ਹੁਸ਼ਿਆਰਪੁਰ (ਝਾਵਰ, ਨਾਗਲਾ)-ਅੱਜ ਤਡ਼ਕਸਾਰ ਜ਼ਿਲਾ ਆਬਕਾਰੀ ਵਿਭਾਗ ਵੱਲੋਂ ਲੋਕ ਸਭਾ ਚੋਣਾਂ ਅਤੇ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਿਆਸ ਦਰਿਆ ਦੇ ਮੰਡ ਇਲਾਕੇ ’ਚ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ‘ਸਰਜੀਕਲ ਸਟ੍ਰਾਈਕ’ (ਸਰਚ ਅਪਰੇਸ਼ਨ) ਆਬਕਾਰੀ ਵਿਭਾਗ ਦੇ ਜ਼ਿਲਾ ਇੰਚਾਰਜ ਏ. ਟੀ. ਸੀ. ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਹਨੂਵੰਤ ਸਿੰਘ, ਆਬਕਾਰੀ ਵਿਭਾਗ ਇੰਸਪੈਕਟਰਾਂ, ਆਬਕਾਰੀ ਵਿਭਾਗ ਦੇ ਜ਼ਿਲਾ ਪੁਲਸ ਇੰਚਾਰਜ ਗੁਰਦੇਵ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਐੱਸ. ਡੀ. ਐੱਮ. ਦਫਤਰ ਦਸੂਹਾ ਤੋਂ ਲਈਆਂ ਕਿਸ਼ਤੀਆਂ ਵਿਚ ਬੈਠ ਕੇ ਇਹ ਅਧਿਕਾਰੀ ਅਤੇ ਖੋਸਲਾ ਵਾਈਨ ਟਰੇਡਰਜ਼ ਦੇ ਕ੍ਰਿਸ਼ਨ ਦੇਵ ਖੋਸਲਾ ਤੇ ਵਿਸ਼ਾਲ ਖੋਸਲਾ ਦੇ ਸਹਿਯੋਗ ਅਤੇ ਉਨ੍ਹਾਂ ਦੇ 200 ਤੋਂ ਵੱਧ ਵਰਕਰਾਂ ਨੇ 5 ਕਿਲੋਮੀਟਰ ਦੇ ਲਗਭਗ ਬਿਆਸ ਦਰਿਆ ਦੇ ਮੰਡ ਇਲਾਕੇ ’ਚ 6 ਘੰਟੇ ਸਰਚ ਆਪ੍ਰੇਸ਼ਨ ਚਲਾਇਆ। ਇਸ ਮੌਕੇ ਵੱਡੀ ਗਿਣਤੀ ’ਚ ਨਸ਼ਾ ਤਸਕਰ ਉਕਤ ਅਧਿਕਾਰੀਆਂ ’ਤੇ ਹਮਲਾ ਕਰਨ ਆ ਗਏ ਪਰ ਪੁਲਸ ਅਤੇ ਖੋਸਲਾ ਵਾਈਨ ਟਰੇਡਰਜ਼ ਦੇ ਵਰਕਰਾਂ ਨੇ ਉਨ੍ਹਾਂ ਨੂੰ ਭਾਜਡ਼ਾਂ ਪਾ ਦਿੱਤੀਆਂ। ‘ਜਗ ਬਾਣੀ’ ਦੇ ਪ੍ਰਤੀਨਿਧੀ ਵੀ ਵਿਸ਼ੇਸ਼ ਤੌਰ ’ਤੇ ਇਸ ਸਰਚ ਆਪ੍ਰੇਸ਼ਨ ਦੀ ਕਵਰੇਜ ਕਰਨ ਲਈ ਪਹੁੰਚ ਗਏ ਅਤੇ ਨਾਜਾਇਜ਼ ਸ਼ਰਾਬ, ਲਾਹਣ ਅਤੇ ਕਿਸ਼ਤੀਆਂ ’ਚ ਸਰਚ ਕਰ ਰਹੇ ਅਧਿਕਾਰੀਆਂ ਨੂੰ ਆਪਣੇ ਕੈਮਰੇ ’ਚ ਕੈਦ ਕਰ ਲਿਆ। ਜ਼ਿਲਾ ਇੰਚਾਰਜ ਏ. ਟੀ. ਸੀ. ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਸਰਜੀਕਲ ਸਟ੍ਰਾਈਕ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਮੌਜਪੁਰ ਇਲਾਕੇ ਦੇ 100 ਤੋਂ ਵੱਧ ਪਰਿਵਾਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਜੰਗਲਾਤ ਵਿਭਾਗ ਦੀ ਲੱਕਡ਼ ਦੀ ਵਰਤੋਂ ਕਰ ਕੇ ਹੀ ਸ਼ਰਾਬ ਦੀਆਂ ਨਾਜਾਇਜ਼ ਭੱਠੀਆਂ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਸਫ਼ਲ ਆਪ੍ਰੇਸ਼ਨ ’ਚ 1 ਲੱਖ 80 ਹਜ਼ਾਰ ਲਿਟਰ ਲਾਹਣ, 