ਮਾਲੇਰਕੋਟਲਾ (ਯਾਸੀਨ) : ਇਕ ਵਿਆਹੁਤਾ ਨੂੰ ਸਹੁਰਾ ਪਰਿਵਾਰ ਵੱਲੋਂ ਰੱਸੀਆਂ ਨਾਲ ਬੰਨ੍ਹ ਕੇ ਪੂਰੀ ਰਾਤ ਬਾਥਰੂਮ 'ਚ ਬੰਦ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪੀੜਤ ਮੂਬੀਨ (32) ਵਾਸੀ ਮੁਹੱਲਾ ਮਿਰਚੀਆਂ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 9 ਸਾਲ ਪਹਿਲਾਂ ਰਾਹੁਲ ਖਾਂ ਪੁੱਤਰ ਅਬਦੁਲ ਹਫੀਜ਼ ਵਾਸੀ ਨੂਰ ਪੁਰਾ, ਸ਼ੇਖਾਂ ਨਾਲ ਹੋਇਆ ਸੀ। ਪੀੜਤ ਅਨੁਸਾਰ ਉਸ ਦਾ ਪਤੀ ਪਹਿਲੇ ਦਿਨ ਤੋਂ ਹੀ ਉਸ ਦੀ ਕੁੱਟਮਾਰ ਕਰਦਾ ਆ ਰਿਹਾ ਹੈ। ਉਹ ਕੋਈ ਕੰਮ-ਧੰਦਾ ਨਹੀਂ ਕਰਦਾ ਜਿਸ ਦੇ ਚੱਲਦਿਆਂ ਉਸ ਦੇ ਮਾਪਿਆਂ ਵੱਲੋਂ ਉਸ ਨੂੰ ਬੇਦਖਲ ਵੀ ਕਰ ਦਿੱਤਾ ਗਿਆ ਹੈ। ਪੀੜਤ ਅਨੁਸਾਰ ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਉਹ ਪੈਸੇ ਨਾ ਹੋਣ ਕਾਰਨ ਸਕੂਲ 'ਚ ਦਾਖਲਾ ਤੱਕ ਨਹੀਂ ਕਰਵਾ ਸਕੀ ਅਤੇ ਜੇਕਰ ਉਹ ਆਪਣੇ ਪਤੀ ਨੂੰ ਖਰਚਿਆਂ ਲਈ ਕਹਿੰਦੀ ਹੈ ਜਾਂ ਕੰਮ ਕਰਨ ਨੂੰ ਕਹਿੰਦੀ ਹੈ ਤਾਂ ਉਹ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਪੀੜਤਾ ਨੇ ਕਿਹਾ ਕਿ ਇਸ ਵਾਰ ਕੁੱਟਮਾਰ ਉਪਰੰਤ ਜਦੋਂ ਉਹ ਆਪਣੇ ਪੇਕੇ ਘਰ ਜਾਣ ਲੱਗੀ ਤਾਂ ਪਤੀ ਨੇ ਉਸ ਦੀਆਂ ਦੋਵੇਂ ਬਾਹਾਂ ਰੱਸੀਆਂ ਨਾਲ ਬੰਨ੍ਹ ਕੇ ਉਸ ਨੂੰ ਪੂਰੀ ਰਾਤ ਬਾਥਰੂਮ 'ਚ ਬੰਦ ਕਰ ਦਿੱਤਾ।
ਪੀੜਤ ਦੇ ਭਰਾ ਇਮਰਾਨ ਅਨੁਸਾਰ ਉਸ ਦੀਆਂ ਸੱਤ ਭੈਣਾਂ ਹਨ ਅਤੇ ਉਨ੍ਹਾਂ ਦਾ ਬਾਪ ਮਰ ਚੁੱਕਾ ਹੈ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਇਸੇ ਕਾਰਨ ਉਹ ਮੂਬੀਨ ਦੇ ਸਹੁਰਾ ਪਰਿਵਾਰ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਇਮਰਾਨ ਅਨੁਸਾਰ ਉਹ ਪਹਿਲਾਂ ਵੀ ਕਈ ਵਾਰ ਪਤਵੰਤਿਆਂ ਰਾਹੀਂ ਭੈਣ ਦਾ ਸਹੁਰਾ ਪਰਿਵਾਰ ਨਾਲ ਰਾਜ਼ੀਨਾਮਾ ਕਰਵਾ ਚੁੱਕਾ ਹੈ। ਪੀੜਤਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
'ਆਪ' ਦੇ ਵਿਧਾਇਕ ਬੋਲੇ, ਹੱਕਾਂ ਲਈ ਲੜਨ ਵਾਲਿਆਂ ਦੇ ਨਾਲ ਡੱਟ ਕੇ ਖੜ੍ਹੇ ਹੋਣਗੇ
NEXT STORY