ਹੁਸ਼ਿਆਰਪੁਰ (ਮੁੱਗੋਵਾਲ)-ਸੰਤ ਮਹਾਵੀਰ ਸਿੰਘ ਸੰਚਾਲਕ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਜਨਰਲ ਸਕੱਤਰ ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ 1699 ਨੂੰ ਵਿਸਾਖੀ ਵਾਲੇ ਦਿਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਸਮੁੱਚੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਡ਼ ਲਗਾ ਕੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ, ਜਿਸ ਰਸਤੇ ’ਤੇ ਚੱਲ ਕੇ ਹਰ ਵਿਅਕਤੀ ਪਰਮ ਅਨੰਦ ਦੀ ਪ੍ਰਾਪਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਲਿਆਣਕਾਰੀ ਸਿੱਖਿਆਵਾਂ ਸਰਬ ਸ਼ਕਤੀਮਾਨ ਇਕ ਪ੍ਰਮਾਤਮਾ ਨਾਲ ਜੁਡ਼ਨ, ਕੁਦਰਤ ਵਿਚਲੇ ਸੱਚ ਨੂੰ ਜਾਣਨ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਨਾਮ-ਸਿਮਰਨ ਦਾ ਅਭਿਆਸ ਕਰਨ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ, ਜੁਲਮ, ਬੇਇਨਸਾਫੀ ਤੇ ਅਨਿਆਂ ਵਿਰੁੱਧ ਆਵਾਜ਼ ਉਠਾਉਣ, ਵੱਧ ਤੋਂ ਵੱਧ ਗਿਆਨਵਾਨ ਤੇ ਵਿਵੇਕਸ਼ੀਲ ਬਣਨ, ਜਾਤ-ਪਾਤ ਵਿਖਰੇਵੇਂ ਮਿਟਾਉਣ, ਔਰਤ ਜਾਤੀ ਦਾ ਸਤਿਕਾਰ ਕਰਨ, ਬੇਲੋਡ਼ੀਆਂ ਤ੍ਰਿਸ਼ਨਾਵਾਂ ਦਾ ਤਿਆਗ ਕਰਨ ਤੇ ਚੰਗੇ ਮਹਾਪੁਰਸ਼ਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ, ਜਿਸ ਉਤੇ ਚੱਲ ਕੇ ਹਰ ਵਿਅਕਤੀ ਸ਼ਾਤਮਈ ਤੇ ਸੁਖਮਈ ਜੀਵਨ ਬਤੀਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਲਾਮੀ, ਅੰਧਵਿਸ਼ਵਾਸ ਤੇ ਕਰਮਕਾਂਡਾਂ ਦਾ ਤਿਆਗ ਕਰ ਕੇ ਜੋ ਸਮੁੱਚੀ ਮਨੁੱਖਤਾ ਨੂੰ ਗਿਆਨ ਤੇ ਵਿਵੇਕ ਦਾ ਰਸਤਾ ਦਿਖਾਇਆ, ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਅਪੀਲ ਕੀਤੀ।
‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਵਿਸ਼ੇ ’ਤੇ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ
NEXT STORY