਰ ਅਤੇ ਥਾਣਾ ਹਾਜੀਪੁਰ ਅਧੀਨ ਭਵਨੌਰ ਤੇ ਪਿੰਡ ਬੁੱਢਾਬਡ਼ ’ਚ ਵਿਸ਼ੇਸ਼ ਨਾਕੇ ਲਾਏ ਹਨ। ਇਨ੍ਹਾਂ ਨਾਕਿਆਂ ’ਤੇ 24 ਘੰਟੇ ਸੁਰੱਖਿਆ ਕਰਮੀ ਡਿਊਟੀ ’ਤੇ ਦੋ ਸ਼ਿਫਟਾਂ ਵਿਚ ਤਾਇਨਾਤ ਰਹਿਣਗੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਇਨ੍ਹਾਂ ਨਾਕਿਆਂ ’ਤੇ ਸੁਰੱਖਿਆ ਪ੍ਰਬੰਧਾਂ ਦੇ ਸਬੰਧ ’ਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਤੇ ਜ਼ਿਲਾ ਕਾਂਗਡ਼ਾ ਦੇ ਪੁਲਸ ਅਧਿਕਾਰੀਆਂ ਨਾਲ ਵੀ ਤਾਲਮੇਲ ਸਥਾਪਤ ਕੀਤਾ ਹੋਇਆ ਹੈ। ਹੁਣ ਤੱਕ 8500 ਵਿਅਕਤੀਆਂ ਨੇ ਕਰਵਾਇਆ ਅਸਲਾ ਜਮ੍ਹਾ ਐੱਸ. ਐੱਸ. ਪੀ. ਨੇ ਦੱਸਿਆ ਕਿ ਚੋਣਾਂ ਦੌਰਾਨ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿਲਾ ਮੈਜਿਸਟਰੇਟ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਅਸਲਾ ਧਾਰਕਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਉਹ ਆਪਣਾ ਅਸਲਾ ਪੁਲਸ ਸਟੇਸ਼ਨਾਂ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਇਸ ਆਦੇਸ਼ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕਰਵਾ ਰਹੀ ਹੈ ਅਤੇ ਹੁਣ ਤੱਕ 8500 ਅਸਲਾ ਧਾਰਕ ਆਪਣਾ ਅਸਲਾ ਵੱਖ-ਵੱਖ ਪੁਲਸ ਸਟੇਸ਼ਨਾਂ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਅਸਲਾ ਲਾਇਸੈਂਸ ਧਾਰਕਾਂ ਦੀ ਕੁੱਲ ਗਿਣਤੀ 12094 ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਇਆ, ਉਹ ਤੁਰੰਤ ਜਮ੍ਹਾ ਕਰਵਾ ਦੇਣ। ਅਸਲਾ ਜਮ੍ਹਾ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਲੋਕ ਸਭਾ ਚੋਣਾਂ ਦੌਰਾਨ ਨਸ਼ਿਆਂ ਦੀ ਸਪਲਾਈ ਲਾਈਨ ਕੱਟਣ ਲਈ ਕੀਤੇ ਵਿਆਪਕ ਪ੍ਰਬੰਧ : ਐੱਸ. ਪੀ
NEXT STORY