ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਵਲੋਂ ਸਾਂਝੇ ਅਧਿਆਪਕ ਮੋਰਚੇ ਦੇ 5 ਆਗੂਆਂ ਨੂੰ ਮੁਅੱਤਲ ਕਰਨ ਦਾ ਮਾਮਲਾ ਅੱਗ ਵਾਂਗ ਪੰਜਾਬ ਦੇ ਭਰ ਵਿਚ ਫੈਲ ਗਿਆ ਹੈ। ਅੱਜ ਸੈਂਕਡ਼ੇ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਦਫਤਰ ਵਿਖੇ ਇਕੱਠੇ ਹੋ ਕੇ ਜਿਥੇ ਮੁਅੱਤਲੀ ਦਾ ਜ਼ਿੰਮੇਵਾਰ ਸਿੱਧੇ ਤੌਰ ’ਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੂੰ ਠਹਿਰਾਇਆ ਉਥੇ ਹੀ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਚਹਿਰੀ ਚੌਕ ’ਚ ਚੱਕਾ ਜਾਮ ਕੀਤਾ। ਅਧਿਆਪਕਾਂ ਨੇ ਐਲਾਨ ਕੀਤਾ ਕਿ 5 ਅਗਸਤ ਨੂੰ ਮੁੱਖ ਮੰਤਰੀ ਦੇ ਜ਼ਿਲੇ ਪਟਿਆਲਾ ਵਿਚ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ।
ਵਿਭਾਗ ਵਲੋਂ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਅਮਨ ਸ਼ਰਮਾ, ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਮੰਗਲ ਸਿੰਘ ਟਾਂਡਾ ਅਤੇ ਊਧਮ ਸਿੰਘ ਮਨਾਵਾਂ ਨੂੰ ਮੁਅੱਤਲ ਕਰਨ ਦਾ ਪੱਤਰ ਸੋਸ਼ਲ ਮੀਡੀਆ ’ਤੇ ਜਦੋਂ ਵਾਇਰਲ ਹੋਇਆ ਤਾਂ ਅਧਿਆਪਕਾਂ ਨੇ ਵਿਭਾਗ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਸੈਂਕਡ਼ੇ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਡੀ.ਈ.ਓ. ਦਫਤਰ ’ਚ ਇਕੱਠੇ ਹੋ ਕੇ ਅਧਿਕਾਰੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਅਧਿਆਪਕ ਆਗੂ ਬਲਬੀਰ ਸਿੰਘ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ ਬਾਜਵਾ, ਲਖਵਿੰਦਰ ਸਿੰਘ ਗਿੱਲ, ਸੰਜੀਤ ਕਾਲੀਆ, ਸੰਤ ਸੇਵਕ ਕਾਲੀਆ, ਨਰਿੰਦਰ ਪ੍ਰਧਾਨ, ਪ੍ਰਭਜਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਸਬੰਧੀ ਸਕੂਲ ਛੁੱਟੀ ਤੋਂ ਬਾਅਦ ਆਵਾਜ਼ ਬੁਲੰਦ ਕਰਨਾ ਸਾਰਿਆਂ ਦਾ ਸੰਵਿਧਾਨਿਕ ਹੱਕ ਹੈ। ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਅਧਿਆਪਕ ਵੀ ਬੀਤੇ ਦਿਨੀਂ ਰੋਸ ਮੁਜ਼ਾਹਰਾ ਕਰ ਰਹੇ ਸਨ।
ਰੋਸ ਮੁਜ਼ਾਹਰੇ ਦੇ ਅਗਲੇ ਦਿਨ ਹੀ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਵਿਸ਼ੇਸ਼ ਟਾਰਗੈੱਟ ਕਰਦਿਆਂ ਉਕਤ ਅਧਿਆਪਕ ਆਗੂਆਂ ਦੇ ਸਕੂਲਾਂ ਵਿਚ ਚੈਕਿੰਗ ਕੀਤੀ ਅਤੇ ਬਿਨਾਂ ਕੋਈ ਗਲਤੀ ਇਨ੍ਹਾਂ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਅੱਤਲੀ ਪਿੱਛੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦਾ ਸਿੱਧੇ ਤੌਰ ’ਤੇ ਹੱਥ ਹੈ ਜਿਸਨੇ ਮੰਤਰੀ ਨੂੰ ਗੁੰਮਰਾਹਕੁੰਨ ਬਿਆਨ ਦਿੰਦਿਆਂ ਗਲਤ ਸਥਿਤੀ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਮੰਤਰੀ ਨੇ ਇਹ ਹੁਕਮ ਜ਼ਬਰਦਸਤੀ ਜਾਰੀ ਕਰਵਾਏ ਹਨ। ਸਿੱਖਿਆ ਵਿਭਾਗ ਵਿਚ ਤਾਇਨਾਤ ਲੈਕਚਰਾਰ ਦੀ ਮੁਅੱਤਲੀ ਦੀ ਸ਼ਕਤੀ ਸਿਰਫ ਸਿੱਖਿਆ ਸਕੱਤਰ ਕੋਲ ਹੁੰਦੀ ਹੈ ਪਰ ਮੰਤਰੀ ਵਲੋਂ ਵਿਭਾਗ ਦੇ ਡਾਇਰੈਕਟਰ ਕੋਲੋਂ ਇਹ ਮੁਅੱਤਲੀ ਕਰਵਾ ਕੇ ਸਾਬਿਤ ਕਰ ਦਿੱਤਾ ਹੈ ਕਿ ਵਿਭਾਗ ’ਚ ਕੋਈ ਕਾਨੂੰਨ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਮੰਤਰੀ ਵਲੋਂ ਕੀਤੀ ਗਈ ਮੁਅੱਤਲੀ ਦੇ ਖਿਲਾਫ 5 ਅਗਸਤ ਨੂੰ ਪਟਿਆਲਾ ਵਿਚ ਝੰਡਾ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੈਂਕਡ਼ੇ ਦੀ ਗਿਣਤੀ ਵਿਚ ਅਧਿਆਪਕ ਮੌਜੂਦ ਸਨ।
ਦੁਚਿੱਤੀ 'ਚ 'ਆਪ' ਵਾਲੰਟੀਅਰ, ਪੁੱਛ ਰਹੇ ਝਾੜੂ ਤੀਲਾ-ਤੀਲਾ ਹੋ ਗਿਆ, ਹੁਣ ਕੀ ਕਰੀਏ-ਕੀ ਕਰੀਏ
NEXT STORY