ਜਲੰਧਰ (ਧਵਨ) - ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਮਹਾਰਾਸ਼ਟਰ 'ਚ ਕਿਸਾਨਾਂ ਵਲੋਂ ਕੀਤੇ ਗਏ ਵਿਸ਼ਾਲ ਅੰਦੋਲਨ ਤੋਂ ਬਾਅਦ ਕੇਂਦਰ ਦੀ ਰਾਜਗ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਹੁਣ ਦੇਸ਼ 'ਚ ਕਿਸਾਨਾਂ ਅੰਦਰ ਪੈਦਾ ਹੋਏ ਗੁੱਸੇ ਨੂੰ ਦੇਖਦੇ ਹੋਏ
ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਦਿਸ਼ਾ 'ਚ ਕਦਮ ਵਧਾਏ। ਜਾਖੜ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ 'ਤੇ ਕਿੰਤੂ-ਪਰੰਤੂ ਕਰਨ ਦਾ ਸਖਤ ਇਤਰਾਜ਼ ਕਰਦੇ ਹੋਏ ਕਿਹਾ ਕਿ ਕੇਂਦਰ 'ਚ ਆਪਣੀ ਸਹਿਯੋਗੀ ਪਾਰਟੀ ਭਾਜਪਾ 'ਤੇ ਤਾਂ ਅਕਾਲੀ ਦਲ ਦਬਾਅ ਪਾ ਨਹੀਂ ਸਕਿਆ ਹੈ ਪਰ ਪੰਜਾਬ 'ਚ ਕਿਸਾਨਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਮੁਹਿੰਮ ਤਾਂ ਚਲ ਰਹੀ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜਿਵੇਂ ਹੀ ਸੂਬੇ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ, ਉਂਝ ਹੀ ਹੋਰ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ ਕਰਨ ਵਲ ਵੀ ਸਰਕਾਰ ਧਿਆਨ ਦੇਵੇਗੀ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ 2-2 ਲੱਖ ਦਾ ਕਰਜ਼ਾ ਮੁਆਫ ਕਰਨ ਲਈ ਧੰਨਵਾਦ ਕੀਤਾ ਹੈ ਪਰ ਅਕਾਲੀ ਦਲ ਨੂੰ ਅਮਰਿੰਦਰ ਸਰਕਾਰ ਦੇ ਚੰਗੇ ਕੰਮ ਦਿਖਾਈ ਨਹੀਂ ਦਿੰਦੇ।
ਉਨ੍ਹਾਂ ਕਿਹਾ ਕਿ ਤੇਲਗੂ ਦੇਸ਼ਮ ਪਾਰਟੀ ਤਾਂ ਕੇਂਦਰ ਦੀ ਰਾਜਗ ਸਰਕਾਰ ਤੋਂ ਉਸ ਦੀ ਕਿਸਾਨ ਅਤੇ ਵਪਾਰ ਵਿਰੋਧੀ ਨੀਤੀਆਂ ਨੂੰ ਦੇਖਦੇ ਹੋਏ ਬਾਹਰ ਆ ਗਈ ਹੈ ਪਰ ਅਕਾਲੀ ਦਲ 'ਚ ਇੰਨਾ ਸਾਹਸ ਨਹੀਂ ਹੈ ਕਿ ਉਹ ਇਸ ਸੰਬੰਧ 'ਚ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਆ ਸਕੇ। ਉਨ੍ਹਾਂ ਕਿਹਾ ਕਿ ਹੁਣ ਜਿਵੇਂ-ਜਿਵੇਂ ਲੋਕ ਸਭਾ ਦੀਆਂ ਆਮ ਚੋਣਾਂ ਆਉਂਦੀਆਂ ਜਾਣਗੀਆਂ ਉਵੇਂ-ਉਵੇਂ ਭਾਜਪਾ ਨਾਲ ਜੁੜੀਆਂ ਹੋਰ ਪਾਰਟੀਆਂ ਵੀ ਉਸ ਦਾ ਸਾਥ ਛੱਡਦੀਆਂ ਜਾਣਗੀਆਂ। ਜਾਖੜ ਨੇ ਕਿਹਾ ਕਿ ਸਿਰਫ ਇਕ ਮੰਤਰੀ ਅਹੁਦੇ ਲਈ ਅਕਾਲੀ ਦਲ ਨੇ ਆਪਣੇ ਮੂੰਹ 'ਤੇ ਤਾਲੇ ਲਾਏ ਹੋਏ ਹਨ।
ਪੁਲਸ ਕਮਿਸ਼ਨਰ ਲੁਧਿਆਣਾ ਨੇ ਇੰਸਪੈਕਟਰ ਜਰਨੈਲ ਸਿੰਘ ਨੂੰ ਕੀਤਾ ਡਿਸਮਿਸ
NEXT STORY