ਅੰਮ੍ਰਿਤਸਰ, (ਦਲਜੀਤ)- ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿਚ ਜੱਚਾ-ਬੱਚਾ ਸੁਰੱਖਿਅਤ ਨਹੀਂ ਹੈ। ਮੈਡੀਕਲ ਕੌਂਸਲ ਆਫ ਇੰਡੀਆ ਦੇ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਹਸਪਤਾਲ ਪ੍ਰਸ਼ਾਸਨ ਵਲੋਂ ਜਣੇਪਾ ਕਰਵਾਉਣ ਆਉਣ ਵਾਲੀਆਂ ਦੋ-ਦੋ ਮਹਿਲਾਵਾਂ ਨੂੰ ਇਕ ਬੈੱਡ ਦੇ ਕੇ ਜੱਚਾ-ਬੱਚਾ ਲਈ ਮੁਸ਼ਕਲਾਂ ਖਡ਼੍ਹੀਆਂ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਪ੍ਰਸ਼ਾਸਨ ਦੇ ਇਸ ਕੰਮ ਨੂੰ ਜੇਕਰ ਕੋਈ ਮਰੀਜ਼ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਡਾਕਟਰ ਮਰੀਜ਼ ਨੂੰ ਮਿਲਣ ਵਾਲਾ ਬੈੱਡ ਵੀ ਨਹੀਂ ਦਿੰਦੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕਰੋਡ਼ਾਂ ਰੁਪਇਆ ਖਰਚ ਕਰ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਅਧੀਨ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਬਣਾਇਆ ਗਿਆ ਹੈ, ਜਿਸ ਵਿਚ ਰੋਜ਼ਾਨਾ ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲਿਆਂ ਦੇ ਇਕ ਦਰਜਨ ਤੋਂ ਵਧੇਰੇ ਮਹਿਲਾਵਾਂ ਜਣੇਪਾ ਕਰਵਾਉਣ ਲਈ ਆਉਂਦੀਆਂ ਹਨ। ਹਸਪਤਾਲ ਪ੍ਰਸ਼ਾਸਨ ਵਲੋਂ ਗਰਭਵਤੀ ਮਹਿਲਾਵਾਂ ਲਈ ਉਕਤ ਹਸਪਤਾਲ ਵਿਚ 4 ਗਾਇਨੀ ਵਾਰਡਾਂ ਬਣਾਈਆਂ ਗਈਆਂ ਹਨ। ਇਕ ਅਤੇ ਦੋ ਵਾਰਡਾਂ ਵਿਚ 30-30 ਬੈੱਡ ਲਾਏ ਗਏ ਹਨ, ਜਦਕਿ ਮੈਡੀਕਲ ਕੌਂਸਲ ਆਫ ਇੰਡੀਆ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਵਾਰਡ ਨੰ. 3 ਅਤੇ 4 ਨੂੰ 15-15 ਬੈੱਡ ਦੇ ਕੇ ਖਾਨਾਪੂਰਤੀ ਕੀਤੀ ਗਈ ਹੈ। 3 ਤੇ 4 ਵਾਰਡਾਂ ਦੇ ਡਾਕਟਰ ਇਕ ਬੈੱਡ ’ਤੇ ਜਣੇਪਾ ਕਰਵਾ ਕੇ ਆਈਆਂ ਦੋ-ਦੋ ਜੱਚਾ-ਬੱਚਾ ਨੂੰ ਲੰਮਾ ਪਾਉਂਦੇ ਹਨ। ਕਈ ਵਾਰ ਸਜੇਰੀਅਨ ਕਰਵਾ ਕੇ ਆਉਣ ਵਾਲੀਆਂ ਮਹਿਲਾਵਾਂ ਨੂੰ ਦੂਸਰੀ ਮਹਿਲਾ ਦੀ ਲੱਤ ਲੱਗਣ ਨਾਲ ਭਾਰੀ ਦਿੱਕਤ ਵੀ ਆਉਂਦੀ ਹੈ। ਕਈ ਵਾਰ ਤਾਂ ਰਾਤ ਨੂੰ ਸੁੱਤਿਆਂ ਪਿਆ ਨਵ ਜੰਮੇ ਬੱਚੇ ਵੀ ਜ਼ਮੀਨ ’ਤੇ ਡਿੱਗ ਜਾਂਦੇ ਹਨ। ਸਬੰਧਤ ਵਾਰਡ ਦੇ ਹਾਲਾਤ ਇਹ ਹਨ ਕਿ ਇਹ ਵਾਰਡ ਘੱਟ ਅਤੇ ਜੰਜ ਘਰ ਵਧੇਰੇ ਲੱਗਦਾ ਹੈ। ਕਈ ਮਰੀਜ਼ਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਉਹ ਆਪਣੇ ਮਰੀਜ਼ ਲਈ ਇਕ ਬੈੱਡ ਮੰਗਦੇ ਹਨ ਜਾਂ ਉੱਚ ਅਧਿਕਾਰੀਆਂ ਨਾਲ ਉਕਤ ਮਸਲੇ ਸਬੰਧੀ ਗੱਲਬਾਤ ਕਰਦੇ ਹਨ ਤਾਂ ਡਾਕਟਰ ਗੁੱਸੇ ਵਿਚ ਆ ਕੇ ਉਨ੍ਹਾਂ ਨੂੰ ਮਿਲਣ ਵਾਲਾ ਇਕ ਬੈੱਡ ਵੀ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਪ੍ਰਾਈਵੇਟ ਤੌਰ ’ਤੇ ਮੰਜੇ ਲਿਆ ਕੇ ਕੰਮ ਸਾਰਨਾ ਪੈਂਦਾ ਹੈ।
ਵਾਰਡ 3 ਦੀ ਇੰਚਾਰਜ ਨੇ ਵੀ ਉੱਚ ਅਧਿਕਾਰੀਆਂ ਨੂੰ ਕੀਤੀ ਹੈ ਸ਼ਿਕਾਇਤ
ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਦੀ ਵਾਰਡ 3 ਦੀ ਇੰਚਾਰਜ ਡਾ. ਬਲਵਿੰਦਰ ਕੌਰ ਨੇ ਵੀ ਮੈਡੀਕਲ ਕੌਂਸਲ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਵਾਰਡ ਨੰ. 1 ਅਤੇ 2 ਦੀ ਤਰ੍ਹਾਂ ਉਨ੍ਹਾਂ ਦੀਆਂ ਵਾਰਡਾਂ ਵਿਚ 30-30 ਬੈੱਡ ਮੁਹੱਈਆ ਕਰਵਾਏ ਜਾਣ ਤਾਂ ਜੋ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਬਲਵਿੰਦਰ ਕੌਰ ਨੇ ਮੈਡੀਕਲ ਕਾਲਜ ਦੇ ਪ੍ਰਸ਼ਾਸਨ ’ਤੇ ਵੀ ਗਾਇਨੀ ਵਿਭਾਗ ਦੀ ਇਕ ਸੀਨੀਅਰ ਡਾਕਟਰ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ ਸਨ।
ਪਨਗ੍ਰੇਨ ਦੇ ਗੋਦਾਮ ’ਚ ਡਾਕਾ
NEXT STORY