ਜਲੰਧਰ, (ਮ੍ਰਿਦੁਲ)- ਸੂਬਾ ਕੈਪਟਨ ਸਰਕਾਰ ਫੋਰਸ ਵਿਚ ਡੀ. ਆਈ. ਜੀ. ਦੀ ਪੋਸਟ ਖਤਮ ਕਰਨ ਦੇ ਨਾਲ ਹੀ ਆਈ. ਪੀ. ਐੱਸ. ਲਾਬੀ ਨੂੰ ਖੁਸ਼ ਕਰਨ ਲਈ ਪ੍ਰਮੋਸ਼ਨ ਦੇ ਰਹੀ ਹੈ। ਮੌਜੂਦਾ ਡੀ. ਆਈ. ਜੀ. ਨੂੰ ਆਈ. ਜੀ. ਪ੍ਰਮੋਟ ਕੀਤਾ ਜਾ ਰਿਹਾ ਹੈ ਜਦਕਿ ਸਰਕਾਰ ਡੀ. ਆਈ. ਜੀ. ਪੋਸਟ ਨੂੰ ਖਤਮ ਕਰਕੇ ਪੈਸੇ ਬਚਾਉਣ ਦਾ ਕੰਮ ਕਰ ਰਹੀ ਹੈ। ਕੁਝ ਦਿਨ ਪਹਿਲਾਂ ਸਰਕਾਰ ਨੇ ਆਈ. ਜੀ. ਜ਼ੋਨ ਅਹੁਦੇ ਨੂੰ ਆਈ. ਜੀ. ਰੇਂਜ ਬਣਾ ਦਿੱਤਾ ਸੀ।
ਹੁਣ ਦੇਖਿਆ ਜਾਵੇ ਤਾਂ ਜਿਥੇ ਪਹਿਲਾਂ ਆਈ. ਜੀ. ਜ਼ੋਨ ਅੰਡਰ 6 ਜ਼ਿਲੇ ਆਉਂਦੇ ਸਨ, ਉਥੇ ਹੁਣ ਉਨ੍ਹਾਂ ਕੋਲ 3 ਜ਼ਿਲੇ ਆਇਆ ਕਰਨਗੇ, ਤਾਂ ਜੋ ਉਨ੍ਹਾਂ 'ਤੇ ਕੰਮ ਦਾ ਬੋਝ ਨਾ ਪੈ ਸਕੇ। ਹੁਣ ਡੀ. ਆਈ. ਜੀ. ਦੀ ਪੋਸਟ ਖਤਮ ਕਰਕੇ ਸਰਕਾਰ ਨੇ ਪੈਸੇ ਬਚਾਉਣ ਦਾ ਪੱਤਾ ਬਹੁਤ ਸਾਫ ਤਰੀਕੇ ਨਾਲ ਖੇਡਿਆ ਹੈ ਕਿਉਂਕਿ ਹੁਣ ਸੂਬੇ ਵਿਚ ਜਿੰਨੇ ਵੀ ਡੀ. ਆਈ. ਜੀ. ਹਨ, ਨੂੰ ਪ੍ਰਮੋਟ ਕਰ ਕੇ ਉਨ੍ਹਾਂ ਦੇ ਰੈਂਕ ਦੀ ਤਨਖਾਹ ਸਰਕਾਰ ਬਚਾ ਲਵੇਗੀ। ਜਿਸ ਨਾਲ ਖਾਲੀ ਖਜ਼ਾਨੇ ਨੂੰ ਭਰਿਆ ਜਾਵੇਗਾ। ਹਾਲਾਂਕਿ ਇਹ ਉਹ ਡੀ. ਆਈ. ਜੀ. ਹੋਣਗੇ ਜੋ ਸਟੇਟ ਰਿਕਰੂਟਿਡ ਹੋਣਗੇ।
ਆਈ. ਪੀ. ਐੱਸ. ਲਾਬੀ ਨੇ ਕੀਤਾ ਸੀ ਵਿਰੋਧ
ਕੈਪਟਨ ਸਰਕਾਰ ਦਾ ਇਹ ਫੈਸਲਾ ਇਕ ਤਰੀਕੇ ਨਾਲ ਆਈ. ਪੀ. ਐੱਸ. ਲਾਬੀ ਨੂੰ ਖੁਸ਼ ਕਰਨ ਵਾਲਾ ਹੈ, ਕਿਉਂਕਿ ਜਦ ਸਰਕਾਰ ਨੇ ਇਹ ਫੈਸਲਾ ਲੈਣ ਦੀ ਤਿਆਰੀ ਕੀਤੀ ਤਾਂ ਆਈ. ਪੀ. ਐੱਸ. ਲਾਬੀ ਨੇ ਹੀ ਇਸ ਦਾ ਕਾਫੀ ਵਿਰੋਧ ਕੀਤਾ। ਪਹਿਲਾਂ ਸਰਕਾਰ ਨੇ ਸੋਚਿਆ ਕਿ ਉਨ੍ਹਾਂ ਨੂੰ ਡੀ. ਆਈ. ਜੀ. ਕਮ ਆਈ. ਜੀ. ਬਣਾ ਦਿੱਤਾ ਜਾਵੇ ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰਨ ਦੀ ਸਲਾਹ ਸਹੀ ਲੱਗੀ।
ਪ੍ਰਮੋਟਿਡ ਅਫਸਰਾਂ 'ਤੇ ਵਧੇਗਾ ਕੰਮ ਦਾ ਬੋਝ
