ਰੂਪਨਗਰ, (ਸੱਜਣ ਸੈਣੀ)- ਭਾਵੇਂ ਕਿ ਸਰਕਾਰ ਵੱਲੋਂ ਹਰ ਕੰਮ ਦੇ ਲਈ ਕਾਨੂੰਨ ਅਤੇ ਨਿਯਮ ਬਣਾਏ ਹੋਏ ਹਨ। ਪਰ ਇਸਦੇ ਬਾਵਜੂਦ ਗ਼ੈਰਕਾਨੂੰਨੀ ਧੰਦੇ ਕਰਨ ਵਾਲੇ ਗ਼ਲਤ ਕੰਮ ਕਰ ਸਰਕਾਰ ਨੂੰ ਠੇਂਗਾ ਦਿਖਾ ਰਹੇ ਹਨ। ਤਾਜ਼ਾ ਮਾਮਲਾ ਰੂਪਨਗਰ ਨਗਰ ਕੌਂਸਲ ਦੇ ਵਾਰਡ ਨੰਬਰ 03 ਅਧੀਨ ਪੈਂਦੇ ਸ਼ਾਸਤਰੀ ਨਗਰ ਦਾ ਹੈ ਜਿੱਥੇ ਪਹਿਲਾਂ ਭੂ-ਮਾਫੀਆ ਵੱਲੋਂ ਗ਼ੈਰਕਾਨੂੰਨੀ ਕਾਲੋਨੀ ਕੱਟੀ ਗਈ, ਜਦੋਂ ਸ਼ਿਕਾਇਤ ਦੇ ਬਾਅਦ ਵੀ ਨਗਰ ਕੌਂਸਲ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਬਾਅਦ ਭੂ-ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਇਸ ਗ਼ੈਰਕਾਨੂੰਨੀ ਕੱਟੀ ਕਾਲੋਨੀ ਦਾ ਸੀਵਰੇਜ ਅਤੇ ਪਾਣੀ ਦਾ ਕੁਨੈਕਸ਼ਨ ਗ਼ੈਰਕਾਨੂੰਨੀ ਢੰਗ ਨਾਲ ਨਗਰ ਕੌਂਸਲ ਦੇ ਸਰਕਾਰੀ ਸੀਵਰੇਜ ਅਤੇ ਪਾਣੀ ਨਾਲ ਜੋੜ ਦਿੱਤਾ ਗਿਆ।
ਇਸ ਮਾਮਲੇ ਵਿਚ ਆਮ ਜਨਤਾ ਵੱਲੋਂ ਨਗਰ ਕੌਂਸਲ ਅਤੇ ਭੂ-ਮਾਫੀਆ ਦੇ ਵਿੱਚ ਮਿਲੀਭੁਗਤ ਦੇ ਦੋਸ਼ ਲਗਾਏ ਜਾ ਰਹੇ ਹਨ। ਮੌਕੇ 'ਤੇ ਮੌਜੂਦ ਰਣਜੀਤ ਸਿੰਘ, ਗੁਰਦੇਵ ਸਿੰਘ ਬਾਗੀ, ਕਾਲਾ ਆਦਿ ਨੇ ਦੱਸਿਆ ਕਿ ਇਹ ਕਲੋਨੀ ਨਵੰਬਰ 2020 ਵਿਚ ਕੱਟੀ ਗਈ ਸੀ। ਉਸ ਸਮੇਂ ਸਥਾਨਕ ਲੋਕਾਂ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਰੂਪਨਗਰ ਨੂੰ ਕੀਤੀ ਸੀ । ਉੱਚ ਅਧਿਕਾਰੀਆਂ ਵੱਲੋਂ ਮਾਮਲੇ ਵਿਚ ਕਾਰਵਾਈ ਦੇ ਲਈ ਨਗਰ ਕੌਂਸਲ ਰੂਪਨਗਰ ਦੀ ਡਿਊਟੀ ਲਗਾਈ ਗਈ। ਪਰ ਨਗਰ ਕੌਂਸਲ ਦੇ ਸਬੰਧਤ ਅਧਿਕਾਰੀਆਂ ਵੱਲੋਂ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਾ ਕਰਨ ਤੋਂ ਬਾਅਦ ਭੂ-ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਖੇਤੀਬਾੜੀ ਜ਼ਮੀਨ ਉੱਤੇ ਬਿਨਾਂ ਸੀ.