ਚੰਡੀਗੜ੍ਹ(ਸ਼ਰਮਾ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਹੁਦੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਹਟਾਏ ਜਾਣ ਅਤੇ ਉਨ੍ਹਾਂ ਦੀ ਥਾਂ ਪਾਰਟੀ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਦੇ ਫੈਸਲੇ ਤੋਂ ਪਾਰਟੀ ਦੀ ਪੰਜਾਬ ਇਕਾਈ ਦੋ ਧੜਿਆਂ 'ਚ ਵੰਡੀ ਗਈ ਹੈ। ਪਾਰਟੀ ਦੇ 20 ਵਿਧਾਇਕਾਂ 'ਚੋਂ ਜਿੱਥੇ 10 ਪਾਰਟੀ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਇੰਨੇ ਹੀ ਵਿਧਾਇਕ ਪਾਰਟੀ ਦੇ ਫੈਸਲੇ ਨਾਲ ਖੜ੍ਹੇ ਹਨ। ਨਤੀਜਾ ਰਾਜ 'ਚ ਨਿਰਾਸ਼ ਹੋਏ ਪਾਰਟੀ ਵਾਲੰਟੀਅਰ ਦੁਚਿੱਤੀ 'ਚ ਹਨ। ਉਹ ਸਸ਼ੋਪੰਜ 'ਚ ਹਨ ਹੈ ਕਿ ਕਿਸ ਗੁੱਟ ਦੇ ਨਾਲ ਚੱਲੀਏ। ਹੁਣ ਇਹ ਵਾਲੰਟੀਅਰ ਇਕ ਦੂਜੇ ਤੋਂ ਪੁੱਛ ਰਹੇ ਹਨ ਕਿ ਭਰਾਵਾ 'ਝਾੜੂ' ਤੀਲਾ-ਤੀਲਾ ਹੋ ਗਿਆ, ਹੁਣ ਕੀ ਕਰੀਏ-ਕੀ ਕਰੀਏ। ਪਿਛਲੇ ਦਿਨੀਂ ਜਿੱਥੇ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ 'ਚ ਹੋਈ ਪਾਰਟੀ ਵਿਧਾਇਕਾਂ ਦੀ ਬੈਠਕ 'ਚ ਹਾਈਕਮਾਨ ਨੇ ਆਪਣਾ ਫੈਸਲਾ ਨਾ ਬਦਲਣ ਦਾ ਫੈਸਲਾ ਸੁਣਾਇਆ, ਉਥੇ ਹੀ ਖਹਿਰਾ ਦੀ ਅਗਵਾਈ 'ਚ ਬਾਗੀ ਵਿਧਾਇਕਾਂ ਨੇ 2 ਅਗਸਤ ਨੂੰ ਬਠਿੰਡਾ 'ਚ ਪਾਰਟੀ ਵਾਲੰਟੀਅਰਾਂ ਦਾ ਸੰਮੇਲਨ ਆਯੋਜਿਤ ਕਰਨ ਅਤੇ ਇਸ 'ਚ ਭਵਿੱਖ ਦੀ ਰਣਨੀਤੀ ਤਿਆਰ ਕਰਨ ਦੀ ਗੱਲ ਦਹੁਰਾਈ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਪਾਰਟੀ 'ਚ ਇਹ ਸੰਕਟ ਹੋਰ ਡੂੰਘਾ ਹੋਵੇਗਾ। ਗਾਂਧੀ-ਖਾਲਸਾ ਤੋਂ ਬਾਅਦ ਹੁਣ ਖਹਿਰਾ-ਸੰਧੂ : ਪਾਰਟੀ ਨਾਲ ਜੁੜੇ ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਹਾਈਕਮਾਨ ਦੀ ਖਹਿਰਾ ਦੇ ਨਾਲ-ਨਾਲ ਖਰੜ ਤੋਂ ਪਾਰਟੀ ਵਿਧਾਇਕ ਅਤੇ ਵਿਧਾਇਕ ਦਲ ਦੇ ਸਾਬਕਾ ਬੁਲਾਰੇ ਕੰਵਰ ਸੰਧੂ ਦੀਆਂ ਗਤੀਵਿਧੀਆਂ 'ਤੇ ਵੀ ਤਿੱਖੀ ਨਜ਼ਰ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ 'ਚ ਪਾਰਟੀ ਬਾਗੀ ਧੜਿਆਂ ਦੇ ਕੁਝ ਵਿਧਾਇਕਾਂ ਨੂੰ ਮਨਾਉਣ 'ਚ ਸਫਲ ਨਹੀਂ ਹੁੰਦੀ ਹੈ ਤਾਂ ਫਿਰ 2 ਅਗਸਤ ਨੂੰ ਬਠਿੰਡਾ 'ਚ ਪ੍ਰਸਤਾਵਿਤ ਸੰਮੇਲਨ ਤੋਂ ਬਾਅਦ ਪਾਰਟੀ ਹਾਈਕਮਾਨ ਖਹਿਰਾ ਅਤੇ ਸੰਧੂ ਖਿਲਾਫ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵਿਰੁੱਧ ਕੀਤੀ ਗਈ ਕਾਰਵਾਈ ਦੀ ਤਰਜ਼ 'ਤੇ ਕਾਰਵਾਈ ਕਰ ਸਕਦੀ ਹੈ। ਇਸ ਨਾਲ ਬਾਗੀ ਧੜਿਆਂ ਦੇ ਹੋਰ ਵਿਧਾਇਕਾਂ 'ਤੇ ਜਿੱਥੇ ਹਾਈਕਮਾਨ ਦੇ ਫੈਸਲੇ ਦਾ ਸਮਰਥਨ ਕਰਨ ਲਈ ਦਬਾਅ ਬਣੇਗਾ, ਉਥੇ ਹੀ ਖਹਿਰਾ ਅਤੇ ਸੰਧੂ ਨੂੰ ਵੀ ਪਾਰਟੀ ਦੀਆਂ ਸਰਗਰਮ ਗਤੀਵਿਧੀਆਂ ਤੋਂ ਦੂਰ ਰੱਖਿਆ ਜਾ ਸਕੇਗਾ। ਮਾਨ ਦਾ ਅਸਤੀਫਾ ਹੋਵੇਗਾ ਨਾਮਨਜ਼ੂਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਦੇ ਮੁਕੱਦਮੇ 'ਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦੇ ਵਿਰੋਧ 'ਚ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੰਸਦ ਮੈਂਬਰ ਭਗਵੰੰਤ ਮਾਨ ਨੇ ਹਾਲੇ ਤੱਕ ਪਾਰਟੀ ਦੇ ਮੌਜੂਦਾ ਘਟਨਾਕ੍ਰਮ 'ਤੇ ਚੁੱਪੀ ਧਾਰੀ ਹੋਈ ਹੈ ਪਰ ਸੰਸਦ ਦਾ ਮੌਜੂਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਮਾਨ ਫਿਰ ਤੋਂ ਰਾਜ ਦੇ ਪਾਰਟੀ ਮਾਮਲਿਆਂ 'ਚ ਸਰਗਰਮ ਹੋ ਜਾਣਗੇ। ਪਾਰਟੀ ਨਾਲ ਜੁੜੇ ਉਚ ਪੱਧਰੀ ਸੂਤਰਾਂ ਅਨੁਸਾਰ ਪਾਰਟੀ ਜਲਦੀ ਹੀ ਉਨ੍ਹਾਂ ਦੇ ਅਤੇ ਪਾਰਟੀ ਦੇ ਸਹਿ ਪ੍ਰਧਾਨ ਰਹੇ ਅਮਨ ਅਰੋੜਾ, ਜਿਨ੍ਹਾਂ ਨੇ ਵੀ ਮਾਨ ਨਾਲ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਦੇ ਅਸਤੀਫੇ ਨਾ ਮਨਜ਼ੂਰ ਕਰਨ ਜਾ ਰਹੀ ਹੈ। ਉਸ ਤੋਂ ਬਾਅਦ ਮਾਨ ਫਿਰ ਤੋਂ ਰਾਜ 'ਚ ਪਾਰਟੀ ਦੀਆਂ ਗਤੀਵਿਧੀਆਂ 'ਚ ਸਰਗਰਮ ਹੋ ਜਾਣਗੇ।
ਮੁੱਖ ਮੰਤਰੀ ਵਲੋਂ ਪੰਜਾਬ ਯੂਨੀਵਰਸਿਟੀ ਦੇ ਰੁਤਬੇ 'ਚ ਤਬਦੀਲੀ ਤੋਂ ਇਨਕਾਰ
NEXT STORY