ਹੁਣ ਦੂਜੇ ਪਾਸੇ ਜੇਕਰ ਸੋਚਿਆ ਜਾਵੇ ਤਾਂ ਇਸ ਫੈਸਲੇ ਨਾਲ ਸੈਂਟਰ ਰਿਕਰੂਟਿਡ ਅਫਸਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈ ਪਰ ਸਟੇਟ ਪ੍ਰਮੋਟਿਡ ਅਫਸਰ ਇਸ ਸਮੇਂ ਕੁਝ ਚਿੰਤਾ ਵਿਚ ਵੀ ਹਨ। ਇਸ ਪ੍ਰਮੋਸ਼ਨ ਨਾਲ ਉਨ੍ਹਾਂ 'ਤੇ ਕੰਮ ਦਾ ਬੋਝ ਹੋਰ ਵਧਣ ਵਾਲਾ ਹੈ ਕਿਉਂਕਿ ਸਰਕਾਰ ਦੀ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਸਖਤ ਕਰਨ ਦੇ ਨਿਰਦੇਸ਼ ਜਲਦੀ ਹੀ ਜਾਰੀ ਹੋਣ ਵਾਲੇ ਹਨ, ਜਿਸ ਨੂੰ ਲੈ ਕੇ ਡੀ. ਜੀ. ਪੀ. ਸੁਰੇਸ਼ ਅਰੋੜਾ ਨਾਲ ਵੀ ਗੱਲ ਕੀਤੀ ਜਾ ਰਹੀ ਹੈ।
ਆਈ. ਪੀ. ਐੱਸ. ਲਾਬੀ ਨੇ ਸੈਂਟਰ ਨੂੰ ਲਿਖੀ ਸੀ ਚਿੱਠੀ
ਸਰਕਾਰ ਦੇ ਡੀ. ਆਈ. ਜੀ. ਦੀ ਪੋਸਟ ਨੂੰ ਖਤਮ ਕਰਨ ਦੇ ਫੈਸਲੇ ਵਿਰੁੱਧ ਸੂਬੇ ਦੀ ਆਈ. ਪੀ. ਐੱਸ. ਲਾਬੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ, ਕਿਉਂਕਿ ਇਹ ਉਹ ਡੀ. ਆਈ. ਜੀ. ਸਨ ਜੋ ਸਟੇਟ ਰਿਕਰੂਟਿਡ ਸਨ, ਕਿਉਂਕਿ ਸਟੇਟ ਰਿਕਰੂਟਿਡ ਡੀ. ਆਈ. ਜੀ. ਨੂੰ ਸੂਬਾ ਸਰਕਾਰ ਹੀ ਤਨਖਾਹ ਦਿੰਦੀ ਹੈ। ਜਿਸ ਕਾਰਨ ਉਨ੍ਹਾਂ ਦੀ ਪੋਸਟ ਖਤਮ ਹੋਣ ਕਾਰਨ ਸਾਰੀ ਆਈ. ਪੀ. ਐੱਸ. ਲਾਬੀ ਚਿੰਤਾ 'ਚ ਸੀ।
ਇਹ ਅਫਸਰ ਹੋਣਗੇ ਪ੍ਰਮੋਟ
ਸੂਤਰਾਂ ਦੀ ਮੰਨੀਏ ਤਾਂ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ ਸ਼ਰਮਾ, ਈਸ਼ਵਰ ਸਿੰਘ, ਸ਼ਸ਼ੀ ਪ੍ਰਭਾ, ਸਤੀਸ਼ ਕੁਮਾਰ ਅਸਥਾਨਾ, ਆਰ. ਐੱਨ. ਢੋਕੇ, ਅਰਪਿਤ ਸ਼ੁਕਲਾ ਅਤੇ ਜਤਿੰਦਰ ਕੁਮਾਰ ਜੈਨ ਆਈ. ਜੀ. ਤੋਂ ਏ. ਡੀ. ਜੀ. ਪੀ. ਪ੍ਰਮੋਟ ਹੋਣਗੇ। ਉਥੇ ਉਨ੍ਹਾਂ ਦੇ ਨਾਲ ਡੀ. ਆਈ. ਜੀ. ਜਸਕਰਨ ਸਿੰਘ ਬਰਾੜ, ਯੁਰਿੰਦਰ ਸਿੰਘ ਹੇਅਰ, ਦਿਨੇਸ਼ ਪ੍ਰਤਾਪ ਸਿੰਘ, ਅਰੁਣ ਕੁਮਾਰ ਮਿੱਤਲ, ਡਾ. ਕੌਸਤੁਭ ਸ਼ਰਮਾ, ਪ੍ਰਦੀਪ ਕੁਮਾਰ ਯਾਦਵ, ਗੁਰਸ਼ਰਨ ਸਿੰਘ ਸੰਧੂ, ਕੰਵਰ ਬਹਾਦੁਰ ਸਿੰਘ ਅਤੇ ਰਜਿੰਦਰ ਸਿੰਘ ਨੂੰ ਆਈ. ਜੀ. ਪ੍ਰਮੋਟ ਕੀਤਾ ਜਾਵੇਗਾ। ਹਾਲਾਂਕਿ ਐਂਪੈਨਲਮੈਂਟ ਸੀਨੀਓਰਿਟੀ ਲਿਸਟ ਤਹਿਤ ਹੀ ਇਨ੍ਹਾਂ ਨੂੰ ਪ੍ਰਮੋਟ ਕੀਤਾ ਜਾਵੇਗਾ।
ਮਹਾਰਾਸ਼ਟਰ 'ਚ ਕਿਸਾਨ ਅੰਦੋਲਨ ਤੋਂ ਸਬਕ ਲੈ ਕੇ ਕੇਂਦਰ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ
NEXT STORY