ਨਵਾਂਸ਼ਹਿਰ, (ਤ੍ਰਿਪਾਠੀ)- ਐੱਨ. ਆਰ. ਆਈ. ਤੋਂ ਹਾਈਕੋਰਟ ਦੇ ਜਾਅਲੀ ਆਰਡਰ ਦਿਖਾ, ਸਾਂਝਾ ਬਿਜ਼ਨੈੱਸ ਕਰਨ ਅਤੇ ਘਰ 'ਚ ਪਿਸਤੌਲ ਦਿਖਾ ਕੇ, ਡਰਾ-ਧਮਕਾ ਕੇ 1.21 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਪਤੀ-ਪਤਨੀ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜਰਨੈਲ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਯੂ. ਕੇ. ਜੱਦੀ ਪਿੰਡ ਸਰਹਾਲ ਰਾਣੂਆਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਭੁਪਿੰਦਰ ਪਾਲ ਉਰਫ਼ ਭਿੰਦਾ ਪੁੱਤਰ ਹਰਭਜਨ ਰਾਮ ਵਾਸੀ ਭਰੋਮਜਾਰਾ ਨਾਲ ਪੁਰਾਣੀ ਜਾਣ-ਪਛਾਣ ਸੀ ਅਤੇ ਉਨ੍ਹਾਂ ਦੇ ਘਰ 'ਚ ਆਉਣਾ-ਜਾਣਾ ਸੀ। ਭੁਪਿੰਦਰ ਪਾਲ ਨੇ ਉਸ ਨੂੰ ਵਾਹਨ ਲੈ ਕੇ ਵੇਚਣ ਦਾ ਬਿਜ਼ਨੈੱਸ ਕਰਨ ਦੇ ਝਾਂਸੇ 'ਚ ਲਿਆ, ਜਿਸ 'ਚ ਦੋਵਾਂ ਨੂੰ ਬਰਾਬਰ ਰਾਸ਼ੀ ਪਾ ਕੇ ਬਰਾਬਰ ਮੁਨਾਫ਼ਾ ਵੰਡਣ ਦਾ ਸੁਝਾਅ ਰੱਖਿਆ ਸੀ, ਜਿਸ 'ਤੇ ਉਸ ਨੇ ਭੁਪਿੰਦਰ ਪਾਲ ਨੂੰ ਬਿਜ਼ਨੈੱਸ ਕਰਨ ਲਈ 43 ਲੱਖ ਰੁਪਏ ਦੇ ਦਿੱਤੇ।
ਉਸ ਨੇ ਦੱਸਿਆ ਕਿ ਉਸ ਦੀ ਗੁਰਾਇਆ 'ਚ ਪਈ ਇਕ ਜ਼ਮੀਨ ਦੇ ਚੱਲ ਰਹੇ ਕੇਸ ਨੂੰ ਉਸ ਦੇ ਪੱਖ 'ਚ ਕਰਵਾਉਣ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਸੇ ਦੇਣ ਦੀ ਆੜ 'ਚ 48 ਲੱਖ ਰੁਪਏ ਲੈ ਲਏ ਪਰ ਉਕਤ ਕੇਸ ਉਸ ਦੇ ਪੱਖ 'ਚ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਇਕ ਕੇਸ ਸੰਬੰਧੀ ਅਦਾਲਤ 'ਚ ਹਾਈਕੋਰਟ ਦੇ ਜਾਅਲੀ ਆਰਡਰ ਦਿਖਾ ਕੇ ਵੀ ਭੁਪਿੰਦਰ ਪਾਲ ਨੇ ਉਸ ਕੋਲੋਂ 30 ਲੱਖ ਰੁਪਏ ਲੈ ਲਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਭੁਪਿੰਦਰ ਪਾਲ ਤੇ ਉਸ ਦੀ ਪਤਨੀ ਨੇ ਹਮ-ਸਲਾਹ ਹੋ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਉਕਤ ਦੋਸ਼ੀਆਂ ਤੋਂ ਰਾਸ਼ੀ ਵਾਪਸ ਕਰਵਾਉਣ ਤੇ ਦੋਸ਼ੀਆਂ ਖਿਲਾਫ਼ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।
ਉਕਤ ਸ਼ਿਕਾਇਤ ਦੀ ਜਾਂਚ ਐੱਸ. ਪੀ. (ਐੱਚ), ਡੀ. ਐੱਸ. ਪੀ. ਬੰਗਾ ਤੇ ਇੰਚਾਰਜ ਸੀ. ਆਈ. ਏ. 'ਤੇ ਆਧਾਰਿਤ ਟੀਮ ਨੂੰ ਸੌਂਪੀ ਗਈ ਜਿਨ੍ਹਾਂ ਨੇ ਜਾਂਚ 'ਚ ਪਾਇਆ ਕਿ ਉਕਤ ਭੁਪਿੰਦਰ ਪਾਲ ਵੱਲੋਂ ਬੀ. ਐੱਮ. ਡਬਲਿਊ. ਗੱਡੀ ਦਾ ਸੌਦਾ ਕਰ ਕੇ ਗੱਡੀ ਉਸ ਦੇ ਨਾਂ ਨਾ ਕਰਵਾਉਣ, ਹਾਈਕੋਰਟ ਦੇ ਜਾਅਲੀ ਆਰਡਰ ਦਿਖਾ ਕੇ ਧੋਖਾ ਕਰਨ, ਪ੍ਰਵਾਸੀ ਭਾਰਤੀ ਜਰਨੈਲ ਸਿੰਘ ਦੇ ਘਰ 'ਚ ਜਾ ਕੇ ਉਸ ਨੂੰ ਪਿਸਤੌਲ ਦਿਖਾ ਕੇ ਡਰਾਉਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਆਪਣੀ ਪਤਨੀ ਮਨਜੀਤ ਕੌਰ ਨਾਲ ਹਮ-ਸਲਾਹ ਹੋ ਕੇ ਧੋਖਾਦੇਹੀ ਕਰਨਾ ਪਾਇਆ ਗਿਆ।
ਥਾਣਾ ਬਹਿਰਾਮ ਦੀ ਪੁਲਸ ਨੇ ਉਕਤ ਟੀਮ ਦੀ ਜਾਂਚ ਅਤੇ ਡੀ. ਏ. ਲੀਗਲ ਦੀ ਹਾਸਲ ਕੀਤੀ ਰਾਏ ਦੇ ਆਧਾਰ 'ਤੇ ਉਕਤ ਦੋਸ਼ੀ ਭੁਪਿੰਦਰ ਪਾਲ ਉਰਫ਼ ਭਿੰਦਾ ਪੁੱਤਰ ਹਰਭਜਨ ਰਾਮ ਅਤੇ ਉਸ ਦੀ ਪਤਨੀ ਮਨਜੀਤ ਕੌਰ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀਆਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਜ਼ਦੂਰਾਂ ਵੱਲੋਂ ਪੁਲਸ ਖਿਲਾਫ ਰੋਸ ਵਿਖਾਵਾ
NEXT STORY