ਹੁਸ਼ਿਆਰਪੁਰ (ਘੁੰਮਣ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਇਕ ਨੈਤਿਕ ਜ਼ਿੰਮੇਵਾਰੀ ਹੈ, ਇਸ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਬਿਨਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ ਜਾਵੇ। ਉਹ ਅੱਜ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ਦਾ ਦੌਰਾ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਲਿੰਗ ਬੂਥਾਂ ਦੀ ਚੈਕਿੰਗ ਵੀ ਕੀਤੀ। ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਕਿਸਮ ਦਾ ਸੁਝਾਅ ਜਾਂ ਸ਼ਿਕਾਇਤ 1950 ਹੈਲਪ ਲਾਈਨ ਨੰਬਰ ’ਤੇ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਵਲੋਂ ਸੀ-ਵਿਜ਼ਿਲ ਮੋਬਾਇਲ ਐਪਲੀਕੇੇਸ਼ਨ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ, ਜਿਸ ਨੂੰ 100 ਮਿੰਟ ਦੇ ਅੰਦਰ-ਅੰਦਰ ਹੱਲ ਕੀਤਾ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ. ਮੁਕੇਰੀਆਂ ਸ਼੍ਰੀ ਅਦਿੱਤਿਆ ਉੱਪਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਜ਼ਿਲਾ ਚੋਣ ਅਫ਼ਸਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਢਾਬਡ਼, ਸਰਕਾਰੀ ਐਲੀਮੈਂਟਰੀ ਸਕੂਲ ਬੇਲਾ ਸਰਿਆਣਾ, ਸਰਕਾਰੀ ਹਾਈ ਸਕੂਲ ਭਵਨਾਲ ਅਤੇ ਨੰਗਲ ਬਿਹਾਲਾ ਵਿਖੇ ਜਿਥੇ ਵੋਟ ਬਣਵਾਉਣ ਅਤੇ ਬਿਨਾਂ ਕਿਸੇ ਡਰ ਅਤੇ ਭੈਅ ਦੇ ਇਸ ਦੀ ਵਰਤੋਂ ਕਰਨ ਦੀ ਲੋਕਾਂ ਨੂੰ ਸਹੁੰ ਚੁਕਾਈ, ਉਥੇ ਅਪੀਲ ਕਰਦਿਆਂ ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਨੌਜਵਾਨ ਪਹਿਲ ਦੇ ਆਧਾਰ ’ਤੇ ਵੋਟ ਬਣਵਾਉਣ। ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਫੈਲਾਉਣ ਲਈ ਸਵੀਪ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹਰੇਕ ਵਿਅਕਤੀ ਜਿਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਜ਼ਰੂਰ ਬਣਾਏ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੋਟਰ ਜਾਗਰੂਕਤਾ ਦਾ ਸੁਨੇਹਾ ਆਪਣੇ ਘਰ ਤੱਕ ਵੀ ਪਹੁੰਚਾਉਣ ਤਾਂ ਜੋ ਉਨ੍ਹਾਂ ਦੇ ਜਿਸ ਪਰਿਵਾਰਕ ਮੈਂਬਰ ਨੇ ਅਜੇ ਤੱਕ ਵੋਟ ਨਹੀਂ ਬਣਵਾਈ, ਉਸ ਤੱਕ ਇਹ ਸੰਦੇਸ਼ ਪਹੁੰਚ ਸਕੇ। ਸਕੂਲਾਂ ਵਿਚ ਵਿਦਿਆਰਥੀਆਂ ਵੱਲੋਂ ਵੀ ਵੋਟਰ ਜਾਗਰੂਕਤਾ ਸਬੰਧੀ ਵੱਖ-ਵੱਖ ਸਲੋਗਨ ਹੱਥਾਂ ਵਿਚ ਫਡ਼ੇ ਹੋਏ ਸਨ। ਸ਼੍ਰੀਮਤੀ ਈਸ਼ਾ ਕਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਦਿਵਿਆਂਗਜਨ (ਪੀ.ਡਬਲਯੂ.ਡੀ.) ਵੋਟਰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਵੋਟਰਾਂ ਦੀ ਸੁਵਿਧਾ ਲਈ ਪੋਲਿੰਗ ਬੂਥਾਂ ’ਤੇ ਰੈਂਪ ਦੇ ਨਾਲ-ਨਾਲ ਵੀਲ੍ਹ ਚੇਅਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਜੋ ਦਿਵਿਆਂਗਜਨ ਵੋਟਰ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲੇ ਦੇ ਸਮੂਹ ਵੋਟਰਾਂ ਨੂੰ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਬਣਾਉਣ ਲਈ ਸਬੰਧਤ ਬੀ.ਐੱਲ.ਓਜ਼ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਨਸ਼ਿਆਂ ਨੂੰ ਖਤਮ ਕਰਨ ਲਈ ਜ਼ਿਲਾ ਪੁਲਸ ਪੂਰੀ ਤਰ੍ਹਾਂ ਸਰਗਰਮ : ਐੱਸ.ਐੱਸ.ਪੀ
NEXT STORY