ਅੰਮ੍ਰਿਤਸਰ, (ਸੰਜੀਵ)- ਹੁਸੈਨਪੁਰਾ ਚੌਕ ਵਿਚ ਸਥਿਤ ਆਟੋ ਮੋਬਾਈਲ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਚਰਨਜੀਤ ਸਿੰਘ 'ਤੇ ਗੋਲੀ ਦਾਗ਼ ਕੇ 2 ਅਣਪਛਾਤੇ ਲੁਟੇਰੇ ਕੈਸ਼ ਕਾਊਂਟਰ ਤੋਂ 5 ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਤੇ ਇੰਸਪੈਕਟਰ ਵਵਿੰਦਰ ਮਹਾਜਨ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਹੁਸੈਨਪੁਰਾ ਚੌਕ ਸਥਿਤ ਭਾਰਤ ਮੋਟਰਜ਼ ਦੇ ਨਾਂ ’ਤੇ ਸਪੇਅਰ ਪਾਰਟਸ ਦੀ ਦੁਕਾਨ ਹੈ। ਰਾਤ ਕਰੀਬ 8 ਵਜੇ ਦੁਕਾਨ ਮਾਲਕ ਚਰਨਜੀਤ ਸਿੰਘ ਕਰਮਚਾਰੀਆਂ ਨਾਲ ਦੁਕਾਨ ’ਤੇ ਬੈਠੇ ਸੀ ਕਿ ਇਸੇ ਦੌਰਾਨ ਬਾਈਕ ’ਤੇ ਸਵਾਰ ਦੋ ਨੌਜਵਾਨ ਸਪੇਅਰ ਪਾਰਟਸ ਖਰੀਦਣ ਦੇ ਬਹਾਨੇ ਦੁਕਾਨ ਵਿਚ ਦਾਖਲ ਹੋਏ ਅਤੇ ਆਉਂਦੇ ਹੀ ਇਕ ਨੌਜਵਾਨ ਨੇ ਦੁਕਾਨ ਮਾਲਕ ਚਰਨਜੀਤ ਸਿੰਘ ’ਤੇ ਪਿਸਤੌਲ ਤਾਣ ਦਿੱਤੀ ਅਤੇ ਪੂਰਾ ਕੈਸ਼ ਆਪਣੇ ਹਵਾਲੇ ਕਰਨ ਨੂੰ ਕਿਹਾ। ਜਦ ਚਰਨਜੀਤ ਸਿੰਘ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਨੇ ਚਰਨਜੀਤ ਸਿੰਘ ਪੈਰ ਵਿਚ ਗੋਲੀ ਚਲਾ ਦਿੱਤੀ ਜੋ ਜ਼ਮੀਨ ’ਤੇ ਲੱਗੀ। ਇੰਨੇ ਵਿਚ ਚਰਨਜੀਤ ਸਿੰਘ ਪਿੱਛੇ ਹਟ ਗਿਆ ਅਤੇ ਲੁਟੇਰਿਆਂ ਨੇ ਕੈਸ਼ ਕਾਊਂਟਰ ਤੋਂ ਪੂਰੀ ਨਕਦੀ ਕੱਢੀ ਅਤੇ ਫਰਾਰ ਹੋ ਗਏ।
ਇਸ ਸਬੰਧੀ ਡੀ. ਸੀ. ਪੀ. ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਸੀ. ਸੀ. ਟੀ. ਵੀ. ਦੇ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ, ਜਿਸ ਦੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
2 ਸਮੱਗਲਰਾਂ ਕੋਲੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ
NEXT STORY