6 ਲੱਖ ਮਿਲੀਲਿਟਰ ਨਾਜਾਇਜ਼ ਸ਼ਰਾਬ, 10 ਕੁਇੰਟਲ ਰਸਕਟ ਗੁਡ਼, 10 ਚਾਲੂ ਭੱਠੀਆਂ, ਯੂਰੀਆ, ਬੇਕਿੰਗ ਪਾਊਡਰ, ਬੁਆਇਲਰ, ਡਰੰਮ, ਕੈਨ ਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਫਡ਼ੇ ਸਾਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਲਵਾਲਾ ਪੱਤਣ, ਬੇਗਪੁਰ, ਬੁੱਧੋਬਰਕਤ, ਛਾਂਗਲਾ, ਪੱਸੀ ਬੇਟ, ਧਨੋਆ ਪੱਤਣ, ਕਾਵਾਂਵਾਲੀ ਪੱਤਣ, ਸ੍ਰੀ ਹਰਗੋਬਿੰਦ ਪੁਲ, ਗਿਲਜੀਆਂ, ਕੈਰੇ, ਭੀਖੋਵਾਲ ਤੇ ਹੋਰ ਇਲਾਕਿਆਂ ’ਚ ਵੀ ਸਰਚ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਤਸਕਰ ਡੂੰਘਾ ਟੋਆ ਪੁੱਟ ਕੇ ਤਰਪਾਲਾਂ ਵਿਚ ਦਰਿਆ ਦਾ ਪਾਣੀ, ਕੈਮੀਕਲ ਤੇ ਹੋਰ ਸਾਮਾਨ ਪਾ ਦਿੰਦੇ ਹਨ, ਜਿਸ ਨਾਲ 24 ਘੰਟਿਆਂ ’ਚ ਲਾਹਣ ਤਿਆਰ ਹੋ ਜਾਂਦੀ ਹੈ ਅਤੇ ਇਸ ਤੋਂ ਤਿਆਰ ਕੀਤੀ ਗਈ ਨਾਜਾਇਜ਼ ਸ਼ਰਾਬ ਪੀਣ ਨਾਲ ਅੱਖਾਂ ਦੀ ਰੌਸ਼ਨੀ ਜਾ ਤੋਂ ਇਲਾਵਾ ਕਿਡਨੀਆਂ, ਗੁਰਦਿਆਂ, ਫੇਫਡ਼ਿਆਂ ਆਦਿ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਅਜਿਹੀ ਸ਼ਰਾਬ ਪੀਣ ਨਾਲ ਲਗਭਗ 5 ਸਾਲ ਪਹਿਲਾਂ ਵੀ ਪਿੰਡ ਗਿਲਜੀਆਂ, ਆਲਮਪੁਰ ਤੇ ਹੋਰ ਪਿੰਡਾਂ ’ਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਈ. ਟੀ. ਓ. ਹਨੂਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਅਨੁਸਾਰ ਸ਼ਰਾਬ ਤਸਕਰਾਂ ਵਿਰੁੱਧ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਆਬਕਾਰੀ ਵਿਭਾਗ ਦੇ ਪੁਲਸ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਏ. ਆਈ. ਜੀ. ਸੁਖਚੈਨ ਸਿੰਘ ਦੀਆਂ ਸਖ਼ਤ ਹਦਾਇਤਾਂ ਹਨ ਕਿ ਨਾਜਾਇਜ਼ ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਜਾਵੇ। ਇਸ ਸਰਚ ਆਪ੍ਰੇਸ਼ਨ ਵਿਚ ਆਬਕਾਰੀ ਵਿਭਾਗ ਦੇ ਨਰੇਸ਼ ਕੁਮਾਰ ਸਹੋਤਾ, ਗੋਪਾਲ ਸਿੰਘ ਗੇਰਾ, ਮਹਿੰਦਰ ਸਿੰਘ, ਤਰਲੋਚਨ ਸਿੰਘ, ਮਨਜੀਤ ਕੌਰ, ਸਮੂਹ ਆਬਕਾਰੀ ਇੰਸਪੈਕਟਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ।
ਮੁੱਖੋਮਜਾਰਾ ’ਚ 19ਵਾਂ ਸੱਭਿਆਚਾਰਕ ਮੇਲਾ ਹੋ ਨਿਬਡ਼ਿਆ ਯਾਦਗਾਰੀ
NEXT STORY