ਐੱਲ.ਯੂ. ਲਏ ਕੱਟ ਦਿੱਤੀ ਗਈ। ਗ਼ੈਰਕਾਨੂੰਨੀ ਕਾਲੋਨੀ ਦਾ ਕੰਮ ਬੰਦ ਕਰਨ ਦੀ ਬਜਾਏ ਇੱਥੇ ਸੀਵਰੇਜ ਸੜਕਾਂ ਅਤੇ ਪਾਣੀ ਦੀਆਂ ਪਾਈਪਾਂ ਤਕ ਪਾ ਦਿੱਤੀਆਂ ਗਈਆਂ ਅਤੇ ਇਸ ਗ਼ੈਰਕਾਨੂੰਨੀ ਕਲੋਨੀ ਦੇ ਵਿਚ ਕਈ ਪਲਾਟ ਤਕ ਵੇਚ ਦਿੱਤੇ ਗਏ । ਇੱਥੇ ਹੀ ਬੱਸ ਨਹੀਂ ਕਰੀਬ ਹਫ਼ਤਾ ਪਹਿਲਾਂ ਭੂ-ਮਾਫੀਆ ਵੱਲੋਂ ਇਸ ਗ਼ੈਰਕਾਨੂੰਨੀ ਕਲੋਨੀ ਵਿੱਚ ਪਾਏ ਸੀਵਰੇਜ ਅਤੇ ਪਾਣੀ ਦੀ ਸਪਲਾਈ ਨੂੰ ਗੈਰਕਾਨੂੰਨੀ ਢੰਗ ਨਾਲ ਨਗਰ ਕੌਂਸਲ ਦੀ ਸੀਵਰੇਜ ਅਤੇ ਪਾਣੀ ਦੀ ਸਪਲਾਈ ਲੈਣ ਨਾਲ ਜੋੜ ਦਿੱਤਾ ਗਿਆ । ਸਥਾਨਕ ਲੋਕਾਂ ਨੇ ਦੋਸ਼ ਲਗਾਏ ਕਿ ਇਹ ਸਾਰਾ ਗੋਰਖ ਧੰਦਾ ਨਗਰ ਕੌਂਸਲ ਅਤੇ ਭੂ-ਮਾਫੀਆ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ।
ਦੱਸ ਦੇਈਏ ਕਿ ਹਰ ਵਾਰ ਦੀ ਤਰ੍ਹਾਂ ਗ਼ੈਰਕਾਨੂੰਨੀ ਕਾਲੋਨੀ ਕੱਟਣ ਵਾਲਿਆਂ ਦੇ ਉੱਤੇ ਕਾਰਵਾਈ ਕਰਨ ਲਈ ਕਾਰਜ ਸਾਧਕ ਅਫਸਰ ਵੱਲੋਂ ਦਾਅਵਾ ਤਾਂ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿੰਨੀ ਕੁ ਜਲਦੀ ਆਪਣੇ ਕੀਤੇ ਦਾਅਵੇ ਨੂੰ ਅਮਲੀ ਜਾਮਾ ਪਹਿਨਾ ਕੇ ਜਨਾਬ ਗ਼ੈਰਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨਗੇ ।
ਸ੍ਰੀ ਮੁਕਤਸਰ ਸਾਹਿਬ ’ਚ ਫਿਰ ਸੈਂਕੜੇ ਤੋਂ ਪਾਰ ਆਏ ਕੋਰੋਨਾ ਪਾਜ਼ੇਟਿਵ ਮਾਮਲੇ
NEXT STORY