ਪਟਿਆਲਾ— ਸੂਬੇ ਵਿਚ ਹਰ ਤਰ੍ਹਾਂ ਦੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿਛਲੇ ਤਿੰਨ ਦਿਨਾਂ ਵਿਚ ਸੂਬੇ ਭਰ ਵਿਚ 100 ਹਸਪਤਾਲਾਂ ਦੀ ਅਚਨਚੇਤੀ ਜਾਂਚ ਕੀਤੀ ਗਈ। ਇਸ ਦੌਰਾਨ 33 ਅਜਿਹੇ ਹਸਪਤਾਲਾਂ ਦੀ ਸ਼ਨਾਖਤ ਹੋਈ ਹੈ, ਜਿਹੜੇ ਬਾਇਓ ਮੈਡੀਕਲ ਕਚਰੇ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਖਤਰਨਾਕ ਪ੍ਰਦੂਸ਼ਣ ਫੈਲਾਅ ਰਹੇ ਹਨ। ਇਨ੍ਹਾਂ ਹਸਪਤਾਲਾਂ ਵਿਰੁੱਧ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪਨੂੰ ਨੇ ਕਿਹਾ ਹੈ ਕਿ ਬਾਇਓ ਮੈਡੀਕਲ ਵੇਸਟ ਬਾਰੇ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਕਚਰੇ ਵਿਚੋਂ ਅਨੇਕਾਂ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਲੱਗਣ ਦਾ ਖਤਰਾ ਹੁੰਦਾ ਹੈ। ਉਨ੍ਹਾਂ ਸਮੁੱਚੇ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਾਇਓ ਮੈਡੀਕਲ ਕਚਰੇ ਦੇ ਨਿਪਟਾਰੇ ਲਈ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਬੋਰਡ ਦੇ ਇੰਜੀਨੀਅਰਾਂ ਨੂੰ ਵੀ ਹਸਪਤਾਲਾਂ ਵਿਚ ਬਾਜ਼ ਅੱਖ ਰੱਖਣ ਦੀ ਸਖਤ ਹਦਾਇਤ ਦਿੱਤੀ ਹੈ।
ਪਨੂੰ ਨੇ ਕਿਹਾ ਕਿ ਹਸਪਤਾਲਾਂ ਅਤੇ ਲੈਬਾਰਟਰੀਆਂ ਵਿਚੋਂ ਪੈਦਾ ਹੁੰਦਾ ਕਚਰਾ ਵਾਤਾਵਰਣ ਪੱਖੋਂ ਇਨਾਂ ਖਤਰਨਾਕ ਹੈ ਕਿ ਇਸ ਦੇ ਨਿਪਟਾਰੇ ਅਤੇ ਪ੍ਰਬੰਧਨ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਪੰਜਾਬ ਪ੍ਰਦਰਸ਼ਣ ਕੰਟਰੋਲ ਬੋਰਡ ਨੇ ਇਸ ਨਿਪਟਾਰੇ ਲਈ ਸਾਰੇ ਹਸਪਤਾਲਾਂ ਨੂੰ ਵਿਸਥਾਰ ਵਿਚ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਨੇ ਇਹ ਕਚਰਾ ਇਕੱਠਾ ਕਰਕੇ ਇਸ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਲਈ ਮਾਹਰ ਏਜੰਸੀਆਂ ਨੂੰ ਪ੍ਰਮਾਣਿਤ ਕੀਤਾ ਹੋਇਆ ਹੈ, ਜਿਹੜੀਆਂ ਜੀ. ਪੀ. ਐੱਸ. ਸਿਸਟਮ ਵਾਲੀਆਂ ਵਿਸ਼ੇਸ਼ ਗੱਡੀਆਂ ਰਾਹੀਂ ਪੰਜਾਬ ਭਰ ਵਿਚੋਂ ਹਰ ਰੋਜ਼ ਤਕਰੀਬਨ 14 ਟਨ ਅਜਿਹਾ ਕਚਰਾ ਇਕੱਠਾ ਕਰਕੇ ਉਸ ਨੂੰ ਸੁਰੱਖਿਅਤ ਢੰਗ ਨਾਲ ਟਿਕਾਣੇ ਲਗਾਉਂਦੀਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿਚ ਸਰਕਾਰੀ ਹਸਪਤਾਲਾਂ ਸਮੇਤ 10 ਹਜ਼ਾਰ ਦੇ ਕਰੀਬ ਹਸਪਤਾਲ ਹਨ।
ਆਜ਼ਾਦੀ ਦਿਹਾੜੇ ਸਬੰਧੀ ਐੱਸ. ਡੀ. ਐੱਮ. ਵਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
NEXT STORY